ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/106

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਖ਼ੁਸਰੇ ਦਾ ਆਸ਼ਕ

ਉਸ ਪਿੰਡ, ਜਿੱਥੇ ਹੁਣ ਸਕੂਲ ਬਣਿਆ ਹੋਇਆ ਹੈ, ਕਦੇ ਉੱਥੇ ਮੁਸਲਮਾਨਾਂ ਦੇ ਘਰ ਹੁੰਦੇ ਸਨ। ਕੱਚੇ ਘਰ, ਪੱਕੇ ਘਰ। ਦੇਸ਼ ਆਜ਼ਾਦ ਹੋਣ ਤੋਂ ਪਿੱਛੋਂ ਜਦ ਪੰਜਾਬ ਦੇ ਲੋਕਾਂ ਨੂੰ ਮਜ਼੍ਹਬੀ ਕੁੜੱਤਣ ਚੜ੍ਹ ਗਈ ਤਾਂ ਉਹ ਸਾਰੇ ਘਰ ਢਹਿ ਗਏ। ਹੁਣ ਪਤਾ ਵੀ ਨਹੀਂ ਲੱਗਦਾ ਕਿ ਉੱਥੇ ਕਦੇ ਕੋਈ ਘਰ ਵੀ ਕਿਸੇ ਦਾ ਹੁੰਦਾ ਹੋਵੇਗਾ।

ਸਕੂਲ ਦੇ ਨਾਲ ਲਹਿੰਦੇ ਪਾਸੇ ਹੁਣ ਬਸ ਇੱਕ ਘਰ ਬਚਿਆ ਰਹਿੰਦਾ ਹੈ। ਉਸ ਘਰ ਵਿੱਚ ਅਜੇ ਵੀ 'ਮਨੁੱਖ’ ਵੱਸਦੇ ਹਨ। ਉਹ ਘਰ 'ਖ਼ੁਸਰਿਆਂ ਦਾ ਡੇਰਾ' ਕਰਕੇ ਪਿੰਡ ਵਿੱਚ ਜਾਣਿਆ ਜਾਂਦਾ ਹੈ।

ਅੱਜ ਦੀ ਪੀੜ੍ਹੀ ਦੀ ਸੁਰਤ ਤੋਂ ਪਹਿਲਾਂ ਦਾ ਹੀ ਕਿਤੇ ਉਹ ਡੇਰਾ ਬਣਿਆ ਹੋਵੇਗਾ। ਉਸ ਡੇਰੇ ਵਿੱਚ ਹਮੇਸ਼ਾ ਪੰਜ ਚਾਰ ਖ਼ੁਸਰੇ ਰਹਿੰਦੇ ਹਨ। ਮੋਟੇ ਢਿੱਡਲ ਖ਼ੁਸਰੇ, ਪਤਲੇ ਛੀਂਟਕੇ ਸਰੀਰ ਵਾਲੇ ਖ਼ੁਸਰੇ, ਕਾਲ਼ੇ ਮਰਿਆੜ ਖ਼ੁਸਰੇ, ਗੋਰੇ ਨਿਛੋਹ ਖ਼ੁਸਰੇ, ਬੁੱਢੇ ਖ਼ੁਸਰੇ ਤੇ ਜਵਾਨ ਖ਼ੁਸਰੇ। ਹੱਕੀ ਖ਼ੁਸਰਾ ਉਸ ਡੇਰੇ ਦਾ ਮਹੰਤ ਬਣ ਕੇ ਰਹਿੰਦਾ ਹੈ ਤੇ ਹਮੇਸ਼ਾ ਉੱਥੇ ਹੀ ਰਹਿੰਦਾ ਹੈ।

