ਇਹ ਸਫ਼ਾ ਪ੍ਰਮਾਣਿਤ ਹੈ
ਮੁਖ ਬੰਦ
ਜਦ ਬੋਧੀ ਵਿਸ਼੍ਵਵਿਦਯਾਲਯ ਤੋਂ ਵਖਯਾਨ ਦੇ ਕੇ ਸਵਾਮੀ ਰਾਮ ਤੀਰਥ ਅਤੇ ਪੂਰਨ ਸਿੰਘ ਮੁੜ ਇੰਡੋ ਜੈਪੇਨੀਜ਼ ਕਲਬ ਵਾਪਸ ਪਹੁੰਚੇ, ਤਦ ਸਵਾਮੀ ਜੀ ਨੇ ਪੂਰਨ ਸਿੰਘ ਨੂੰ ਕਿਹਾ, "ਮੈਨੂੰ ਤੇਰੇ ਜਿਹੇ ਪੁਰਸ਼ ਦੀ ਲੋੜ ਹੈ, ਜਿਸਨੇ ਕਿ ਆਪਣਾ, ਅਤਿ ਮਨੋਹਿਰ ਵਖਯਾਨ ਅਪਨੇ ਮਨ ਦੀ ਪਰਮ ਏਕਾਂਤ ਵਿਚ ਤਿਆਰ ਕੀਤਾ ਜਦ ਕਿ ਟੋਕੀਓ ਦੀਆਂ ਸੜਕਾਂ ਵਿਚ ਟ੍ਰੈਮ ਵਿਚ ਬੈਠਾ ਘੁਮਨ ਘੇਰੀਆਂ ਖਾ ਰਿਹਾ ਸੇਂ ਅਤੇ ਗਾਨਜ਼ਾ ਜਿਹੇ ਸ਼ੋਰੀਲੇ ਟੋਕੀਓ ਦੇ ਬਾਜ਼ਾਰ ਵਿਚ। ਸਚੀਂ ਏਹੋ ਹੀ ਜੀਵਨ ਦਾ ਭੇਤ ਹੈ। ਏਹ ਮਨ ਦੀ ਇਕਾਗਰਤਾ ਹੈ, ਏਹ ਸੰਗੀਤਮਯ, ਵਲਵਲਿਆਂ ਦੀ ਸ਼ਾਂਤੀ ਹੈ (Lyrical silence) ਜਿਥੋਂ ਕਿ ਸਾਰੇ ਵਡੇ ਵਡੇ ਖਿਆਲ ਉਪਜਦੇ ਹਨ, ਜਿਥੇ ਸਾਰੇ ਉਹ ਸ੍ਵਪਨ ਪੈਦਾ ਹੁੰਦੇ ਹਨ ਜਿਨ੍ਹਾਂ ਨੇ ਕਿ ਇਨਸਾਨ ਨੂੰ ਉਨਤੀ ਬਖਸ਼ੀ ਹੈ। ਅਤੇ ਇਸ ਅਨੰਦ ਦੇ ਮੰਡਲ ਵਿਚ ਮਨ ਅਗੇ ਅਮਰੀ ਕਾਂਗਾਂ ਦੇ ਝਲਕਾਰੇ ਵਜਦੇ ਹਨ। ਇਹ ਤਨ ਦੀ ਸਹਜ ਸੁਭਾ ਸਮਾਧੀ ਹੈ ਜੋ ਕਿ ਮਨ ਨੂੰ ਸ਼ਾਂਤੀ ਦੇਂਦੀ ਹੈ। ਇਹ ਵੇਦਾਂਤ ਦਾ ਯੋਗ ਹੈ। ਇਹ ਇਕ ਬਹੁ ਮੁਲਯ ਦਾਤ ਹੈ।"[1]
- ↑ "Story of Swami Rama", by Puran Singh.