ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/118

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

"ਦੱਸੋ ਜੀ, ਕੀ ਦੱਸਾਂ?"

"ਤੁਹਾਡੇ ਏਥੇ ਰਾਮਦਾਸੀਆਂ ਦੇ ਕਿੰਨੇ ਕੁ ਘਰ ਨੇ?"

"ਹੋਣੇ ਨੇ ਕੋਈ..."

"ਬਿਆਲੀ ਨੇ ਜੀ। ਚਾਲੀ ਤੇ ਦੋ।" ਨੌਜਵਾਨ ਵਿੱਚੋਂ ਹੀ ਬੋਲ ਪਿਆ।

"ਇਹ ਜੁੱਤੀਆਂ ਸਿਉਣ ਦਾ ਕੰਮ ਕਿੰਨੇ ਕੁ ਘਰ ਕਰਦੇ ਐ?" ਮੈਂ ਪੁੱਛਿਆ।

ਤੋਤੀ ਤੋਂ ਪਹਿਲਾਂ ਹੀ ਨੌਜਵਾਨ ਫਿਰ ਬੋਲ ਪਿਆ- "ਇਹ ਕੰਮ ਤਾਂ ਹੁਣ ਚਾਰ ਪੰਜ ਘਰ ਈ ਕਰਦੇ ਐ, ਸਰਕਾਰ ਸਾਅਬ।"

"ਬਾਕੀ?"

"ਬਾਕੀ ਸਭ ਖੇਤਾਂ 'ਚ ਦਿਹਾੜੀ ਕਰਨ ਜਾਂਦੇ ਐ। ਪਿੰਡ 'ਚ ਵੀ ਦਿਹਾੜੀ ਕਰਦੇ ਐ। ਕੁਝ ਬੰਦੇ ਜੱਟਾਂ ਨਾਲ ਸੀਰੀ ਰਲੇ ਹੋਏ ਐ। ਕਈ ਸ਼ਹਿਰ ਚਲੇ ਜਾਂਦੇ ਐ।" ਨੌਜਵਾਨ ਹੀ ਬੋਲ ਰਿਹਾ ਸੀ।

"ਕੋਈ ਏਧਰ ਓਧਰ ਵਪਾਰ ਦਾ ਕੰਮ ਵੀ ਕਰਦਾ ਹੋਵੇਗਾ?"

"ਵਪਾਰ? ਗ਼ਰੀਬਾਂ ਦੇ ਵਪਾਰ ਕਾਹਦੇ ਨੇ ਜੀ। ਬੁੱਢਾ ਖੰਘ ਕੇ ਬੋਲਿਆ।

"ਇੱਕ ਬੰਦਾ ਐ। ਮੰਡੀਆਂ 'ਤੇ ਜਾਂਦਾ ਐ। ਮੰਡੀਆਂ ਦਾ ਵਪਾਰੀ ਐ। ਦੋ ਤਿੰਨ ਮੱਝਾਂ ਹਮੇਸ਼ਾ ਈ ਰੱਖਦੈ।" ਨੌਜਵਾਨ ਨੇ ਦੱਸਿਆ।

"ਵਿਹੜੇ ਦੇ ਕਿੰਨੇ ਕ ਮੁੰਡੇ ਦਸਵੀਂ ਪਾਸ ਨੇ?" ਮੈਂ ਪੁੱਛਿਆ।

"ਮੁੰਡੇ, ਤਿੰਨ ਮੁੰਡੇ ਦਸਵੀਂ ਕਰ 'ਗੇ ਸੀ। ਦੋ ਬਿਜਲੀ ’ਚ ਕੰਮ ਕਰਦੇ ਐ, ਇੱਕ ਮਾਸਟਰ ਐ।"

"ਹੁਣ ਸਕੂਲ ’ਚ ਹੋਰ ਮੁੰਡੇ ਵੀ ਪੜ੍ਹਦੇ ਹੋਣਗੇ? ਹਾਈ ਸਕੂਲ ਐ ਐਥੇ।"

