ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਕੰਧ ਸਰਹੰਦ, ਚਮਕੌਰ ਸਾਨੂੰ ਪੁੱਛਦੀ ਹੈ,
ਕੱਚਾ ਸੀ ਯਕੀਨ ਜੇ ਤਾਂ ਏਥੇ ਕਾਹਨੂੰ ਆਉਣਾ ਸੀ।

ਝੂਠ ਦੀ ਮੁਥਾਜੀ, ਸਾਰਾ ਦਿਨ ਕਰੀ ਜਾਣ ਜਿਹੜੇ,
ਇਹੋ ਜਹੇ ਨਿਗੱਲਿਆਂ ਤੋਂ, ਤੂੰ ਵੀ ਕੀਹ ਕਰਾਉਣਾ ਸੀ।

ਤਲੀ ਉੱਤੇ ਸੀਸ ਵਾਲੀ ਫ਼ੋਟੋ ਘਰੀਂ ਟੰਗ ਕੇ ਤੂੰ,
ਪੱਥਰਾਂ ਦੇ ਅੱਗੇ ਸਿੰਘਾ! ਮੱਥਾ ਕਿਉ' ਘਸਾਉਣਾ ਸੀ।

ਗੁਰੂ ਵਾਲੇ ਪੰਥ ਨੂੰ, ਗੰਥ ਗੁਰੂ ਭੁੱਲ ਗਿਆ,
ਸਾਡੀ ਜ਼ੁੰਮੇਵਾਰੀ ਅਸਾਂ ਪੜ੍ਹਨਾ ਪੜ੍ਹਾਉਣਾ ਸੀ।

ਗੁਰੂ ਵਾਲਾ ਸ਼ਬਦ ਜਿੰਨ੍ਹਾਂ ਦਿਲ 'ਚੋਂ ਵਿਸਾਰ ਦਿੱਤਾ,
ਮੰਦਰਾਂ 'ਚ ਜਾ ਕੇ ਉਨ੍ਹਾਂ ਟੱਲ ਹੀ ਵਜਾਉਣਾ ਸੀ।

ਯਾਰੜੇ ਤਾਂ ਸੁੱਤੇ ਪਏ ਨੇ ਨਰਮ ਗਦੇਲਿਆਂ ਤੇ,
ਹਾਲ ਤੂੰ ਮੁਰੀਦਾਂ ਵਾਲਾ ਕਿਸਨੂੰ ਸੁਣਾਉਣਾ ਸੀ।

ਮੋਰ ਪੰਖ/ 41