ਪੰਨਾ:ਰਾਜ ਕੁਮਾਰੀ.pdf/65

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਰਿਹਾ ਸੀ। ਇਕ ਦਿਨ ਦਮ ਤੋੜਨ ਲਗਾ, ਪਰ ਉਸ ਨੇ ਆਪਣੀ ਰਹੀ ਸਹੀ ਤਾਕਤ ਨੂੰ ਜਮਾਂ ਕਰਕੇ ਇਕ ਅਖ਼ੀਰੀ ਕੋਸ਼ਸ਼ ਕੀਤੀ ਅਤੇ ਇਕ ਪਹਾੜੀ ਤੇ ਚੜ੍ਹਨ ਲਗਾ। ਪਰਮਾਤਮਾਂ ਦੀ ਲੀਲ੍ਹਾ ਵੇਖੋ, ਝਟ ਪਟ ਉਸ ਨੇ ਆਪਣੀਆਂ ਅੱਖਾਂ ਅਗੇ ਗੰਗਾ ਨਦੀ ਠਾਠਾਂ ਮਾਰਦੀ ਵੇਖੀ, ਜਿਸ ਦੇ ਕੰਢੇ ਲੱਖਾਂ ਯਾਤਰੂ ਆਪਣੇ ਪਾਪ ਧੋਣ ਲਈ ਇਸ਼ਨਾਨ ਕਰ ਰਹੇ ਸਨ। ਉਹ ਦਰਦ ਨਾਲ ਉੱਚੀ ਉੱਚੀ ਰੋਇਆ, 'ਗੰਗਾ ਮਾਤਾ! ਮੈਂ ਜੀਵਨ ਭਰ ਤੇਰੀ ਭਾਲ ਵਿਚ ਭਟਕਦਾ ਰਿਹਾ ਅਤੇ ਹੁਣ ਤੇਰੇ ਸਾਹਮਣੇ ਪ੍ਰਾਣ ਦੇ ਰਿਹਾ ਹਾਂ।'

"ਉਸ ਦਾ ਦਿਲ ਟੁਟ ਗਿਆ ਅਤੇ ਗੰਗਾ ਦੇ ਕੰਢੇ ਪੁਜਣ ਤੋਂ ਪਹਿਲਾਂ ਹੀ ਉਸ ਨੇ ਪ੍ਰਾਣ ਤਿਆਗ ਦਿਤੇ। ਜਦ ਉਹ ਅਗਲੀ ਦੁਨੀਆਂ ਵਿਚ ਪੁਜਾ ਤਾਂ ਯਮ ਨੇ ਚਿਤਰ ਗੁਪਤ ਨੂੰ ਪੁਛਿਆ 'ਇਸ ਮਨੁਸ਼ ਦਾ ਕੀ ਦੋਸ਼ ਹੈ?' ਚਿਤ੍ਰ ਗੁਪਤ ਨੇ ਕਿਹਾ 'ਇਸ ਨੇ ਮਹਾਂ ਪਾਪ ਕੀਤਾ ਸੀ, ਪਰ ਪੰਦਰਾਂ ਵਰ੍ਹੇ ਗੰਗਾ ਦੇ ਕੰਢੇ ਪ੍ਰਾਸਚਿਤ ਕਰ ਕੇ ਪਾਪ ਧੋ ਚੁਕਾ ਹੈ।'

"ਬ੍ਰਾਹਮਣ ਇਹ ਸੁਣ ਕੇ ਹੈਰਾਨ ਹੋ ਗਿਆ ਤੇ ਕਹਿਣ ਲਗਾ, 'ਮਹਾਰਾਜ! ਇਹ ਗ਼ਲਤ ਹੈ। ਮੈਂ ਤਾਂ ਕਦੀ ਗੰਗਾ ਦੇ ਕੰਢੇ ਨਹੀਂ ਪਹੁੰਚਿਆ।' ਇਹ ਸੁਣ ਕੇ ਯਮ ਹਸ ਪਿਆ।

"ਹੁਣ ਰਾਜ ਕੁਮਾਰੀ ਜੀ! ਤੁਸੀਂ ਉਤਰ ਦਿਓ ਕਿ ਯਮ ਹਸਿਆ ਕਿਉਂ?"

ਇਹ ਆਖ ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਬੋਲੀ, "ਯਮ ਸੱਚਾ ਸੀ ਅਤੇ ਗ਼ਲਤੀ ਨਹੀਂ ਸੀ ਕਰ ਸਕਦਾ ਤੇ ਚਿਤਰ ਗੁਪਤ ਧੋਖਾ ਨਹੀਂ ਸੀ ਖਾ ਸਕਦਾ, ਪਰ ਇਹ ਸੰਸਾਰ ਧੋਖੇ ਬਿਨਾ ਕੀ ਹੈ? ਗੰਦੀ ਆਤਮਾ ਨੂੰ ਧੋਣ ਦਾ ਕੋਈ ਲਾਭ ਨਹੀਂ, ਭਾਵੇਂ ਉਹ ਗੰਗਾ ਦੇ ਕਿਨਾਰੇ ਹੀ ਕਿਉਂ ਨਾ ਧੋਤੀ ਜਾਵੇ। ਪਰ ਇਸ ਗ਼ਰੀਬ, ਸਾਧਾਰਣ

੬੨