ਅੱਠ ਨੌਂ ਜਮਾਤਾਂ ਹੀ ਪੜ੍ਹ ਸਕਿਆ ਸੀ। ਪਿੰਡ ਵਿੱਚ ਤਾਂ ਪ੍ਰਾਇਮਰੀ ਸਕੂਲ ਸੀ। ਓਥੇ ਉਹਨੇ ਪੰਜ ਜਮਾਤਾਂ ਕਰ ਲਈਆਂ। ਫਿਰ ਮੰਡੀ ਦੇ ਸਕੂਲ ਵਿੱਚ ਜਾਣ ਲੱਗਿਆ। ਮੰਡੀ ਉਹਨਾਂ ਦੇ ਪਿੰਡੋਂ ਚਾਰ ਮੀਲ ਸੀ। ਭਜਨ ਤੁਰ ਕੇ ਜਾਂਦਾ। ਸਾਈਕਲ ਨਾ ਉਹਨਾਂ ਦੇ ਘਰ ਵਿੱਚ ਸੀ ਤੇ ਨਾ ਹੀ ਉਹਨੂੰ ਚਲਾਉਣਾ ਆਉਂਦਾ। ਚਾਰ ਮੀਲ ਤੁਰਨਾ ਔਖਾ ਲੱਗਦਾ। ਮਾਂ-ਬਾਪ ਬਿਰਧ ਸਨ। ਤੜਕੇ ਸਦੇਹਾਂ ਉੱਠ ਕੇ ਮਾਂ ਤੋਂ ਰੋਟੀ ਨਾ ਪੱਕਦੀ। ਮਾਂ ਨੂੰ ਗਠੀਏ ਦਾ ਰੋਗ ਸੀ। ਕਦੇ-ਕਦੇ ਭਜਨ ਨੂੰ ਭੁੱਖਿਆਂ ਹੀ ਸਕੂਲ ਜਾਣਾ ਪੈਂਦਾ। ਉਹ ਪੜ੍ਹਾਈ ਵਿੱਚ ਕਮਜ਼ੋਰ ਵੀ ਸੀ। ਨੌਵੀਂ ਵਿੱਚ ਜਾ ਕੇ ਉਹ ਜਮ੍ਹਾਂ ਹੀ ਰਹਿ ਗਿਆ। ਪਿਓ ਤੋਂ ਸਿਲਾਈ ਦਾ ਕੰਮ ਹੁੰਦਾ ਨਹੀਂ ਸੀ। ਅੱਖਾਂ ਦੀ ਨਜ਼ਰ ਬਹੁਤ ਘਟ ਚੁੱਕੀ ਸੀ। ਦੁਰਗਾ ਛੁੱਟੀ ਆਇਆ। ਓਦੋਂ ਤਾਂ ਭਜਨ ਮਰੂੰ-ਮਰੂੰ ਕਰਦਾ ਸੀ। ਪਹਿਲਾਂ-ਪਹਿਲਾਂ ਬਠਿੰਡੇ ਜੀਅ ਹੀ ਨਾ ਲਾਇਆ। ਦੁਰਗਾ ਉਹਨੂੰ ਗਾਲ੍ਹਾਂ ਕੱਢਦਾ, “ਓਏ ਤੂੰ, ਵਿਹਲਾ ਪਿੰਡ ਰਹਿ ਕੇ ਕੀ ਕਰੇਂਗਾ? ਚਾਰ ਅੱਖਰ ਢਿੱਡ ‘ਚ ਪਾ ਲੈਂਦਾ, ਉਹ ਨਾ ਤੈਥੋਂ ਪਏ। ਆਪਾਂ ਜੱਟ ਹੁੰਦੇ ਤਾਂ ਤੂੰ ਖੇਤੀ ਕਰਦਾ। ਬਾਣੀਏ ਹੁੰਦੇ, ਦੁਕਾਨ ‘ਤੇ ਬਹਿ ਜਾਂਦਾ। ਦੱਸ ਕੀ ਕਰਾਂਗੇ ਤੇਰਾ?”
