ਸਮੱਗਰੀ 'ਤੇ ਜਾਓ

ਪੰਨਾ:ਮੈਂ ਨਾਸਤਿਕ ਕਿਉਂ ਹਾਂ? – ਭਗਤ ਸਿੰਘ.pdf/8

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਹਿਣਾ ਪਵੇਗਾ “ਹਾਂ ਇਹ ਗੱਲ ਠੀਕ ਹੈ।" ਇਹ ਮਾਨਸਿਕਤਾ ਸਾਨੂੰ ਪ੍ਰਗਤੀ ਵੱਲ ਨਹੀਂ ਲਿਜਾਂਦੀ ਸਗੋਂ ਇਹ ਸਪੱਸ਼ਟ ਤੌਰ 'ਤੇ ਪ੍ਰਤੀਗਾਮੀ (ਮਾਨਸਿਕਤਾ) ਹੈ। ਜਿੱਥੋਂ ਤੱਕ ਪਹਿਲੇ ਸਵਾਲ ਦਾ ਸਬੰਧ ਹੈ, ਮੇਰਾ ਵਿਚਾਰ ਹੈ ਕਿ ਮੈਂ ਸਪੱਸ਼ਟ ਕਰ ਦਿੱਤਾ ਹੈ ਕਿ ਮੈਂ ਅਹੰਕਾਰ ਕਾਰਨ ਨਾਸਤਿਕ ਨਹੀਂ ਬਣਿਆ। ਇਹ ਫ਼ੈਸਲਾ ਮੈਂ ਨਹੀਂ ਸਗੋਂ ਮੇਰੇ ਪਾਠਕਾਂ ਨੇ ਕਰਨਾ ਹੈ ਕਿ ਮੇਰੀਆਂ ਦਲੀਲਾਂ ਖੁੱਭਵੀਆਂ ਸਾਬਤ ਹੋਈਆਂ ਹਨ ਜਾਂ ਨਹੀਂ। ਮੈਨੂੰ ਪਤਾ ਹੈ ਕਿ ਹੁਣ ਦੀਆਂ ਹਾਲਤਾਂ ਵਿੱਚ ਜੇ ਮੈਂ ਆਸਤਿਕ ਹੁੰਦਾ ਤਾਂ ਮੇਰੀ ਜ਼ਿੰਦਗੀ ਹੁਣ ਨਾਲੋਂ ਆਸਾਨ ਹੋਣੀ ਸੀ ਅਤੇ ਮੇਰਾ ਬੋਝ ਹੁਣ ਨਾਲ਼ੋਂ ਘੱਟ ਹੋਣਾ ਸੀ ਅਤੇ ਮੇਰੇ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਕਰਕੇ ਹਾਲਾਤ ਬਹੁਤ ਹੀ ਅਣਸੁਖਾਵੇਂ ਹੋ ਗਏ ਹਨ ਤੇ ਹਾਲਤ ਇਸ ਤੋਂ ਵੀ ਭੈੜੀ ਹੋ ਸਕਦੀ ਹੈ। ਥੋੜ੍ਹਾ ਜਿੰਨਾ ਰਹੱਸਵਾਦ ਇਸ ਹਾਲਤ ਨੂੰ ਸ਼ਾਇਰਾਨਾ ਬਣਾ ਸਕਦਾ ਹੈ। ਪਰ ਮੈਨੂੰ ਆਪਣੇ ਅੰਤ ਵਾਸਤੇ ਕਿਸੇ ਨਸ਼ੇ ਦੀ ਮਦਦ ਦੀ ਲੋੜ ਨਹੀਂ ਹੈ। ਮੈਂ ਯਥਾਰਥਵਾਦੀ ਹਾਂ। ਮੈਂ ਤਰਕ ਦੀ ਮੱਦਦ ਨਾਲ ਇਸ ਰੁਝਾਨ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਮੈਂ ਇਸ ਕੋਸ਼ਿਸ਼ ਵਿੱਚ ਹਮੇਸ਼ਾਂ ਹੀ ਸਫ਼ਲ ਨਹੀਂ ਹੁੰਦਾ। ਪਰ ਬੰਦੇ ਦਾ ਫ਼ਰਜ਼ ਤਾਂ ਕੋਸ਼ਿਸ਼ ਕਰੀ ਜਾਣਾ ਹੁੰਦਾ ਹੈ। ਕਾਮਯਾਬੀ ਮੌਕੇ ’ਤੇ ਹਾਲਾਤ ਉੱਤੇ ਨਿਰਭਰ ਹੁੰਦੀ ਹੈ।

