ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਵੇਖ ਲਵੋ ਇਹ ਚੰਚਲ ਮਨ ਕੀ ਕਰਦਾ ਹੈ ।
ਬਾਤਾਂ ਪਾ ਕੇ ਆਪ ਹੁੰਗਾਰੇ ਭਰਦਾ ਹੈ।

ਤੋਰੇ ਨਾਲ ਤੁਰਦਿਆਂ ਜਾਪੇ ਏਸ ਤਰ੍ਹਾਂ,
ਜੀਕੂੰ ਵਗਦੀ ਨੂੰ ਉੱਤੇ ਫੁੱਲ ਤਰਦਾ ਹੈ ।

ਦੁਨੀਆਂਦਾਰੀ ਜੱਗ ਝਮੋਲੇ ਤੋਂ ਹਟ ਕੇ,
ਆਪਣੇ ਵਿਚ ਗੁਆਚਣ ਨੂੰ ਜੀਅ ਕਰਦਾ ਹੈ।

ਪੱਤਿਆਂ ਵਿਚ ਦੀ ਵੇਖੀਂ ਰਾਤੀਂ ਚੰਦਰਮਾ,
ਕੀਕਣ ਧਰਤੀ ਉੱਤੇ ਚਾਨਣ ਝਰਦਾ ਹੈ।

ਆਪਣੇ ਜਾਲ ’ਚ ਆਪ ਸ਼ਿਕਾਰੀ ਫਸ ਜਾਵੇ,
ਕਿਸੇ ਮਾਰਿਆਂ ਬੰਦਾ ਕਿੱਥੇ ਮਰਦਾ ਹੈ।

ਪੂਜਣਯੋਗ ਬਣਾਉਂਦੇ ਲੋਕੀਂ ਓਹੀ ਥਾਂ,
ਪੈਰ ਸੂਰਮਾ ਜਿਸ ਧਰਤੀ ਤੇ ਧਰਦਾ ਹੈ।

ਹੇ ਸ਼ਬਦਾਂ ਦੀ ਦੇਵੀ! ਗ਼ਜ਼ਲ ਲਿਖਾ ਐਸੀ,
ਜਿਉਂ ਹਿਰਨੋਟਾ ਜਾਂਦਾ ਚੁੰਗੀਆਂ ਭਰਦਾ ਹੈ।

ਮੋਰ ਪੰਖ /21