ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤੁਹਾਡੀ ਚਿੱਠੀ ਨੇ ਤਾਂ ਮੈਨੂੰ ਕਿਤੇ ਹੋਰ ਵੀ ਪਹੁੰਚਾ ਦਿੱਤਾ..... ਜ਼ਮੀਨ ’ਤੇ
ਤਾਂ ਮੇਰੇ ਪੱਬ ਈ ਨੀ ਲੱਗਦੇ। (ਗੰਭੀਰ) ਇਹ ਵਰਤਮਾਨ ਵੀ ਤਾਂ ਕਿੰਨਾ
ਅਣਜਾਨ ਹੈ, ਇਸਨੂੰ ਪਤਾ ਈ ਨਹੀਂ ਕਿ ਭਵਿੱਖ ਤਾਂ ਆ ਵੀ ਚੁੱਕੈ।
ਨਹੀਂ ਨਹੀਂ ਇਸਨੂੰ ਤਾਂ ਮੈਂ ਹਾਲੇ ਦਿਲ ’ਚ ਹੀ ਰੱਖਾਂਗੀ।
ਮੈਕਬਥ  : ਓ ਮੇਰੀ ਬੇਗ਼ਮ! (ਦੋਹੇਂ ਹੱਸਦੇ ਹਨ), ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ
ਕਿ ਮਹਾਰਾਜ ਆ ਰਹੇ ਨੇ ਤੇ ਉਹ ਵੀ ਅੱਜ ਰਾਤ ਈ!
ਲੇਡੀ ਮੈਕਬਥ  : ਤੇ ਵਾਪਸੀ ਬਾਰੇ.....ਕੀ ਖ਼ਿਆਲ ਹੈ!
ਮੈਕਬਥ  : ਸ਼ਾਇਦ ਕੱਲ੍ਹ ਸਵੇਰੇ ਈ!
ਲੇਡੀ ਮੈਕਬਥ  : ਨਹੀਂ, ਹੁਣ ਉਹ ਸਵੇਰ ਕਦੇ ਨਹੀਂ ਆਵੇਗੀ। (ਉਸਦਾ ਚੇਹਰਾ ਤੱਕ ਕੇ)
ਤੁਹਾਡਾ ਚੇਹਰਾ ਤਾਂ ਖੁੱਲ੍ਹੀ ਕਿਤਾਬ ਵਰਗਾ, ਜਿਸਨੂੰ ਕੋਈ ਵੀ ਜਣਾ-ਖਣਾ
ਪੜ੍ਹ ਸਕਦਾ। ਜੇ ਦੁਨੀਆ ’ਤੇ ਹਕੂਮਤ ਕਰਨੀ ਏ ਤਾਂ ਖੁਦ ਨੂੰ ਧੋਖਾ ਦੇਣਾ
ਸਿੱਖੋ ਮੇਰੇ ਸਰਤਾਜ। ਤੁਹਾਡੀ ਜ਼ੁਬਾਨ ’ਚੋਂ ਤਾਂ ਚੋਵੇ ਸ਼ਹਿਦ ਤੇ ਰੋਮ-ਰੋਮ
ਚੋਂ ਝਲਕੇ ਸਵਾਗਤ ਦਾ ਜੋਸ਼ ਤੇ ਹੋਵੋ ਤੁਸੀਂ ਜਿਵੇਂ ਸੱਜਰੇ ਗੁਲਾਬ ਪਿੱਛੇ
ਫ਼ਨੀਅਰ ਬੈਠਾ ਹੁੰਦਾ..ਸ਼ੈਅ ਲਾ ਕੇ। ਲੁਕਾ ਲਓ ਖੁਦ ਨੂੰ, ਇਹ ਸਰਾਪੇ
ਹੋਏ ਡਰ ਨਜ਼ਰ ਨਹੀਂ ਆਉਣੇ ਚਾਹੀਦੇ, ਅੱਖਾਂ ’ਚ ਤੇ ਬਸ ਮੁਸਕਾਨ,
ਸਿਰਫ਼ ਮੁਸਕਾਨ, ਜ਼ਹਿਰ ਦੀ ਗੁਥਲੀ ਨਹੀਂ।
ਮੈਕਬਥ  : ਪਰ ਸ਼ਾਇਦ ਤੂੰ...
ਲੇਡੀ ਮੈਕਬਥ  : ਆਉਣ ਵਾਲੇ ਦੀ ਹੋਣੀ ਤਾਂ ਤੈਹ ਹੀ ਏ। ਇਹ ਸਭ ਤੁਸੀਂ ਮੇਰੇ 'ਤੇ
ਛੱਡ ਦਿਓ। ਸਭ ਰਾਤ ਦੀ ਹਨ੍ਹੇਰੀ ਬੁੱਕਲ ’ਚ ਹੋਏਗਾ! (ਗੁਆਚੀ ਹੋਈ) ਅੱਜ
ਦੀ ਰਾਤ... ਤੇ ਫੇਰ...ਰਾਜਸੱਤਾ ਦਾ ਅਸੀਮ ਸੁੱਖ...ਹਮੇਸ਼ਾਂ ਲਈ! ਬਸ
ਇੱਕ ਰਾਤ ਦਾ ਪਾੜਾ! ਸਭ ਕੁਝ ਇਸੇ ’ਤੇ ਟਿਕਿਆ।
ਮੈਕਬਥ  : (ਟਾਲਦੇ ਹੋਏ) ਏਸ ਬਾਰੇ ਆਪਾਂ ਫੇਰ ਕਦੇ ਗੱਲ ਕਰਾਂਗੇ।
ਲੇਡੀ ਮੈਕਬਥ  : ਤੁਹਾਡੇ ਮੂੰਹ ’ਤੇ ਤਾਂ ਹਵਾਈਆਂ ਉੱਡ ਰਹੀਆਂ। ਤੁਸੀਂ ਡਰਰਹੇ ਓ
(ਖਿਝ ਕੇ) ਘੱਟੋ-ਘੱਟ ਦਿਖੋ ਤਾਂ ਨਾ। ਬਾਕੀ ਮੈਂ ਆਪੇ ਸਾਂਭ ਲਾਂਗੀ।
(ਕਰਾਹੁੰਦੀ ਹੈ ਜਿਵੇਂ ਪੇਟ ਚੋਂ ਦਰਦ ਉੱਠੀ ਹੋਵੇ...ਪੇਟ ਨੂੰ ਸਹਿਲਾਉਂਦੀ
ਹੈ)
ਮੈਕਬਥ  : ਕੀ ਹੋਇਆ?
ਲੇਡੀ ਮੈਕਬਥ  : ਕੁਝ ਨਹੀਂ! ਛੇਤੀ ਕਰੋ ਤੁਸੀਂ..., ਬਹੁਤ ਕੰਮ ਨੇ।
( ਕਾਹਲੀ ਨਾਲ ਉਸਨੂੰ ਧੂਹ ਕੇ ਲਿਜਾਂਦੀ ਹੈ। ਚੁੜੇਲਾਂ ਇੱਕ ਗੁੱਛੇ ਦੇ ਨਾਲ਼ ਖੇਡਦੀਆਂ ਹੋਈਆਂ ਲੰਘਦੀਆਂ ਹਨ।)

29/ਮੈਕਬਥ