"ਕੁਛ ਨ੍ਹੀਂ ਬਸ, ਪੰਜ-ਸੱਤ ਜਾਂਦੇ ਹੋਣੇ ਨੇ। ਫੇਲ੍ਹ ਹੋਈ ਜਾਂਦੇ ਐ। ਦਸਵੀਂ ਕੀਤੀ ਤਾਂ ਕਿਸੇ ਵੀ ਸੁਣੀ ਨ੍ਹੀਂ ਪੜ੍ਹਾਈਆਂ ਵੀ ਮਾਰ੍ਹਾਜ ਕਿੱਥੋਂ ਹੁੰਦੀਆਂ ਨੇ ਗ਼ਰੀਬਾਂ ਤੋਂ।" ਇਸ ਵਾਰ ਬੁੱਢਾ ਬੋਲਿਆ।

"ਘੁੰਮਣ ਸੂੰ ਵੀ ਆਪਣੇ ਪਿੰਡ ਦਾ ਈ ਐ। ਤਿੰਨ ਮੁੰਡੇ ਨੇ ਉਹਦੇ। ਤਿੰਨੇ ਅਫ਼ਸਰ ਨੇ। ਇੱਕ ਤਾਂ ਜੱਜ ਐ, ਮੇਰੀ ਜਾਣ ’ਚ। ਦੂਜਾ ਥਾਣੇਦਾਰ ਐ, ਕਦੇ-ਕਦੇ ਆਉਂਦਾ ਹੁੰਦੈ ਏਥੇ। ਤੀਜਾ ਹੈੱਡ ਮਾਸਟਰ ਐ, ਸੁਣਿਐ।" ਗਿਆਨੀ ਜੀ ਨੇ ਹੁੱਬ ਕੇ ਦੱਸਿਆ।

"ਘੁੰਮਣ ਸੂੰ ਸਾਡੇ 'ਚ ਕਿਮੇ ਹੋ ਗਿਆ, ਗਿਆਨੀ ਜੀ?" ਨੌਜਵਾਨ ਨੇ ਪ੍ਰਸ਼ਨ ਕੀਤਾ। "ਕਿਉਂ?"

"ਘੁੰਮਣ ਸੂੰ ਤਾਂ ਸ਼ਹਿਰ ਰਹਿੰਦੈ। ਮਾਰ ਫੜ ਕੇ ਐਡੀ ਵੱਡੀ ਕੋਠੀ ਐ ਉਹਦੀ। ਐਥੇ ਤਾਂ ਉਹਦਾ ਕੁਛ ਵੀ ਨ੍ਹੀਂ। ਮੁੰਡੇ ਸਰਦਾਰੀ ਕਰਦੇ ਐ। ਸਾਨੂੰ ਤਾਂ ਉਹ ਨੱਕ ਥੱਲੇ ਈ ਨ੍ਹੀਂ ਲਿਆਉਂਦਾ। ਸਾਸਰੀ 'ਕਾਲ ਵੀ ਨ੍ਹੀਂ ਮੰਨਦਾ। ਜਿਵੇਂ ਚਮਿਆਰ ਰਹਿਆ ਈ ਨਾ ਹੋਵੇ। ਜੀਹਨੂੰ ਤੁਸੀਂ ਜੱਜ ਦੱਸਦੇ ਓਂ, ਕਹਿੰਦੇ ਬਾਣੀਆਂ ਦੀ ਕੁੜੀ ਨਾਲ ਵਿਆਹ ਕਰਾਇਆ ਹੋਇਐ। ਘੁੰਮਣ ਸੂੰ ਤਾਂ ਹੁਣ ਉੱਚੀ ਜਾਤ ਦਾ ਸਮਝਦੈ ਆਪਣੇ ਆਪ ਨੂੰ, ਸਾਡਾ ਉਹ ਕਿਮੇ ਰਹਿ ਗਿਆ। ਉਹਦੀਆਂ ਤਾਂ ਹੁਣ ਵੱਡੇ-ਵੱਡੇ ਲੋਕਾਂ ਨਾਲ ਯਾਰੀਆਂ ਨੇ। ਅਸੀਂ ਕਮੀਣ ਉਹਦੇ ਨੱਕ ਥੱਲੇ ਕਿੱਥੇ ਆਂ?" ਨੌਜਵਾਨ ਨੇ ਚੱਬ-ਚੱਬ ਗੱਲਾਂ ਦੱਸੀਆਂ।

118
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