ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/116

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗਲ ਖੱਦਰ ਦੀ ਜਾਕਟ, ਬਗ਼ੈਰ ਬਾਹਾਂ ਤੋਂ। ਜਾਕਟ ਨੂੰ ਥੱਲੇ ਜਿਹੇ ਦੋ ਜੇਬਾਂ ਲੱਗੀਆਂ ਹੋਈਆਂ ਸਨ। ਕਤਰੀ ਹੋਈ ਦਾਹੜੀ। ਸਿਰੋਂ ਨੰਗਾ। ਵਾਲ਼ਾਂ ਦੀ ਨਿੱਕੀ ਜਿਹੀ ਜਟੂਰੀ। ਸਿਰ ਦਾਹੜੀ ਦੇ ਵਾਲ਼ ਖਿਚੜੀ। ਨੱਕ ਦੀ ਕੋਠੀ ਉੱਤੇ ਐਨਕ ਦਾ ਫਰੇਮ ਢਿਲਕਿਆ ਹੋਇਆ। ਬੜੀ ਨੀਝ ਨਾਲ ਸੂਆ ਮਾਰ ਕੇ ਡੋਰ ਪਰੋਂਦਾ ਤੇ ਫਿਰ ਦੰਦਾਂ ਥੱਲੇ ਲੈ ਕੇ ਡੋਰ ਨੂੰ ਧੁਰ ਤੱਕ ਖਿੱਚ ਲੈਂਦਾ। ਤੋਪੇ 'ਤੇ ਤੋਪਾ ਚਾੜ੍ਹਦਾ ਤੁਰਿਆ ਜਾ ਰਿਹਾ ਸੀ। ਅਸੀਂ ਉਹਦੇ ਬਾਰ ਅੱਗੇ ਜਾ ਖੜ੍ਹੇ, ਗਿਆਨੀ ਨੇ ਖੰਘੂਰ ਮਾਰੀ ਤਾਂ ਉਹ ਅੱਖਾਂ ਪੁੱਟ ਕੇ ਸਾਡੇ ਵੱਲ ਝਾਕਿਆ। ਜੁੱਤੀ ਓਵੇਂ ਦੀ ਓਵੇਂ ਪਾਸੇ ਕਰਕੇ ਸੰਦੂਕੜੀ ਉੱਤੇ ਰੱਖ ਦਿੱਤੀ। ਖੜ੍ਹਾ ਹੋ ਗਿਆ-

"ਆਓ ਗਿਆਨੀ ਜੀ, ਲੰਘ ਆਓ।"

ਗਿਆਨੀ ਜੀ ਤੋਂ ਅੱਗੇ ਹੋ ਕੇ ਮੈਂ ਉਹਦੇ ਪੱਥਰ ਕੋਲ ਜਾ ਖੜ੍ਹਾ। ਗਿਆਨੀ ਦਾ ਰੁਮਾਲ ਸੱਜੇ ਖੀਸੇ ਵਿੱਚੋਂ ਬਾਹਰ ਨਿੱਕਲ ਆਇਆ ਸੀ। ਬੋਲੇ- "ਤੋਤੀ ਸਿਆਂ। ਇਹ ਭਾਈ ਸਾਅਬ ਆਏ ਨੇ। ਤੇਰੇ ਨਾਲ ਦੋ ਗੱਲਾਂ ਕਰਨਗੇ। ਤੂੰ ਬੈਠ ਕੇ ਗੱਲ ਕਰ।"

ਤੋਤੀ ਬੈਠਾ ਨਹੀਂ। ਚੌਂਤਰੇ ਤੋਂ ਥੱਲੇ ਉੱਤਰ ਕੇ ਵਿਹੜੇ ਵਿੱਚ ਗਿਆ। ਬਾਂਸ ਦੀਆਂ ਬਾਹੀਆਂ-ਸੇਰਵੇ ਵਾਲਾ ਚੌਕੜੇ ਦਾ ਬਣਿਆ ਮੰਜਾ ਚੁੱਕ ਲਿਆਇਆ। ਚੌਂਤਰੇ ਤੋਂ ਵਿਹੜੇ ਵਿੱਚ ਜਾਂਦਿਆਂ ਤੇ ਫਿਰ ਮੰਜਾ ਚੁੱਕ ਕੇ ਆਉਂਦਿਆਂ ਉਹਨੇ ਕਾਫ਼ੀ ਦੇਰ ਲਾ ਦਿੱਤੀ। ਹੌਲ਼ੀ-ਹੌਲ਼ੀ ਤੁਰਦਾ ਸੀ। ਉਹਦੇ ਇੱਕ ਪੈਰ ਉੱਤੇ ਪੱਟੀ ਬੰਨ੍ਹੀ ਹੋਈ ਸੀ। ਉਹ ਪੈਰ ਮਸਾਂ ਹੀ ਧਰਤੀ ਉੱਤੇ ਲਾ ਰਿਹਾ ਸੀ, ਜਿਵੇਂ ਬਹੁਤ ਤਕਲੀਫ਼ ਹੁੰਦੀ ਹੋਵੇ। ਗਿਆਨੀ ਜੀ ਨੇ ਸੁਲਾ ਵੀ ਮਾਰੀ ਸੀ ਤੋਤੀ ਸਿਆਂ, ਕੀ ਲੱਗਿਆ ਪੈਰ 'ਤੇ। ਤੋਤੀ ਸਿਆਂ, ਤੂੰ ਕਾਹਨੂੰ ਖੇਚਲ ਕਰਦੈਂ, ਲਿਆ ਮੰਜੀ ਮੈਂ ਡਾਹ ਦਿੰਨਾਂ।

