ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਤੁਰ ਰਿਹਾ ਭਾਵੇਂ ਅਗਾਂਹ ਨੂੰ, ਪਿੱਛੇ ਮੁੜ ਮੁੜ ਦੇਖਦਾ ਹੈ।
ਬਹੁਤ ਪਹਿਲਾਂ ਕਾਫ਼ਲੇ ਤੋਂ, ਵਿਛੜਿਆ ਇਹ ਜਾਪਦਾ ਹੈ।

ਚਿਹਰਿਓਂ ਸੁਕਰਾਤ ਵੀ ਨਾ, ਜਾਪਦਾ ਈਸਾ ਨਹੀਂ ਇਹ,
ਕੌਣ ਹੈ ਜੋ ਚੌਂਕ ਵਿਚਲੀ ਸੂਲੀ ਮੁੜ ਮੁੜ ਚੁੰਮਦਾ ਹੈ।

ਆਮ ਲੋਕਾਂ ਦੀ ਨਜ਼ਰ ਵਿਚ, ਨੀਮ ਪਾਗਲ ਕੌਣ ਹੈ ਇਹ,
ਆਪ ਆਪਣੀ ਬਾਤ ਦਾ ਭਰ ਕੇ ਹੁੰਗਾਰਾ ਹੱਸਦਾ ਹੈ।

ਨਾ ਕਿਤੇ ਪੈੜਾਂ ਨਿਸ਼ਾਨੀ, ਅਰਸ਼ ਦਾ ਨਕਸ਼ਾ ਨਹੀਂ ਹੈ,
ਵੇਖ ਲਉ ਉੱਡ ਕੇ ਪਰਿੰਦਾ, ਉਹਨੀਂ ਰਾਹੀਂ ਪਰਤਦਾ ਹੈ।

ਮੈਂ ਤੇਰੇ ਵਿਸ਼ਵਾਸ ਤੇ ਧਰਵਾਸ ਪਿੱਛੇ ਆ ਰਿਹਾ ਸਾਂ,
ਪਰਤ ਜਾਵਾਂ ਮੈਂ ਪਿਛਾਂਹ, ਦੱਸ! ਇਹ ਤੂੰ ਮੈਨੂੰ ਕੀਹ ਕਿਹਾ ਹੈ?

ਤੂੰ ਮੇਰੇ ਕਲਬੂਤ ਵਿਚੋਂ, ਜਾਨ ਲੈ ਕੇ ਜਦ ਗਿਆ ਸੀ,
ਨਬਜ਼ ਓਸੇ ਪਲ ਖਲੋਤੀ, ਜਿਸਮ ਹਾਲੇ ਤੜਫ਼ਦਾ ਹੈ।

ਕੌਣ ਔਰੰਗਜ਼ੇਬ ਹੈ ਇਹ, ਤਿੰਨ ਸਦੀਆਂ ਬਾਦ ਵੀ ਜੋ,
ਕਬਰ ਵਿੱਚੋਂ ਉੱਠ ਕੇ, ਹਾਲੇ ਵੀ ਜਜ਼ੀਆ ਮੰਗਦਾ ਹੈ।

ਮੋਰ ਪੰਖ /97