ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੋਰ ਬਰਦਾਸ਼ਤ ਨਹੀਂ ਹੁੰਦਾ। (ਆਪਣੇ ਜਿਸਮ ਨੂੰ ਨੋਚਦੀ ਹੈ।) ਚੁੜੇਲਾਂ
ਉਸਦੇ ਨੇੜੇ ਝੁਰਮਟ ਪਾ ਲੈਂਦੀਆਂ ਹਨ।) ਆਹ, ਤੁਹਾਡੀ ਇਹ ਬੋਲੀ
ਕਿੰਨੀ ਮਿੱਠੀ ਲਗਦੀ ਏ। ਆਓ ਤੇ ਸਿਰ ਤੋਂ ਪੈਰਾਂ ਤੀਕ ਮੈਨੂੰ ਨਫ਼ਰਤ
ਦੀ ਅੱਗ ਨਾਲ਼ ਭਰ ਦਿਓ! ਰਾੜ੍ਹ ਸੁੱਟੋ ਮੇਰਾ ਪੋਟਾ-ਪੋਟਾ ਤਾਂ ਜੋ ਮੈਂ ਆਪਣੇ
ਅੰਦਰਲੀ ਏਸ ਕੋਮਲ ਜਿਹੀ ਕਮਜ਼ੋਰੀ ਨੂੰ ਸਾੜ ਕੇ ਸੁਆਹ ਕਰ ਸਕਾਂ।
ਖ਼ਾਲਸ ਦਰਿੰਦਗੀ ਨਾਲ਼ ਮੇਰੇ ਖੂਨ ਨੂੰ ਸੰਘਣਾ ਕਰ ਦਿਓ, ਦਲਦਲ
ਵਿੱਚਲੀ ਚਿੱਕੜ ਵਰਗਾ ਸੰਘਣਾ। ਤੇ ਮੈਂ ਦੇਖਾਂਗੀ ਕਿ ਕਿਵੇਂ ਮੇਰੀ ਏਸ
ਜ਼ਮੀਰ ਦੇ ਪੈਰ ਇਸ ਚਿੱਕੜ ’ਚ ਖੁੱਭਦੇ ਨੇ। (ਹੱਸਦੀ ਹੈ) ਮੈਂ ਇਸਨੂੰ
ਮਰਦਿਆਂ ਦੇਖਾਂਗੀ। ਕੋਈ ਮੈਨੂੰ ਮੇਰੇ ਇਰਾਦਿਆਂ ਤੋਂ ਹਿਲਾ ਨਹੀਂ
ਸਕਦਾ, ਕੋਈ ਵੀ ਮੈਨੂੰ ਮੇਰੀ ਮੰਜ਼ਿਲ ਤੋਂ ਅੱਡ ਨਹੀਂ ਕਰ ਸਕਦਾ।
ਆਓ ਹੇ ਕਾਲੀਓ ਸ਼ਕਤੀਓ,.... ਆਓ ਆਪਣੇ ਅਦ੍ਰਿਸ਼ ਲੋਕ ਤੋਂ ਆਓ
ਤੇ ਮੇਰੀਆਂ ਛਾਤੀਆਂ ਦੇ ਦੁੱਧ ਅੰਦਰ ਉਤਰ ਜਾਓ, ਮੈਨੂੰ ਜ਼ਹਿਰ ਦੀ ਦਾਤ
ਬਖ਼ਸ਼ੋ, ਇਹ ਹੁਣ ਦੁੱਧ ਦਾ ਭਾਰ ਨਹੀਂ ਸਹਾਰ ਸਕਦੀਆਂ! ਆਓ! ਆਓ
ਹੇ ਨਾਰਕੀ ਹਨ੍ਹੇਰਿਓ ਆਓ, ਆਪਣੇ ਸਾਰੇ ਧੂੰਏਂ ਲੈ ਕੇ ਆਓ...ਏਸ
