ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦ੍ਰਿਸ਼ ਦੂਜਾ

(ਪਿੱਛੋਂ ਨਰਾੜੇ ਦੀਆਂ ਆਵਾਜ਼ਾਂ ਨੇੜੇ ਆਉਂਦੀਆਂ ਹਨ। ਡੰਕਨ ਤੇ ਉਸਦਾ ਸ਼ਹਿਜ਼ਾਦਾ ਮੈਲਕਮ ਮੰਚ 'ਤੇ ਆਉਂਦੇ ਹਨ। ਡੰਕਨ ਪਰੇਸ਼ਾਨੀ 'ਚ ਘੁੰਮਦਾ ਹੈ।)

ਡੰਕਨ  : ਯੁਵਰਾਜ ਮੈਲਕਮ।
ਮੈਲਕਮ  : ਜੀ ਮਹਾਰਾਜ।
ਡੰਕਨ  : ਜੰਗ ਦੇ ਮੁਹਾਜ਼ ਤੋਂ ਕੋਈ ਨਵੀਂ ਖਬਰ....
ਮੈਲਕਮ  : ਬਸ ਆਉਂਦੀ ਹੀ ਹੋਵੇਗੀ ਮਹਾਰਾਜ।
 (ਤਿੰਨੇ ਚੁੜੇਲਾਂ ਪਿੱਛੋਂ ਲੰਘਦੀਆਂ ਹਨ। ਬਾਕੀ ਸਭ ਇਸਤੋਂ ਬੇਖਬਰ ਹਨ।)
ਡੰਕਨ  : ਮੈਥੋਂ ਹੁਣ ਹੋਰ ਇੰਤਜ਼ਾਰ ਨਹੀਂ ਹੁੰਦਾ। (ਸਾਰਜੈਂਟ ਪ੍ਰਵੇਸ਼ ਕਰਦਾ ਹੈ।)
ਇਹ ਜ਼ਖ਼ਮੀ ਸਿਪਾਹੀ ਕੌਣ ਏ। ਲੱਗਦੈ, ਇਸਨੂੰ ਜਰੂਰ ਪਤਾ ਹੋਵੇਗਾ, ਜੋ ਵੀ ਚੱਲ ਰਿਹਾ ਉੱਥੇ।
(ਮੈਲਕਮ ਵੰਡ ਕੇ ਸਿਪਾਹੀ ਕੋਲ ਜਾਂਦਾ ਹੈ।)
ਮੈਲਕਮ  : ਸਾਰਜੈਂਟ ਤੂੰ...! ਮਹਾਰਾਜ ਇਹ ਉਹੀ ਜਾਂਬਾਜ਼ ਸਿਪਾਹੀ ਏ... ਜਿਸਨੇ ਮੇਰੀ ਜਾਨ ਬਚਾਈ, ਮੈਨੂੰ ਦੁਸ਼ਮਣਾ ਦੇ ਹੱਥ ਪੈਣੋਂ ਬਚਾਇਆ! ਮੇਰੇ ਦੋਸਤ ਮਹਾਰਾਜ ਨੂੰ ਦੱਸ ਜੰਗ ਬਾਰੇ। ਜੰਗ, ਜਿਸਨੂੰ ਤੂੰ ਪਿੰਡੇ 'ਤੇ ਹੰਢਾਇਆ।
ਸਾਰਜੈਂਟ  : ਬੇੜੀ ਵਿੱਚ ਮੰਝਧਾਰ ਦੇ ਡੋਲਦੀ, ਨਾ ਦਿਸੇ ਕਿਨਾਰਾ....
ਕੋਰਸ  : ਹੰਭੇ ਹਾਰੇ ਜੂਝਦੇ ਨਾ ਭੱਜਣ ਦਿੰਦੇ,
ਸਬਰ ਨਾ ਹਾਰਣ ਸੂਰਮੇ ਲੱਖ ਆਹੂ ਲਹਿੰਦੇ,
ਰਣ-ਮਤਵਾਰੇ ਝੂਰਦੇ ਨਾ ਚੱਲਦਾ ਚਾਰਾ,
ਜਿੰਦ ਵਿੱਚ ਆਧਾਰ ਦੇ ਡੋਲਦੀ.....
ਨਾ ਦਿਸੇ ਕਿਨਾਰਾ........!
ਤਰਸ ਵਿਹੂਣੇ ਧਾੜਵੀ ਫਿਰਦੇ ਹਸਿਆਰੇ,
ਟਿੱਡੀਦਲ ਜਿਉਂ ਡੋਲਦੇ ਬਣ ਬੱਦਲ ਵਾਲੇ।
(ਨਗਾੜੇ ਦੀ ਚੋਟ 'ਤੇ ਕੋਰਸ ਚੁੱਪ ਹੋ ਜਾਂਦਾ ਹੈ। ਸੰਨਾਟਾ!)

11/ਮੈਕਬਥ