ਦੂਜਾ ਸਵਾਲ ਇਹ ਹੈ ਕਿ ਜੇ ਅਹੰਕਾਰ ਨਹੀਂ ਤਾਂ ਰੱਬ ਦੀ ਹੋਂਦ ਦੀ ਪੁਰਾਣੀ ਤੇ ਪ੍ਰਚੱਲਤ ਧਾਰਨਾ ਨੂੰ ਨਾ ਮੰਨਣ ਦਾ ਕੋਈ ਕਾਰਨ ਹੋਵੇਗਾ। ਹਾਂ, ਮੈਂ ਇਸ ਸਵਾਲ ਵੱਲ ਆਉਂਦਾ ਹਾਂ। ਇਹਦਾ ਕਾਰਨ ਹੈ। ਮੇਰੇ ਵਿਚਾਰ ਅਨੁਸਾਰ ਜਿਸ ਵਿਅਕਤੀ ਕੋਲ ਥੋੜ੍ਹੀ-ਬਹੁਤ ਸ਼ਕਤੀ ਹੈ, ਉਹ ਹਮੇਸ਼ਾਂ ਆਪਣੇ ਆਲ਼ੇ-ਦੁਆਲ਼ੇ ਨੂੰ ਤਰਕ ਦੀ ਕਸਵੱਟੀ ਉੱਤੇ ਪਰਖਦਾ ਹੈ। ਜਿੱਥੇ ਸਿੱਧੇ ਸਬੂਤ ਨਹੀਂ ਮਿਲਦੇ, ਉੱਥੇ ਫ਼ਲਸਫ਼ੇ ਦਾ ਅਹਿਮ ਥਾਂ ਹੁੰਦਾ ਹੈ। ਜਿਵੇਂ ਮੈਂ ਪਹਿਲਾਂ ਹੀ ਆਖ ਚੁੱਕਾ ਹਾਂ, ਮੇਰਾ ਕੋਈ ਇਨਕਲਾਬੀ ਦੋਸਤ ਕਿਹਾ ਕਰਦਾ ਸੀ ਕਿ ‘ਫ਼ਲਸਫ਼ਾ ਮਨੁੱਖੀ ਕਮਜ਼ੋਰੀ ਦੀ ਪੈਦਾਵਾਰ ਹੈ।’ ਜਦ ਸਾਡੇ ਵੱਡੇ-ਵਡੇਰਿਆਂ ਕੋਲ ਇਸ ਜਗਤ-ਤਮਾਸ਼ੇ ਨੂੰ ਜਾਨਣ ਦੀ ਕਾਫ਼ੀ ਫ਼ੁਰਸਤ ਮਿਲੀ ਤੇ ਜਦ ਉਹਨਾਂ ਨੂੰ ਜਗਤ ਦੇ ਅਤੀਤ ਵਰਤਮਾਨ ਤੇ ਭਵਿੱਖ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਸਿੱਧੇ ਸਬੂਤ ਨਾ ਮਿਲੇ ਤਾਂ ਹਰ ਕਿਸੇ ਨੇ ਇਸ ਸਮੱਸਿਆ ਨੂੰ ਆਪਣੇ ਤਰੀਕੇ ਨਾਲ਼ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਵੱਖ-ਵੱਖ ਧਰਮਾਂ ਦੇ ਬੁਨਿਆਦੀ ਸਿਧਾਂਤਾਂ ਵਿੱਚ ਵੱਡੇ- ਵੱਡੇ ਮੱਤਭੇਦ ਮਿਲਦੇ ਹਨ, ਜਿਹੜੇ ਕਦੇ-ਕਦੇ ਬਹੁਤ ਵਿਰੋਧੀ ਰੂਪ ਅਖ਼ਤਿਆਰ ਕਰ ਜਾਂਦੇ ਹਨ। ਜਿੱਥੇ ਏਸ਼ੀਆਈ ਅਤੇ ਯੂਰਪੀ ਫ਼ਿਲਾਸਫ਼ੀਆਂ ਵਿੱਚ ਵਖਰੇਵਾਂ ਹੈ, ਇੱਥੋਂ ਤੱਕ ਕਿ ਹਰ ਮਹਾਂ ਖੇਤਰ ਦੀਆਂ ਵੱਖ-ਵੱਖ ਵਿਚਾਰ-ਪ੍ਰਣਾਲੀਆਂ ਵਿੱਚ ਮਤਭੇਦ ਮਿਲਦਾ ਹੈ। ਏਸ਼ੀਆਈ ਧਰਮਾਂ ਵਿੱਚ ਮੁਸਲਮ ਧਰਮ ਦੀ ਹਿੰਦੂ ਧਰਮ ਨਾਲ ਕੋਈ ਸਾਂਝ ਨਹੀਂ। ਸਿਰਫ਼ ਹਿੰਦੋਸਤਾਨ ਵਿੱਚ ਹੀ ਬੁੱਧ ਧਰਮ ਅਤੇ ਜੈਨ ਧਰਮ ਬ੍ਰਾਹਮਣਵਾਦ ਤੋਂ ਕਾਫ਼ੀ ਵੱਖਰੇ ਹਨ ਤੇ ਬ੍ਰਾਹਮਣਵਾਦ ਵਿੱਚ ਵੀ ਅਗਾਂਹ ਆਰੀਆ ਸਮਾਜ ਤੇ ਸਨਾਤਨ ਧਰਮ ਵਰਗੇ ਵਿਰੋਧੀ ਮੱਤ ਹਨ ਚਾਰਵਾਕ ਪੁਰਤਾਨ ਕਾਲ ਦਾ ਸੁਤੰਤਰ ਚਿੰਤਕ ਸੀ। ਇਹਨੇ