ਪਰ ਤੋਤੀ ਨੇ ਗਿਆਨੀ ਜੀ ਦੀ ਇੱਕ ਵੀ ਗੱਲ ਨਹੀਂ ਸੁਣੀ। ਮੰਜਾ ਲਿਆ ਕੇ ਚੌਂਤਰੇ ਅੱਗੇ ਰੱਖ ਦਿੱਤਾ। ਮੰਜੇ ਤੇ ਚੌਂਤਰੇ ਵਿਚਕਾਰ ਥੋੜ੍ਹਾ ਹੀ ਫ਼ਾਸਲਾ ਰਹਿ ਗਿਆ ਸੀ। ਓਧਰ ਪਿੱਛੇ ਮੰਜਾ ਕੰਧ ਨਾਲ ਲੱਗਿਆ ਹੋਇਆ ਸੀ। ਨਿੱਕੀ ਜਿਹੀ ਤਾਂ ਦਰਵਾਜੜੀ ਸੀ ਇਹ। ਤਿੰਨ ਬੰਦਿਆਂ ਦੇ ਬੈਠਣ ਨਾਲ ਹੀ ਜਿਵੇਂ ਭਰ ਜਿਹੀ ਗਈ ਹੋਵੇ।

ਤੋਤੀ ਕੋਲ ਸਾਨੂੰ ਆਇਆਂ ਨੂੰ ਦੇਖ-ਸੁਣ ਕੇ ਗੁਵਾਂਢ ਵਿੱਚੋਂ ਦੋ ਬੰਦੇ ਹੋਰ ਆ ਗਏ। ਤੋਤੀ ਦੇ ਪੱਥਰ ਕੋਲ ਬੈਠ ਕੇ ਮੁਤਰ-ਮੁਤਰ ਸਾਡੇ ਵੱਲ ਝਾਕਣ ਲੱਗੇ। ਉਹਨਾਂ ਨੇ ਗਿਆਨੀ ਜੀ ਨੂੰ ਸਤਿ ਸ੍ਰੀ ਅਕਾਲ ਵੀ ਬੁਲਾਈ ਸੀ। ਮੇਰੇ ਵੱਲ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੇ ਸਨ।

ਨੱਕ ਮੂੰਹ ਤੋਂ ਰੁਮਾਲ ਪਰ੍ਹਾਂ ਹਟਾ ਕੇ ਗਿਆਨੀ ਜੀ ਨੇ ਉਹਨਾਂ ਦੇ ਬੰਦਿਆਂ ਨੂੰ ਵੀ ਦੱਸਿਆ "ਇਹ ਭਾਈ ਸਾਅਬ ਆਪਣੇ ਮਿਲਣ ਵਾਲੇ ਨੇ। ਪਿੰਡਾਂ ਦਾ ਸਰਵਾ ਕਰ ਰਹੇ ਨੇ। ਆਪਣੇ ਪਿੰਡ ਵੀ ਕਈ ਦਿਨਾਂ ਤੋਂ ਫਿਰਦੇ ਨੇ। ਇਹ ਆਪਣੇ ਤੋਂ ਕੁਛ ਗੱਲਾਂ ਪੁੱਛਣਗੇ। ਤੁਸੀਂ ਦੱਸੀ ਜਾਓ।"

"ਇਹ ਕਿਹੜੇ ਮਹਿਕਮੇ ਦੇ ਹੋਏ?" ਇੱਕ ਬੰਦੇ ਨੇ ਪੁੱਛਿਆ। ਇਹ ਤੀਹ ਬੱਤੀ ਸਾਲ ਦਾ ਇੱਕ ਨੌਜਵਾਨ ਸੀ। ਦਾਹੜੀ ਛਾਟੀ ਹੋਈ, ਪਰ ਮੁੱਛਾਂ ਮਰੋੜਾ ਦੇ ਕੇ ਰੱਖੀਆਂ ਹੋਈਆਂ। ਢਿਲਕੀ ਜਿਹੀ ਪੱਗ ਬੰਨ੍ਹੀ ਹੋਈ ਸੀ। ਕੰਨ ਉੱਤੇ ਟੌਰਾ ਲਮਕਦਾ ਸੀ। ਨਿੱਕੀਆਂ-

116

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