ਕਾਲੀ ਬੋਲ਼ੀ ਰਾਤ ਨੂੰ ਆਪਣੀ ਬੁੱਕਲ ’ਚ ਲਪੇਟਣ ਲਈ ਆਓ ਤਾਂ ਜੋ
ਆਸਮਾਨ ਵੀ ਇਸ ਅੰਦਰੋਂ ਝਾਤੀ ਮਾਰ ਕੇ ਮੈਨੂੰ ਵਰਜ ਨਾ ਸਕੇ।
ਆਓ..! ਤੇ ਉਹ ਸਾਰੇ ਮਘੋਰੇ ਬੰਦ ਕਰ ਦਿਓ, ਜਿੱਥੋਂ ਇਹ ਆਵਾਜ਼ਾਂ
ਆ-ਆ ਕੇ ਮੈਨੂੰ ਰੋਕ ਰਹੀਆਂ ਨੇ। ਆਓ ਤੇ ਮੇਰੀਆਂ ਅੱਖਾਂ ’ਚ ਸੱਤਾਂ
ਆਸਮਾਨਾਂ ਦੀ ਕਾਲਖ ਬਣ ਉੱਤਰ ਜਾਓ, ਤਾਂ ਜੋ ਮੇਰੇ ਹੱਥਾਂ ’ਚ
ਫੜਕਦਾ ਇਹ ਛੁਰਾ ਵੀ ਉਨ੍ਹਾਂ ਜ਼ਖਮਾਂ ਨੂੰ ਦੇਖ ਨਾ ਸਕੇ, ਜਿੰਨ੍ਹਾਂ ਲਈ
ਇਹ ਹੱਥ ਕਾਹਲੇ ਪੈ ਰਹੇ ਨੇ। ਆਓ, ਹੇ ਕੁਫਰ ਦੀਓ ਵੀਓ ਆਓ....!
(ਮੰਚ ਵਿੱਚਾਲੇ ਬਾਹਾਂ ਖਿਲਾਰ ਕੇ ਬੈਠਦੀ ਹੈ ਤੇ ਚੁੜੇਲਾਂ ਉਸ ਦੁਆਲ਼ੇ
ਘੁੰਮਦੀਆਂ ਹਨ। ਉਸਦਾ ਸ਼ਿੰਗਾਰ ਕਰਦੀਆਂ ਹਨ ਤੇ ਕਾਲੇ ਦੁਪੱਟੇ ਲਾਹ
ਕੇ ਉਸ ’ਤੇ ਸੁੱਟਦੀਆਂ ਹਨ। ਉਹ ਕੱਪੜਿਆਂ ਨਾਲ਼ ਖੇਡਦੀ ਹੈ, ਚੁੜੇਲਾਂ
ਨਾਲ਼ ਕਿਕਲੀ ਪਾਉਂਦੀ ਹੈ ਤੇ ਹੱਸਦੀ-ਹੱਸਦੀ ਪਾਗ਼ਲ ਜਿਹੀ ਹੋ ਜਾਂਦੀ
ਹੈ। ਚੁੜੇਲਾਂ ਖੋਪੜੀ ਨਾਲ਼ ਖੇਡਦੀਆਂ ਬਾਹਰ ਜਾਂਦੀਆਂ ਹਨ।)
(ਮੈਕਬਥ ਆਂਦਾ ਹੈ ਤੇ ਰੁੱਕ ਕੇ ਕੁਝ ਪਲ ਦੇਖਦਾ ਹੈ।
ਮੈਕਬਥ  : ਇਹ ਸਭ ਕੀ ਹੋ ਰਿਹੈ!
ਲੇਡੀ ਮੈਕਬਥ  : (ਖੁਸ਼ੀ ’ਚ) ਓ ਮੇਰੇ ਸਰਤਾਜ, ਮੇਰੇ ਸਰਦਾਰ ਮੇਰੇ ਸੁਲਤਾ..(ਰੁਕ ਜਾਂਦੀ
ਹੈ।) ਨਹੀਂ ਹਾਲੇ ਨਹੀਂ, ਇਸਨੂੰ ਮੈਂ ਹਾਲੇ ਆਪਣੇ ਦਿਲ ’ਚ ਹੀ ਰੱਖਾਂਰੀ।

28/ ਮੈਕਬਥ