ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦ੍ਰਿਸ਼ ਛੇਵਾਂ
(ਡੰਕਨ ਤੇ ਉਸਦੇ ਸਾਥੀ ਮੈਕਬਬ ਦੇ ਮਹੱਲ ’ਚ ਪ੍ਰਵੇਸ਼ ਕਰਦੇ ਹਨ।)
ਗੀਤ  : ਪੰਚਮ ਸੁਰ ਵਿੱਚ ਗਾਉਂਦੀਆਂ, ਬਿਰਖਾਂ ਦੀਆਂ ਡਾਲਾਂ
ਹਾਂ.......ਪੈਰਾਂ ਹੇਠੋਂ ਧਰਤ ਵੀ ਫਿਰ ਦਏ ਧਮਾਲਾਂ!
ਬਟਨਾ ਮਲ਼-ਮਲ਼ ਨ੍ਹਾਂਵਦੇ ਰੂਹਾਂ ਦੇ ਹਾਣੀ,
ਕਾਗੋਂ ਹੰਸ ਬਣਾਵਦੇ ਸਰਵਰ ਦੇ ਪਾਣੀ!
ਧੁੱਪਾਂ ਖਿੜ-ਖਿੜ ਹੱਸਦੀਆਂ ਰਾਂਝਣ ਦੇ ਬੇਲੇ
ਕਿਰਨਾਂ ਪੈਰੀਂ ਝਾਂਬਰਾਂ ਬੰਨ੍ਹੀਆਂ ਅਲਬੇਲੇ!
ਸਰਘੀ ਵੇਲ਼ੇ ਸੱਜਰੀ ਨਿੱਤ ਵੰਝਲੀ ਬੋਲੇ,
ਗੰਢਾਂ ਮਨ ਦੀਆਂ ਪੀਡੀਆਂ ਪਲਕਾਂ ਨਾਲ਼ ਖੋਲ੍ਹੇ!
ਪੌਣਾਂ ਗਾਉਂਣ ਸੁਆਣੀਆਂ ਅਰਸ਼ਾਂ ਦੇ ਵਿਹੜੇ,
ਹਾਏ ਫੁੱਲ-ਫੁੱਲ ਪੈਣ ਜਵਾਨੀਆਂ ਨੈਣਾਂ ਦੇ ਗੇੜੇ!
ਡੰਕਨ  : (ਉਤਸਾਹ ’ਚ। ਇਹ ਥਾਂ ਤਾਂ ਰਜ਼ਬ ਦੀ ਹੈ, ਸੁਹੱਪਣ ਦਾ ਸੋਮਾ, ਇੰਨੀ
ਤਾਜ਼ੀ ਹਵਾ... (ਲੰਬਾ ਸਾਹ ਭਰਦਾ ਹੈ) ਮੇਰਾ ਤਾਂ ਰੋਮ-ਰੋਮ ਖਿੜ ਗਿਆ!
ਬੈਂਕੋ  : ਅਬਾਬੀਲ ਵਰਗੇ ਪਵਿੱਤਰ ਪੰਛੀ ਜਿਹੜੇ ਹਮੇਸ਼ਾਂ ਪਾਵਨ ਥਾਵਾਂ ’ਤੇ ਹੀ
ਆਲ੍ਹਣੇ ਪਾਉਂਦੇ... ਉਹ ਵੀ ਏਥੇ ਡੇਰੇ ਲਾਈ ਬੈਠੇ! ਵੇਖੋ..., ਰੋਸ਼ਨਦਾਨਾਂ
ਤੇ ਝਰੋਖਿਆਂ ’ਚੋਂ ਉਨ੍ਹਾਂ ਦੇ ਆਲਣੇ ਪੰਘੂੜਿਆਂ ਵਾਂਗ ਝੂਲ ਰਹੇ ਨੇ!.. ਹਵਾ
’ਚ ਕੁਝ ਹੈ... ਮਨ ਨੂੰ ਨਸ਼ਿਆ ਦੇਣ ਵਾਲਾ, ਹਰ ਖੂੰਜੇ ਸੁਰਗ ਵਰਗੀ
ਖਿੱਚ!
(ਲੇਡੀ ਮੈਕਬਥ ਆਉਂਦੀ ਹੈ।)
ਡੰਕਨ  : ਓ ਵੇਖੋ ਸਾਡੀ ਮੇਜ਼ਬਾਨ ਕਿਵੇਂ ਭੱਜੀ ਆ ਰਹੀ ਏ!
ਲੇਡੀ ਮੈਕਬਥ  : ਮਹਾਰਾਜ ਦਾ ਸਵਾਗਤ ਹੈ, ਉਮੀਦ ਏ ਕਿ ਏਥੇ ਤੁਹਾਨੂੰ ਕੋਈ ਤਕਲੀਫ਼
ਨਹੀਂ ਹੋਵੇਗੀ।
ਡੰਕਨ  : ਸਾਨੂੰ ਤਾਂ ਬਸ ਤੁਹਾਡਾ ਪਿਆਰ ਖਿੱਚ ਲਿਆਇਆ। ਪਰ ਮੈਂ ਦੇਖਦਾਂ
ਕਿ ਤੁਹਾਨੂੰ ਖੇਚਲ ਬਹੁਤ ਕਰਨੀ ਪੈ ਰਹੀ ਏ। (ਬੈਂਕੋ ਨੂੰ।) ਪਰ ਹੈ ਤਾਂ ਇਹ
ਵੀ ਪਿਆਰ ਹੀ। ਰੱਬ ਦਾ ਲੱਖ-ਲੱਖ ਸ਼ੁਕਰ ਹੈ ਜਿਸਨੇ ਪਿਆਰ ਵਰਗਾ
ਜਜ਼ਬਾ ਬਣਾਇਆ, ਜਿਸ ਵਿੱਚ ਖੇਚਲ ਵੀ ਖੇਚਲ ਨਹੀਂ ਲਗਦੀ।

30/ਮੈਕਬਥ