ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਤਮ-ਘਾਤ ਕਰ ਲਈਏ? ਕਰ ਵੀ ਲਈਏ ਤਾਂ ਵੀ ਖਲਾਸੀ ਨਹੀਂ। ਕਿਉਂਕਿ ਜਿਹਾ ਕਿ ਸਾਡਾ ਵਿਸ਼ਵਾਸ ਹੈ, ਜਦ ਤਕ ਆਤਮਾ ਦਾ ਸਰੀਰ ਦੇ ਨਾਲ ਜੋੜ ਹੈ, ਇਕ ਸਰੀਰ ਦੀ ਬਰਬਾਦੀ ਤੋਂ ਬਾਅਦ ਇਹ ਕੋਈ ਦੂਸਰਾ ਧਾਰਨ ਕਰ ਲੈਂਦੀ ਹੈ। ਸਰੀਰ ਕੋਲੋਂ ਅਸੀ ਤਾਂ ਹੀ ਬਰੀ ਹੋ ਸਕਦੇ ਹਾਂ ਜਦੋਂ ਅਸੀ ਹਰ ਪਹਿਲੂ ਤੋਂ ਇਸ ਦਾ ਮੋਹ ਤਰਕ ਕਰ ਦੇਵੀਏ। ਇਹ ਨਿਰਮੋਹ-ਦਸ਼ਾ ਹੀ ਪ੍ਰਭੂ ਤਥਾ ਸਤਯ ਦੀ ਪ੍ਰਾਪਤੀ ਹੈ।

ਸਰੀਰ ਸਾਡੀ ਮਲਕੀਅਤ ਨਹੀਂ। ਜਦੋਂ ਤਕ ਇਹ ਹੈ, ਇਸ ਨੂੰ ਅਮਾਨਤ ਦੇ ਤੌਰ ਤੇ ਵਰਤਣਾ ਚਾਹੀਦਾ ਹੈ। ਇਉਂ ਕਰਨ ਨਾਲ ਅਸੀ ਇਕ ਦਿਨ ਇਸ ਭਾਰ ਪਾਸੋਂ ਖਲਾਸੀ ਪਾਣ ਦੀ ਆਸ ਕਰ ਸਕਦੇ ਹਾਂ। ਸਰੀਰ ਦੀਆਂ ਤਰੁਟੀਆਂ ਨੂੰ ਮਹਿਸੂਸ ਕਰਦੇ ਹੋਏ ਆਏ ਦਿਨ ਸਾਨੂੰ ਆਪਣੇ ਆਦਰਸ਼ ਤੇ ਪਹੁੰਚਣ ਦਾ ਪੂਰੇ ਤਾਣ ਨਾਲ ਹੀਲਾ ਕਰਨਾ ਚਾਹੀਦਾ ਹੈ।

ਉਪ੍ਰੋਕਤ ਲਿਖੇ ਤੋਂ ਸ਼ਾਇਦ ਇਹ ਸਪਸ਼ਟ ਹੋ ਗਿਆ ਹੈ ਕਿ ਬਿਨਾ ਸਤਯ ਦੀ ਖੋਜ ਤਥਾ ਪ੍ਰਾਪਤੀ ਦੇ ਅਹਿੰਸਾ ਅਸੰਭਵ ਹੈ। ਅਹਿੰਸਾ ਅਤੇ ਸਤਯ ਇਉਂ ਤਣੇ (intertwined) ਹੋਏ ਹਨ ਕਿ ਇਨ੍ਹਾਂ ਨੂੰ ਅਡ ਕਰਨਾ ਅਸੰਭਵ ਹੈ। ਇਹ ਇਕ ਧਾਂਤ ਦੀ ਸਾਫ਼ ਠੀਕਰੀ ਵਾਂਗ ਹਨ ਜਿਸ ਦੇ ਸਿਧ ਪੁਠ ਬਾਰੇ ਕੋਈ ਕੁਝ ਵੀ ਨਹੀਂ ਦਸ ਸਕਦਾ। ਤਾਂ ਵੀ ਅਹਿੰਸਾ ਪੜਸਾਂਗ ਹੈ ਤੇ ਸਤਯ ਅੰਤਮ ਪੌੜੀ। ਪੜਸਾਂਗ ਨੂੰ ਪੜਸਾਂਗ ਕਰ ਕੇ ਵਰਤਣ ਲਈ ਹਮੇਸ਼ਾਂ ਆਪਣੀ ਪਹੁੰਚ ਅੰਦਰ ਰੱਖਣਾ ਚਾਹੀਦਾ ਹੈ। ਇਸੇ ਲਈ ਅਹਿੰਸਾ ਸਾਡਾ ਉੱਤਮ ਧਰਮ ਹੈ। ਜੇ ਅਸੀਂ ਆਪਣੇ ਪੰਧ (ਰਸਤੇ) ਦੀ ਪੂਰੀ ਸੰਭਾਲ ਕਰਾਂਗੇ ਤਾਂ ਅਸੀਂ ਸਵੇਰੇ ਜਾਂ ਅਵੇਰੇ ਆਪਣੀ ਮੰਜ਼ਲ ਤੇ ਜ਼ਰੂਰ ਪੁਜ ਜਾਵਾਂਗੇ। ਇਕ ਵੇਰਾਂ ਇਸ ਨੁਕਤੇ ਨੂੰ ਦ੍ਰਿੜ੍ਹ ਕਰ ਲਵੋ। ਆਖ਼ਰੀ ਫ਼ਤਹਿ ਨਿਸਚਯ ਹੋ ਜਾਂਦੀ ਹੈ। ਭਾਵੇਂ ਕਿੰਨੀਆਂ ਤਕਲੀਫ਼ਾਂ ਪੇਸ਼ ਆਉਣ, ਕਿਤਨਾ ਜ਼ਾਹਿਰਾ ਨੁਕਸਾਨ ਉਠਾਣਾ ਪਵੇ, ਸਾਨੂੰ ਸਤਯ ਦੀ ਜੱਦੋ-ਜਹਿਦ ਨੂੰ ਤਰਕ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹੀ ਇਕ ਈਸ਼ਵਰ ਦੀ ਸਾਖਿਆਤ ਹੋਂਦ ਹੈ।