ਪੰਨਾ:ਰਾਜ ਕੁਮਾਰੀ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੁਟ ਪਏ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ ਰਣ ਵਿਚ ਹੀ ਛਡ ਆਪ ਚਲੇ ਗਏ। ਜਦ ਰਾਤ ਨੂੰ ਚੰਦਰਮਾਂ ਚੜ੍ਹਿਆ ਤਾਂ ਉਸ ਨੂੰ ਹੋਸ਼ ਆਈ। ਉਸ ਨੇ ਡਿਗਦਿਆਂ ਢਹਿੰਦਿਆਂ ਇਕ ਮਕਾਨ ਦੇ ਬੂਹੇ ਤੇ ਪੁਜ ਕੇ ਬੂਹਾ ਖੜਕਾਇਆ ਅਰ ਫਿਰ ਬੇਹੋਸ਼ ਹੋ ਗਿਆ।

"ਉਸ ਮਕਾਨ ਵਿਚ ਇਕ ਬ੍ਰਾਹਮਣੀ ਰਹਿੰਦੀ ਸੀ, ਜਿਸ ਦਾ ਪਤੀ ਪ੍ਰਦੇਸ ਵਿਚ ਸੀ। ਉਹ ਇਸਤਰੀ ਕਲੀ ਨਾਲੋਂ ਵਧੇਰੇ ਕੋਮਲ ਤੇ ਸੁੰਦਰ ਸੀ ਅਤੇ ਬਰਫ਼ ਵਾਂਗ ਪਵਿਤਰ। ਉਸ ਦਾ ਨਾਮ ਸਵੱਰਨ ਸ਼ੀਲਾ ਸੀ। ਜਦ ਅਧੀ ਰਾਤ ਉਸ ਨੇ ਆਪਣਾ ਬੂਹਾ ਖੜਕਦਾ ਸੁਣਿਆਂ ਤਾਂ ਉਹ ਡਰ ਗਈ ਅਤੇ ਇਕ ਛੋਟੀ ਜਹੀ ਬਾਰੀ ’ਚੋਂ ਬਾਹਰ ਵੇਖਣ ਲਗੀ। ਉਸ ਨੂੰ ਚੰਨ ਦੀ ਚਾਨਣੀ ਵਿਚ ਆਪਣੇ ਘਰ ਦੇ ਦਰਵਾਜ਼ੇ ਕੋਲ ਕੋਈ ਆਦਮੀ ਲੇਟਿਆ ਹੋਇਆ ਦਿਸਿਆ। ਉਸ ਨੇ ਦਿਲ ਵਿਚ ਸੋਚਿਆ ਕਿ ਸ਼ਾਇਦ ਇਹ ਕੋਈ ਚਾਲ ਹੈ, ਗਵਾਂਢੀ ਮੇਰੇ ਨਾਲ ਵੈਰ ਕਮਾਉਣਾ ਚਾਹੁੰਦੇ ਹਨ।

"ਉਸ ਨੇ ਫਿਰ ਹੇਠਾਂ ਤਕਿਆ। ਉਸ ਦੇ ਮਨ ਵਿਚ ਤਰਸ ਆ ਗਿਆ ਅਤੇ ਕਹਿਣ ਲਗੀ ਕਿ ਇਹ ਆਦਮੀ ਜਾਂ ਤੇ ਸਖ਼ਤ ਜ਼ਖ਼ਮੀ ਹੈ। ਜਾਂ ਮਰਨ ਕਿਨਾਰੇ ਹੈ; ਜੇ ਮੈਂ ਇਸ ਨੂੰ ਆਪਣੇ ਦਵਾਰੇ ਤੇ ਮਰ ਜਾਣ ਦਿਤਾ ਤਾਂ ਇਹ ਮਹਾਂ ਪਾਪ ਹੋਵੇਗਾ।

"ਉਸ ਨੇ ਫਿਰ ਹੇਠਾਂ ਵੇਖਿਆ ਤੇ ਉਸ ਜ਼ਖ਼ਮੀ ਖ਼ਤਰੀ ਨੂੰ ਅੰਦਰ ਲੈ ਆਈ। ਉਸ ਨੇ ਜ਼ਖ਼ਮ ਧੋਤੇ ਅਤੇ ਜਦ ਤਾਈਂ ਉਹ ਬਿਲਕੁਲ ਰਾਜ਼ੀ ਨਾ ਹੋ ਗਿਆ, ਉਸ ਨੂੰ ਘਰ ਹੀ ਰਖਿਆ।

"ਖਤਰੀ ਉਸ ਨੂੰ ਹਰ ਰੋਜ਼ ਵੇਖਦਾ। ਉਸ ਦੀ ਕਮਾਲ ਦੀ ਸੁੰਦਰਤਾ ਵੇਖ ਉਹ ਬੇਤਾਬ ਹੋ ਗਿਆ ਅਤੇ ਉਸ ਨੂੰ ਕਹਿਣ ਲਗਾ, 'ਤੂੰ ਮੇਰੇ ਨਾਲ ਚਲੀ ਚਲ।' ਪਰ ਉਸ ਨੇ ਇਕ ਨਾ ਸੁਣੀ ਤੇ ਕੰਨਾਂ ਤੇ ਹਥ ਰਖ ਕੇ ਆਖਿਆ, 'ਕੀ ਮੇਰੀ ਇਸ ਮਿਹਰ ਦਾ ਬਦਲਾ ਬਦੀ

੪੩