ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਠੋਕਰਾਂ ਨਾ ਮਾਰ ਸ਼ੀਸ਼ਾ ਚੂਰ ਨਾ ਕਰ।
ਅਕਸ ਨੂੰ ਤੂੰ ਆਪਣੇ ਤੋਂ ਦੂਰ ਨਾ ਕਰ।

ਬੇਗੁਨਾਹ ਚਿੜੀਆਂ ਨੂੰ ਮਾਰੇਂ ਸ਼ੁਗਲ ਖ਼ਾਤਰ,
ਪਾਪ ਦੇ ਕਾਸੇ ਨੂੰ ਇਉਂ ਭਰਪੂਰ ਨਾ ਕਰ।

ਜ਼ੁਲਮ ਹੁੰਦਾ ਵੇਖ ਕੇ ਇਹ ਕੁਝ ਨਾ ਬੋਲੇ,
ਚਿੱਤ ਨੂੰ ਏਨਾ ਵੀ ਤੂੰ ਮਖ਼ਮੂਰ ਨਾ ਕਰ।

ਤਰਸ ਦਾ ਪਾਤਰ, ਤੂੰ ਬਣਕੇ ਖ਼ੁਦ ਵਿਚਾਰਾ,
ਜ਼ਿੰਦਗੀ ਦੇ ਅਰਥ ਨੂੰ ਬੇਨੂਰ ਨਾ ਕਰ।

ਪਰਖ ਜੇ ਤੈਨੂੰ ਅਜੇ ਦੁਸ਼ਮਣ ਦੀ ਨਹੀਓ',
ਇਹ ਗਰੀਬੀ ਜ਼ਿਹਨ ਦੀ ਮਸ਼ਹੂਰ ਨਾ ਕਰ।

ਬਿਰਖ ਬੂਟੇ ਆਕੜੇ ਸਭ ਟੁੱਟ ਜਾਂਦੇ,
ਤੂੰ ਵੀ ਆਪਣੇ ਆਪ ਨੂੰ ਮਗਰੂਰ ਨਾ ਕਰ।

ਪਹੁੰਚ ਜਾਵਣ ਨਾ ਕਿਤੇ ਹਥਿਆਰ ਤੀਕਰ,
ਤਰਲਿਆਂ ਨੂੰ ਹੋਰ ਤੂੰ ਮਜਬੂਰ ਨਾ ਕਰ।

ਮੋਰ ਪੰਖ /17