ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਡੰਕਨ  : ਫੇਰ ਕੀ ਹੋਇਆ, ਸਿਪਾਹੀ ਮੈਨੂੰ ਦੱਸ, ਮੇਰੇ ਸਬਰ ਦਾ ਇਮਤਿਹਾਨ ਨਾ ਲੈ।
ਸਾਰਜੈਂਟ  : ਉਸ ਧਰੋਹੀ ਮੈਕਡੋਨਵਾਲਡ ’ਤੇ ਸ਼ੈਤਾਨ ਦੀ ਮਾਰ ਮਹਾਰਾਜ.. ਐਣ ਉਸੇ ਵੇਲੇ ਪੱਛਮੀ ਟਾਪੂਆਂ ਤੋਂ ਆਈਆਂ ਹਥਿਆਰਬੰਦ ਟੁਕੜੀਆਂ ਵੀ ਉਸ ਨਾਲ ਆ ਰਲੀਆਂ।
(ਡੰਕਾ ਵੱਜਦਾ ਹੈ ਤੇ ਸਭ ਦੀਆਂ ਆਹਾਂ ਨਿਕਲ ਜਾਂਦੀਆਂ।)
 
ਮੈਲਕਮ  : ਚੁੱਪ ਕਿਓਂ ਹੋ ਗਿਆਂ, ਅੱਗੇ ਦੱਸ

ਸਾਰਜੈਂਟ  : ਛਿਨਾਲ਼ ਕਿਸਮਤ ਵੀ ਉਸਦੇ ਨਾਲ ਰਲੀ ਜਾਪਦੀ, ਲਗਦਾ ਸੀ ਕਿ ਬਸ,ਉਸ ਬਾਜ਼ੀ ਮਾਰੀ ਕਿ ਮਾਰੀ।
ਕੋਰਸ  : ਬੁੱਝੇ ਕੌਣ ਕਲੋਲ ਨੂੰ ਇਹ ਮਾੜੀਆਂ ਨਾਰਾਂ,
       ਨੇੜੇ ਚੁਕ-ਚੁਕ ਬਹਿੰਦੀਆਂ ਮੁੱਚ ਲਾਉਂਦੀਆਂ ਆਰਾਂ,
       ਗੰਢ ਨਾ ਪੀਢੀ ਖੁੱਲ੍ਹਦੀ ਖਪ ਖੁਰੇ ਹਜ਼ਾਰਾਂ,
       ਜਿੰਦ ਨਿਮਾਣੀ ਡੋਲਦੀ ਨਾ ਦਿਸੇ ਕਿਨਾਰਾ।
ਸਾਰਜੈਂਟ  : ਪਰ ਮੈਕਬਥ ਤਾਂ ਇਉਂ ਸੀ ਜਿਵੇਂ ਸੁਰਬੀਰਤਾ ਨੇ ਸਰੀਰ ਧਾਰ ਲਿਆ ਹੋਵੇ। ਭਾਵਾਂ ਛੱਡਦੀ ਲਹੂ ਦੀ ਤਿਹਾਈ ਉਸਦੀ ਤਲਵਾਰ ਸੱਪਣੀ ਵਾਂਗ ਜੀਭਾਂ ਕੱਢਦੀ ਦੁਸ਼ਮਣ ਨੂੰ ਚੱਟ ਕਰਦੀ ਜਾਂਦੀ। ਉਸ ਲਈ ਤੇ ਕਿਸੇ ਹੋਵੇ ਦਾ ਕੋਈ ਅਰਥ ਈ ਨਹੀਂ ਸੀ।
ਡੰਕਨ  : ਮੈਕਬਥ!

ਮੈਲਕਮ : ਮੈਕਬਥ!
       (ਖ਼ੁਸ਼ੀ ਨਾਲ ਇੱਕ ਦੂਜੇ ਵੱਲ ਦੇਖਦੇ ਹਨ।)
       ਕੜ ਫੁੱਟੇ ਅਸਮਾਨ ਦੇ ਰੱਤ ਭਰ-ਭਰ ਵੱਗੇ,
       ਅੱਗ ਦੀਆਂ ਕਰਦੇ ਚੂਲੀਆਂ ਹੜ੍ਹੇ ਪਰਬਤ ਬੱਗੇ,
       ਅੰਬਰ ਦਮਕੇ ਦਾਮਨੀ ਚਮਕਣ ਸ਼ਮਸ਼ੀਰਾਂ,
       ਲੋਥਾਂ ਝੜਣ ਚੁਫੇਰਿਓਂ ਕੰਬਣ ਤਕਦੀਰਾਂ!
       ਕਰੇ ਮਖੌਲਾਂ ਮੌਤ ਨੂੰ ਤਰਦਾ ਭਵ ਖਾਰਾ,
       ਆਖਰ ਆਣ ਕੇ ਸੂਰਮੇ ਮੱਲ ਲਿਆ ਕਿਨਾਰਾ।

ਸਾਰਜੈਂਟ  : ਦੁਸ਼ਮਣ ਦੇ ਸਾਹਮਣੇ ਆਉਂਦਿਆਂ ਹੀ ਮੈਕਬਥ ਨੇ ਉਸਨੂੰ ਅੱਖ ਦੇ ਫੌਰ ਜਿੰਨਾਂ ਵੀ ਸਮਾਂ ਨਾ ਦਿੱਤਾ। ਇੱਕੋ ਹੀ ਵਾਰ ਨਾਲ ਧੁੰਨੀਓਂ ਲੈ ਕੇ ਜਬਾੜੇ ਤੱਕ ਚੀਰ ਦੁਫਾੜ ਕੀਤਾ ਤੇ ਉਸਦੇ ਸਿਰ ਨੂੰ ਕਿਲ੍ਹੇ ਦੇ ਸਭ ਤੋਂ ਉੱਚੇ ਬੁਰਜ਼ ’ਤੇ ਟੰਗ ਦਿੱਤਾ।

12/ਮੈਕਬਥ