ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਵਰ੍ਹਦੇ ਮੀਂਹ ਵਿਚ ਉੱਡਣ ਖਟੋਲਾ, ਉੱਡਿਆ ਜਾਂਦਾ ਵਾਹੋ ਦਾਹ!
ਚੀਰ ਕੇ ਬੱਦਲ, ਤੇਜ਼ ਹਵਾਵਾਂ, ਦੀਨ ਦੁਨੀ ਤੋ ਬੇਪ੍ਵਾਹ!

ਮੈਂ ਧਰਤੀ ਦਾ ਆਦਮ ਕੈਸਾ, ਪੁੱਠੀਆਂ ਸਿੱਧੀਆਂ ਸੋਚ ਰਿਹਾ,
ਆਪੋ ਜੋੜਾਂ, ਤੌੜਾਂ ਖ਼ੁਦ ਨੂੰ, ਤੇਜ਼ ਧੜਕਣਾਂ ਸਾਹੋ ਸਾਹ!

ਅਗਨ ਪਰਿੰਦੇ ਦੇ ਖੰਭਾਂ ਤੋਂ, ਕਰਾਂ ਸਵਾਰੀ ਦਿਨ ਤੇ ਰਾਤ,
ਹੇ ਵਿਗਿਆਨ! ਤੇਰੇ ਸਿਰ ਸਿਹਰਾ, ਕਿੰਨੀ ਲਈ ਮੈਂ ਦੁਨੀਆਂ ਗਾਹ!

ਮਨ ਮਸਤਕ ਵਿਚ ਬੀਜ ਖ੍ਵਾਬ ਦਾ, ਪੁੰਗਰਦਾ ਹੈ ਦਿਨ ਤੇ ਰਾਤ,
ਪੈਰਾਂ ਨੂੰ ਨਾ ਤੁਰਨੋਂ ਵਰਜੋ, ਕਰਨ ਦਿਉ ਪੈਂਡੇ ਅਸਗਾਹ!

ਜਿਹੜੇ ਮੱਥੇ ਦੀਵਾ ਬਲਦਾ, ਉਸਦਾ ਹੁਣ ਨਾ ਫ਼ਿਕਰ ਕਰੋਂ,
ਪੈਰ ਪਛਾਨਣਗੇ ਖ਼ੁਦ ਆਪੇ, ਮੰਜ਼ਿਲ ਵੱਲ ਨੂੰ ਜਾਂਦਾ ਰਾਹ।

ਕਾਇਨਾਤ ਦਾ ਚੱਕਰ ਲਾ ਕੇ ਜਦ ਮੈਂ ਮੁੜਿਆ ਧਰਤੀ ’ਤੇ ,
ਬਿਰਖ ਬਰੂਟਿਆਂ ਮੱਥਾ ਚੁੰਮਿਆ, ਹੇਠ ਵਿਛਾਇਆ ਮਖ਼ਮਲ ਘਾਹ!

ਦੋਸਤੀਆਂ ਤੇ ਰਿਸ਼ਤੇ ਨਾਤੇ, ਅੰਬਰ ਧਰਤੀ ਵਾਂਗ ਬਣੇ,
ਜਦ ਵੀ ਅੰਦਰ ਝਾਤੀ ਮਾਰਾਂ, ਮੂੰਹੋਂ ਨਿਕਲੇ ਵਾਹ ਬਈ ਵਾਹ।

ਮੋਰ ਪੰਖ /25