ਕੁਝ ਮਹੀਨਿਆਂ ਦੀ ਗੱਲ ਹੈ, ਖ਼ੁਸਰਿਆਂ ਦੇ ਉਸ ਡੇਰੇ ਇੱਕ ਖ਼ੁਸਰਾ ਆਇਆ। ਲੰਮਾ ਸੋਹਣਾ ਸਰੀਰ, ਰੰਗ ਮੁਸ਼ਕੀ ਤੇ ਚਿਹਰੇ ਦੀ ਬਨਾਵਟ, ਬਸ ਜਿਵੇਂ ਤੀਵੀਂ ਹੋਵੇ। ਕੱਪੜੇ ਪਾਉਂਦਾ, ਪਿੰਡੇ ਨਾਲ ਸੂਤਵੇਂ, ਜਿਵੇਂ ਕਾਲਜ ਦੀ ਕੋਈ ਕੁੜੀ ਹੋਵੇ। ਗਾਉਂਦਾ ਬਹੁਤ ਵਧੀਆ ਸੀ। ਨਵੇਂ ਤੋਂ ਨਵੇਂ ਫ਼ਿਲਮੀ ਗੀਤ ਗਾਉਂਦਾ। ਆਵਾਜ਼ ਉਹਦੀ ਮੁਹੰਮਦ ਰਫ਼ੀ ਵਾਂਗ ਉਤਾਂਹ ਚੜ੍ਹ ਜਾਂਦੀ ਤੇ ਉਹ ਫਿਰ ਵੀ ਸੁਰ ਵਿੱਚ ਰਹਿੰਦਾ।

ਉਸ ਡੇਰੇ ਕੋਲ ਆਲੇ-ਦੁਆਲੇ ਦੇ ਪੰਦਰਾਂ ਵੀਹ ਪਿੰਡਾਂ ਦੀ ਵਧਾਈ ਹੈ। ਕਿਸੇ ਦੇ ਵੀ ਮੁੰਡਾ ਹੋਵੇ, ਮੁੰਡੇ ਦੀ ਵਧਾਈ ਉਸ ਡੇਰੇ ਦੇ ਖ਼ੁਸਰੇ ਲੈਣ ਜਾਂਦੇ ਹਨ। ਕਾਲਜ ਦੀ ਕੁੜੀ ਵਰਗਾ ਉਹ ਖ਼ੁਸਰਾ ਜਦ ਕਿਸੇ ਪਿੰਡ ਜਾਂਦਾ ਤੇ ਅਗਲੇ ਦੇ ਵਿਹੜੇ ਵਿੱਚ ਨੱਚ ਕੇ ਪੰਜਾਬੀ ਗੀਤ ਛੇੜਦਾ ਤਾਂ ਘਰ ਵਾਲੇ ਤੇ ਗਵਾਂਢੀ ਤਾਂ ਕੀ ਅਗਵਾੜ ਦਾ ਅਗਵਾੜ ਲੱਟੂ ਹੋ ਜਾਂਦਾ।

ਉਸ ਪਿੰਡ ਹਰ ਛੀ ਮਹੀਨਿਆਂ ਪਿੱਛੋਂ ਜਦ ਦੇਵੀ ਦਾ ਮੇਲਾ ਲੱਗਦਾ ਹੈ ਤਾਂ ਖ਼ੁਸਰੇ ਉਸ ਦਿਨ ਮੇਲੇ ਵਿੱਚ ਜਾ ਕੇ ਹਰ ਦੁਕਾਨ ਅੱਗੇ ਗਾਉਂਦੇ ਹਨ, ਨੱਚਦੇ ਹਨ ਤੇ ਦੁਕਾਨਦਾਰ ਤੋਂ ਰੁਪਈਆ ਲੈਂਦੇ ਹਨ।

ਐਤਕੀਂ ਜਦ ਮੇਲਾ ਭਰਿਆ, ਸਾਰਾ ਮੇਲਾ ਓਸ ਕਾਲਜ ਦੀ ਕੁੜੀ ਵਰਗੇ ਖ਼ੁਸਰੇ ਮਗਰ ਤੁਰਿਆ ਫਿਰਦਾ ਸੀ। ਲੱਖਮੀ ਸਾਬਣ ਵੇਚਣ ਵਾਲਾ ਬਹੁਤ ਹੀ ਮਗਰ ਮਗਰ ਉਹਦੇ ਫਿਰਦਾ ਰਿਹਾ।

106
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