ਉਸ ਦਿਨ ਮੰਗਣੇ ਤੋਂ ਬਾਅਦ ਭਜਨ ਕਾਹਲ ਕਰ ਰਿਹਾ ਸੀ ਕਿ ਉਹਨੇ ਛੇਤੀ ਵਾਪਸ ਬਠਿੰਡੇ ਨੂੰ ਮੁੜਨਾ ਹੈ। ਜਾ ਕੇ ਦੁਕਾਨ ਵਧਾਉਣੀ ਹੈ। ਕਾਰੀਗਰ ਉਡੀਕਦੇ ਹੋਣਗੇ, ਪਰ ਬਿੱਕਰ ਨੇ ਉਹਦੇ ਪੈਰ ਨਹੀਂ ਛੱਡੇ। ਆਖ ਰਿਹਾ ਸੀ, “ਮਾਸਟਰ ਜੀ, ਮਸਾਂ ਆਏ ਓ ਪਿੰਡ, ਕਿੰਨੇ ਸਾਲਾਂ ਪਿੱਛੋਂ, ਅੱਜ ਨੀਂ ਤੀਹੋਕਾਲ ਥੋਨੂੰ ਜਾਣ ਦਿੰਦਾ ਮੈਂ। ਮਾਰੋ ਚਾਹੇ ਛੱਡੋ, ਜਾਣਾ ਨ੍ਹੀਂ। ਇਹ ਮੇਰੀ ਇੱਜ਼ਤ ਦਾ ਸਵਾਲ ਐ। ਤੁਸੀਂ ਮੇਰੇ ਗੁਰੂ, ਤੁਸੀਂ ਮੇਰੇ ਪੀਰ-ਪੈਗ਼ੰਬਰ, ਮੇਰੇ ਪਿਓ ਤੁਸੀਂ ਓਂ।” ਮਿਹਰ ਸਿੰਘ ਨੂੰ ਕਿਹਾ, “ਬਾਪੂ ਜੀ, ਮਾਸਟਰ ਜੀ ਦਾ ਬੈਗ ਫੜ ਲੋ। ਚੱਲੋ, ਉੱਤੇ ਚੁਬਾਰੇ ‘ਚ।
ਉਸ ਦਿਨ ਮਿਹਰ ਸਿੰਘ ਤੇ ਭਜਨ ਖਾਸੀ ਰਾਤ ਤਾਈਂ ਪੀਂਦੇ ਰਹੇ। ਹੋਰ ਉਹਨਾਂ ਕੋਲ ਕੋਈ ਨਹੀਂ ਸੀ। ਬਿੱਕਰ ਵਿਚਕਾਰ ਦੀ ਦੋ-ਤਿੰਨ ਗੇੜੇ ਮਾਰ ਗਿਆ ਸੀ। ਬਰਫ਼ ਦੇ ਜਾਂਦਾ, ਖਾਰੇ ਸੋਡੇ ਤੇ ਤੱਤਾ ਕੀਤਾ ਮੀਟ। ਹਰ ਵਾਰ ਉਹ ਭਜਨ ਸਿੰਘ ਦੇ ਪੈਰ ਘੁੱਟ ਕੇ ਜਾਂਦਾ। ਆਖਦਾ, “ਮਾਸਟਰ ਜੀ, ਮੈਨੂੰ ਮੰਗਣੇ ਦੀ ਐਨੀ ਖ਼ੁਸ਼ੀ ਨਹੀਂ, ਜਿੰਨਾ ਚਾਅ ਮੈਨੂੰ ਥੋਡੇ ਆਉਣ ਦੈ। ਅੱਜ ਮੇਰੀ ਰੂਹ ਖ਼ੁਸ਼ ਹੋ ’ਗੀ।”
ਰੋਟੀ ਖਾਂਦੇ ਮਿਹਰ ਸਿੰਘ ਤੇ ਭਜਨ ਹੱਸ ਰਹੇ ਸਨ, ਹੁਣ ਜ਼ਾਤ ਨਾਲ ਕੰਮ ਜੁੜਿਆ ਹੋਇਆ ਨਹੀਂ, ਕੰਮ ਨਾਲ ਬੰਦੇ ਦੀ ਮਹਿਮਾ ਜੁੜ ਗਈ। ਜੱਟ ਆੜ੍ਹਤ ਦੀਆਂ ਦੁਕਾਨਾਂ ਕਰਦੇ ਨੇ, ਬਾਣੀਏ ਹੱਡਾਂ ਦਾ ਠੇਕਾ ਲੈਂਦਾ ਤੇ ਬਾਮ੍ਹਣ ਸ਼ਰਾਬ ਦੇ ਠੇਕੇਦਾਰ ਬਣ ਗਏ, ਮਜ਼ਹਬੀ-ਰਾਮਦਾਸੀਏ ਦੁੱਧ ਢੋਣ ਦਾ ਕੰਮ ਕਰਨ ਲੱਗ ਪਏ। ਹੇਠਲੀ ਉੱਤੇ ਆ ਗਈ। ਸ਼ਹਿਰਾਂ ਵਿੱਚ ਤਾਂ ਸਾਰੀਆਂ ਜ਼ਾਤਾਂ ਇੱਕ ਭਾਂਡੇ ਖਾਂਦੀਆਂ ਹਨ। ਪੈਸਾ ਮੁੱਖ ਹੋ ਗਿਆ, ਚਾਹੇ ਕਿਤੋਂ ਵੀ ਬਣਦਾ ਹੋਵੇ।
ਬਿੱਕਰ ਭਜਨ ਸਿੰਘ ਨੂੰ ਘਰ ਤੱਕ ਛੱਡਣ ਆਇਆ। ਉਹ ਤਾਂ ਕਹਿ ਰਿਹਾ ਸੀ, “ਐਥੇ ਚੁਬਾਰੇ ’ਚ ਪੈ ਜੋ ਮਾਸਟਰ ਜੀ, ਐਸ ਵੇਲੇ ਅੱਧੀ ਰਾਤ ਹੁਣ ਕਿੱਥੇ ਬੀਹੀਆਂ 'ਚ ਠੇਡੇ ਖਾਂਦੇ ਜਾਓਗੇ, ਉਹਨਾਂ ਨੂੰ ਜਗਾਓਗੇ ਜਾ ਕੇ।”
ਚੰਗੀ ਗੱਲ
139