ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ
ਹਰਵਿੰਦਰ ਰਿਆੜ ਦੇ ਨਾਂ

ਹੰਝੂਆਂ ਨਾਲ ਮੈਂ ਸੱਤੇ ਸਾਗਰ ਭਰ ਆਇਆ ਹਾਂ।
ਦਰਦ ਸੁਣਾ ਕੇ ਪਾਣੀ ਖਾਰੇ ਕਰ ਆਇਆ ਹਾਂ।

ਦੀਦ ਤੇਰੀ ਦੀ ਖ਼ਾਤਰ ਧਰਤ ਆਕਾਸ਼ ਵੀ ਗਾਹਿਆ,
ਹਸਰਤ ਦੇ ਦਰਿਆ ਨੂੰ ਵੀ ਮੈਂ ਤਰ ਆਇਆ ਹਾਂ।

ਜਿੱਤਣ ਵਾਲੀ ਰੀਝ ਬਣਾਵੇ ਬੰਦਿਓ ਘੋੜਾ,
ਏਸੇ ਕਰਕੇ ਜਿੱਤੀ ਬਾਜ਼ੀ ਹਰ ਆਇਆ ਹਾਂ।

ਪੀਰ ਫ਼ਕੀਰ ਧਿਆਏ, ਜੋ ਵੀ ਰਾਹ ਵਿਚ ਆਏ,
ਹੁਣ ਤੱਕ ਜੋ ਨਾ ਕੀਤਾ, ਉਹ ਵੀ ਕਰ ਆਇਆ ਹਾਂ।

ਚੂਰੀ ਵਾਲੇ ਪਿੰਜਰੇ ਦੁਸ਼ਮਣ ਵੰਨ-ਸੁਵੰਨੇ,
ਸ਼ੁਕਰ ਮਨਾ ਤੂੰ, ਸਾਬਤ ਮੁੜ ਕੇ ਘਰ ਆਇਆ ਹਾਂ।

ਜਿੱਥੇ ਆਪਾਂ ਦੋਵੇ' ਪਹਿਲੀ ਵਾਰ ਮਿਲੋ ਸੀ,
ਓਸ ਜਗ੍ਹਾ ਚੌਮੁਖੀਆ ਦੀਵਾ ਧਰ ਆਇਆ ਹਾਂ।

ਮੋਰ ਪੰਖ /18