ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੰਡਨ : (ਖ਼ੁਸ਼ੀ 'ਚ ਉੱਛਲਦਾ ਹੈ) ਸ਼ਾਬਾਸ਼ ਸੂਰਮਿਆ! ਅਸ਼ਕੇ!
ਮੈਲਕਮ : ਅਸ਼ਕੇ ਮੇਰੇ ਵੀਰ, ਸੱਚਮੁੱਚ ਬਹਾਦਰ ਏਂ ਤੂੰ। ਕੋਈ ਸਾਨੀ ਨਹੀਂ ਤੇਰਾ। ਮਹਾਰਾਜ ਫ਼ਤਿਹ ਮੁਬਾਰਕ ਹੋਵੇ।
ਸਾਰਜੈਂਟ : ਖਿਮਾਂ ਚਾਹੁੰਦਾਂ ਮਹਾਰਾਜ। ਇਹ ਜ਼ਿੰਦਗੀ ਬਹੁਤ ਵੱਡਾ ਛਲਾਵਾ ਹੈ....
ਡੰਕਨ : ਕੀ ਕਹਿਣਾ ਚਾਹੁੰਦਾਂ ਤੂੰ?
ਮੈਲਕਮ : ਬੁਝਾਰਤਾਂ ਨਾ ਬੁਝਾ; ਸਾਫ਼-ਸਾਫ਼ ਗੱਲ ਦੱਸ।
ਸਾਰਜੈਂਟ : ਫ਼ਤਿਹ ਦੀ ਜੈ-ਜੈ ਕਾਰ ਹਾਲੇ ਗਲ਼ੇਓਂ ਥੱਲੇ ਵੀ ਨਹੀਂ ਸੀ ਉਤਰੀ ਕਿ ਦੁਸ਼ਮਣ ਦੀਆਂ ਤਾਜ਼ਾ ਦਮ ਫ਼ੌਜਾਂ ਬਘਿਆੜਾਂ ਵਾਂਗ ਸਾਡੇ 'ਤੇ ਟੁੱਟ ਪਈਆਂ। ਇਨਸਾਫ ਤੇ ਬਹਾਦਰੀ ਦੇ ਪੈਰ ਉੱਪੜ ਗਏ। ਸਾਡੇ ਖੇਮੇ'ਚ
ਭਗਦੜ ਮੱਚ ਗਈ, ਹਰ ਕੋਈ ਆਪਣੀ ਜਾਨ ਬਚਾਉਂਦਾ ਭੱਜ ਤੁਰਿਆ,
ਕਿਸੇ ਨੂੰ ਕਿਸੇ ਦੀ ਸੁਧ ਨਹੀਂ, ਜਾਪਿਆ ਜਿੱਤੀ ਬਾਜ਼ੀ ਮੁੜ ਖੁੱਸ ਚੱਲੀ!
ਡੰਕਨ : ਮੈਕਬਥ ਤੇ ਬੈਂਕੋ ਕੀ ਕਰ ਰਹੇ ਸਨ?
ਕੋਰਸ : ਹੋਏ ਦੂਣ ਸਵਾਏ ਤੱਕ ਕੇ ਦੁਸ਼ਮਣ ਦੇ ਹੱਲੇ,
ਝੁੰਡਾਂ ਦੇ ਝੁੰਡ ਚਿੜੀਆਂ ਸਨ ਬਾਜ਼ ਇਕੱਲੇ,
ਸਹਿਆਂ ਸਾਹਵੇਂ ਸਿੰਘ ਜੀ ਜਾਵਣ ਨਾ ਠੱਲ੍ਹੇ,
ਉਇ ਲਟ-ਲਟ ਲਾਂਬੂ ਉਗਲਦੇ ਜਿਉਂ ਨ੍ਹੇਰੀ ਝੁੱਲੇ,
ਹਾਂ ਸੂਲੀ ਆਪੋ-ਆਪਣੀ ਲੈ ਆਪੇ ਚੱਲੇ।
(ਚੜੇਲਾਂ ਫੇਰੀ ਪਾਉਂਦੀਆਂ ਹਨ।)
ਸਾਰਜੈਂਟ : (ਕਰਾਹੁੰਦਾ ਹੋਇਆ) ਮਹਾਰਾਜ ਮੇਰੇ ਲਫ਼ਜ਼ ਮਜਬੂਰ ਨੇ... ਮੈਂ ਬਿਆਨ ਨਹੀਂ ਕਰ ਸਕਦਾ। (ਸਾਹ ਤੇਜ਼ ਹੁੰਦਾ ਹੈ) ਕਿਹੜੀ ਲੋਚਾ ਉਨ੍ਹਾਂ ਨੂੰ ਵਹਾਈ ਲਈ ਜਾਂਦੀ, ਉਂਬਲ-ਉਬਲ ਪੈਂਦੀ, ਦੁਸ਼ਮਣ ਦੇ ਲਹੂ 'ਚ ਨਹਾਉਣ ਦੀ ਆਦਮ-ਖਾਣੀ ਖਾਹਿਸ਼ ਜਾਂ ਈਸਾ ਦੀ ਮਹਾਨ ਸ਼ਹਾਦਤ ਨੂੰ ਮੁੜ ਸੁਰਜੀਤ ਕਰਨ ਦਾ ਸੂਰਬੀਰਾਂ ਵਾਲਾ ਅਕੀਦਾ...! (ਤੜਫ਼ਦਾ) ਕੁਝ ਕਹਿ ਨਹੀਂ ਸਕਦਾ... ਬੋਲਿਆ ਵੀ ਨਹੀਂ ਜਾਂਦਾ ਹੁਣ ਤੇ... ਜ਼ਖਮਾਂ ਦੀ ਟੀਸ, ਮੇਰੀ ਜ਼ਬਾਨ ...ਹੋਰ ਇਜਾਜ਼ਤ ਨਹੀਂ ਦਿੰਦੀ, (ਬੇਹੋਸ਼ੀ)
ਡੰਕਨ : ਤੈਨੂੰ ਕੁਝ ਕਹਿਣ ਦੀ ਲੋੜ ਨਹੀਂ, ਤੇਰੇ ਪਿੰਡੇ ਦਾ ਇੱਕ-ਇੱਕ ਜ਼ਖਮ ਬੋਲ ਰਿਹਾ। ਤੇਰੇ ਇਹ ਬੋਲ ਤੇ ਇਹ ਫੱਟ ਸਾਡੇ ਸਨਮਾਨ ਦੇ ਹੱਕਦਾਰ ਨੇ। ਇਸਦੀ ਮਰ੍ਹਮ-ਪੱਟੀ ਦਾ ਪ੍ਰਬੰਧ ਕਰੋ।
(ਦੋ ਜਾਣੇ ਸਾਹਜੇਂਟ ਨੇ ਲੈ ਕੇ ਜਾਂਦੇ ਹਨ। ਡੰਕਨ ਬੇਚੈਨ ਕੰਮ ਰਿਹਾ ਹੈ। ਪਿੱਛੋਂ ਨਗਾੜਾ ਮੁੜ ਵੱਜਦਾ ਹੈ।)

13/ਮੈਕਬਥ