ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਤੂੰ ਮਿਲੀ ਮੁੱਦਤ ਦੇ ਪਿੱਛੋਂ ਅੱਜ ਮੈਨੂੰ।
ਰੂਹ ਖਿੜੀ ਹੈ, ਹੋ ਗਿਆ ਏ ਰੱਜ ਮੈਨੂੰ।

ਜਿਸ ਤਰ੍ਹਾਂ ਤੀਰਥ ਪਵਿੱਤਰ ਯਾਤਰੂ ਨੂੰ,
ਤੇਰਾ ਮਿਲਣਾ ਇਉਂ ਮੁਕੰਮਲ ਹੱਜ ਮੈਨੂੰ।

ਆ ਕਿ ਮੇਰੇ ਦਿਲ ਦੀ ਧੜਕਣ ਤੇਜ਼ ਹੋਵੇ,
ਆ ਮੇਰੇ ਸੀਨੇ 'ਚ ਆ ਕੇ ਵੱਜ ਮੈਨੂੰ।

ਅਲਫ਼ ਨੰਗੀ ਰੀਝ ਨੂੰ ਤੂੰ ਪੁਰ ਛੇਤੀ,
ਆਪਣੀ ਗਲਵੱਕੜੀ ਵਿਚ ਕੱਜ ਮੈਨੂੰ।

ਮੈਂ ਕਿਸੇ ਜੰਗਲ ਦਾ ਜੀਕੂੰ ਆਦਿਵਾਸੀ,
ਦੱਸ ਆ ਕੇ ਜੀਣ ਵਾਲਾ ਚੱਜ ਮੈਨੂੰ।

ਸੱਚ ਦੀ ਬਸਤੀ 'ਚ ਹੋ ਜਾਂ ਰਹਿਣ ਜੋਗਾ,
ਕੱਚ ਵਾਲੇ ਪਾ ਕੇ ਛੱਟਣ ਛੱਜ ਮੈਨੂੰ।

ਲੋਕ ਮੈਨੂੰ ਨੀਮ ਪਾਗਲ ਕਹਿ ਰਹੇ ਨੇ,
ਪਿਆਰ ਤੇਰੇ ਦੀ ਲਗਾ ਕੇ ਬੱਜ ਮੈਨੂੰ।

ਮੋਰ ਪੰਖ /26