ਪੰਨਾ:ਰਾਜ ਕੁਮਾਰੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਤੇ ਉਹ ਇਸ ਤਰ੍ਹਾਂ ਗੱਲਾਂ ਬਣਾਉਂਦਾ ਗਿਆ। ਇਸ ਦੀ ਭਿਣਕ ਗਣੇਸ਼ ਜੀ ਨੂੰ ਵੀ ਪੈ ਗਈ। ਉਹ ਸੁੰਡ ਹਿਲਾ ਕੇ ਹਸਦੇ ਰਹੇ ਅਤੇ ਉਧਰ ਨਾਸਤਕ ਵਿਆਹ ਦੀਆਂ ਤਿਆਰੀਆਂ ਕਰਦਾ ਰਿਹਾ। ਜਦ ਸਭ ਕੁਝ ਤਿਆਰ ਹੋ ਗਿਆ ਅਤੇ ਵਿਆਹ ਦੀ ਤਰੀਕ ਆ ਗਈ ਤਾਂ ਗਣੇਸ਼ ਜੀ ਨੇ ਸਵੇਰੇ ਸਵੇਰੇ ਇਕ ਗਊ ਨੂੰ, ਜਿਹੜੀ ਬਾਜ਼ਾਰ ਵਿਚ ਫਿਰਿਆ ਕਰਦੀ ਸੀ, ਕਹਿ ਦਿਤਾ ਕਿ ਉਹ ਆਪਣਾ ਪਵਿੱਤਰ ਗੋਹਾ ਨਾਸਤਕ ਦੇ ਬੂਹੇ ਦੀ ਮੁਹਾਠ ਤੇ ਸੁਟ ਆਵੇ। ਗਊ ਨੇ ਇਸੇ ਤਰ੍ਹਾਂ ਕੀਤਾ ਅਤੇ ਜਦ ਨਾਸਤਕ ਨੇ ਬੂਹਿਓਂ ਬਾਹਰ ਪੈਰ ਕਢਿਆ ਤਾਂ ਗੋਹੇ ਨਾਲ ਉਸ ਦਾ ਪੈਰ ਤਿਲਕ ਗਿਆ ਅਤੇ ਉਸ ਦੀ ਲਤ ਟੁਟ ਗਈ। ਅਜੇ ਉਹ ਮੰਜੀ ਤੋਂ ਨਹੀਂ ਸੀ ਉਠਿਆ ਕਿ ਉਸ ਦੀ ਮੰਗੇਤਰ ਮਰ ਗਈ।

"ਉਸ ਦਾ ਮਿਤਰ ਫਿਰ ਉਸ ਪਾਸ ਗਿਆ ਤੇ ਕਹਿਣ ਲਗਾ, 'ਵੇਖਿਆ ਗਣੇਸ਼ ਜੀ ਵਿਰੁਧ ਬਗ਼ਾਵਤ ਕਰਨ ਦਾ ਸਿਟਾ?' ਨਾਸਤਕ ਬੋਲਿਆ, 'ਜਾ ਹੋਸ਼ ਤੋਂ ਕੰਮ ਲੈ। ਕਿਸ ਨੂੰ ਪਤਾ ਸੀ ਕਿ ਇਕ ਮਨਹੂਸ ਗਊ ਮੇਰੀ ਮੁਹਾਠ ਤੇ ਗੋਹਾ ਸੁਟ ਜਾਵੇਗੀ? ਗਣੇਸ਼ ਦਾ ਇਸ ਨਾਲ ਕੀ ਸੰਬੰਧ ਹੈ? ਕੀ ਸੰਸਾਰ ਭਰ ਦੇ ਗੋਹੇ ਦਾ ਪ੍ਰਬੰਧ ਗਣੇਸ਼ ਨੂੰ ਸੌਂਪਿਆ ਹੋਇਆ ਹੈ ਅਤੇ ਉਹ ਵੇਖਦਾ ਫਿਰਦਾ ਹੈ ਕਿ ਕਿਹੜੀ ਗਊ ਕਿਥੇ ਗੋਹਾ ਸੁਟਦੀ ਹੈ?'

"ਜਦ ਨਾਸਤਕ ਦੀ ਲਤ ਠੀਕ ਹੋ ਗਈ ਤਾਂ ਉਸ ਨੇ ਇਕ ਹੋਰ ਥਾਂ ਵਿਆਹ ਦਾ ਸੰਦੇਸਾ ਭੇਜ ਦਿਤਾ ਅਤੇ ਵਿਆਹ ਦੀਆਂ ਤਿਆਰੀਆਂ ਕਰਨ ਲਗਾ। ਉਸ ਨੇ ਕੁਝ ਨੌਕਰ ਰਖ ਲਏ। ਜਦ ਉਹ ਬਾਹਰ ਨਿਕਲਦਾ, ਉਸ ਦੇ ਨੌਕਰ ਅਗੇ ਅਗੇ ਸਫ਼ਾਈ ਕਰਦੇ ਜਾਂਦੇ। ਜਦ ਵਿਆਹ ਦਾ ਦਿਨ ਆਇਆ ਤਾਂ ਗਣੇਸ਼ ਜੀ ਨੇ ਇਕ ਕਾਂ ਨੂੰ ਬੁਲਾਇਆ ਜਿਹੜਾ ਕਿ ਉਨ੍ਹਾਂ ਦੇ ਮੰਦਰ ਦਾ ਚੜ੍ਹਾਵਾ ਖਾਂਦਾ ਸੀ। ਉਨ੍ਹਾਂ ਕਾਂ ਨੂੰ ਕਿਹਾ- ਅਜ ਇਕ ਨਾਸਤਕ ਦਾ ਵਿਆਹ ਹੈ। ਜਿਸ ਰਸਤੇ ਤੋਂ ਉਸ ਨੇ ਲੰਘਣਾ ਹੈ, ਉਥੇ ਇਕ ਮਹਿਰਾਬ ਹੈ ਜਿਸ ਤੇ ਸਾਡੀ ਇਕ ਪੱਥਰ ਦੀ ਬਹੁਤ

੨੪