ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/142

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਜਸ਼ਨ

‘ਜਸ਼ਨ ਮੈਰਿਜ ਪੈਲੇਸ’ ਵਿੱਚ ਉਸ ਰਾਤ ਅੱਠ ਵਜੇ ਉਹਦੇ ਸਾਲ਼ੇ ਦੇ ਮੁੰਡੇ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਸੀ। ਮੁੰਡਾ ਪਿਛਲੇ ਦਿਨ ਵਿਆਹ ਕੇ ਲਿਆਂਦਾ ਸੀ। ਬਾਰਾਤ ਵਿੱਚ ਬਹੁਤੇ ਬੰਦੇ ਨਹੀਂ ਗਏ। ਸਿਰਫ਼ ਚਾਲੀ ਬੰਦੇ ਸਨ। ਅਗਲਿਆਂ ਨੇ ਵਿਆਹ ਬੜੀ ਠਾਠ-ਬਾਠ ਨਾਲ ਕੀਤਾ ਸੀ। ਪੂਰਾ ਦਾਜ-ਦਹੇਜ਼ ਦਿੱਤਾ। ਫਰਿੱਜ, ਟੈਲੀਵਿਜ਼ਨ, ਸੋਫ਼ਾ ਸੈੱਟ, ਮਹਿੰਗੀਆਂ-ਮਹਿੰਗੀਆਂ ਸਭ ਚੀਜ਼ਾਂ ਸਨ। ਕੱਪੜਿਆਂ ਦਾ ਅੰਤ ਨਹੀਂ ਸੀ। ਮੁੰਡੇ ਨੂੰ ਮਾਰੂਤੀ ਕਾਰ ਵੀ ਦਿੱਤੀ ਸੀ। ਐਕਟ੍ਰੇਸ ਵਰਗੀ ਕੁੜੀ ਸੀ ਫੇਰ। ਉਹਨਾਂ ਨੇ ਤਾਂ ਬਾਰਾਤ ਨੂੰ ਵੀ ਕਿਹਾ ਸੀ ਕਿ ਜਿੰਨੇ ਮਰਜ਼ੀ ਆ ਜਾਓ, ਪਰ ਉਹ ਸਿਰਫ਼ ਚਾਲੀ ਗਏ ਸਨ। ਨੌਜਵਾਨ ਮੁੰਡੇ ਤੇ ਨੌਜਵਾਨ ਕੁੜੀਆਂ ਬਾਰਾਤ ਵਿੱਚ ਸ਼ਾਮਲ ਸਨ। ਗਿੱਧੇ-ਭੰਗੜੇ ਪਾਉਂਦੇ, ਗੀਤ ਗਾਉਂਦੇ ਤੇ ਮਸਤੀਆਂ ਵਿੱਚ ਝੂਮਦੇ। ਉਹਦੇ ਸਾਲ਼ੇ ਜੋਗਿੰਦਰ ਪਾਲ ਦਾ ਵਿਚਾਰ ਸੀ ਕਿ ਬਾਰਾਤ ਥੋੜ੍ਹੀ ਹੀ ਠੀਕ ਹੈ। ਘਰਦਿਆਂ-ਘਰਦਿਆਂ ਨੂੰ ਲੈ ਕੇ ਜਾਵਾਂਗੇ ਪਰ ਰਿਸੈਪਸ਼ਨ ‘ਤੇ ਸਭ ਨੂੰ ਸੱਦਾਂਗੇ, ਰਿਸੈਪਸ਼ਨ ਵੇਲੇ ਹੀ ਲਾਵਾਂਗੇ ਪੂਰਾ ਜ਼ੋਰ। ਕੁੱਲ੍ਹ ਦੁਨੀਆ ਆਵੇਗੀ। ਮੁੰਡੇ ਦੇ ਸਹੁਰੀਂ ਵਿਆਹ ਵੇਲੇ ਤਾਂ ਕੁੜੀ ਵਾਲਿਆਂ ਦਾ ਫੰਕਸ਼ਨ ਹੈ ਓਥੇ, ਆਪਣਾ ਥੋੜ੍ਹਾ ਹੈ। ਆਪਾਂ ਤਾਂ ਜਾਣਾ ਹੈ ਤੇ ਕੁੜੀ ਲੈ ਆਉਣੀ ਹੈ। ਫੰਕਸ਼ਨ ਤਾਂ ਉਹਨਾਂ ਦਾ ਹੈ। ਆਪਾਂ ਨੇ ਕੀ ਕਰਨਾ ਹੈ ਬਹੁਤੇ ਬੰਦਿਆਂ ਨੇ ਜਾ ਕੇ। ਰਾਮ ਨਾਰਾਇਣ ਸੋਚਦਾ ਸੀ, ਜੇ ਬਾਰਾਤ ਵਿੱਚ ਘਰ ਦੇ ਬੰਦੇ ਹੀ ਗਏ ਸਨ ਤਾਂ ਉਹਨਾਂ ਵਿੱਚ ਉਹ ਕਿਉਂ ਨਹੀਂ ਸੀ? ਕੀ ਉਹ ਘਰ ਦਾ ਨਹੀਂ ਸੀ? ਸਵੇਰੇ-ਸਵੇਰੇ ਉੱਠ ਕੇ ਸਭ ਤਿਆਰ ਹੋਏ ਸਨ। ਘਰ ਵਿੱਚ ਸ਼ੋਰ ਪਿਆ ਹੋਇਆ ਸੀ। ਉਹਨੂੰ ਉੱਤੇ ਚੁਬਾਰੇ ਵਿੱਚ ਪਏ ਨੂੰ ਕਿਉ ਨਹੀਂ ਜਗਾਇਆ ਗਿਆ ਸੀ? ਉਹਨੂੰ ਤਾਂ ਸਵੇਰ ਦੀ ਚਾਹ ਵੀ ਨਹੀਂ ਦਿੱਤੀ ਗਈ ਸੀ। ਸਭ ਨੇ ਸੋਚਿਆ ਹੋਵੇਗਾ, ਉਹਨੂੰ ਜਗਾ ਕੇ ਕੀ ਕਰਨਾ ਹੈ। ਉਹਨੂੰ ਕਿਹੜਾ ਨਾਲ ਲੈ ਕੇ ਜਾਣਾ ਹੈ। ਹੋਰ ਤਾਂ ਹੋਰ ਉਹਦੀ ਆਪਣੀ ਘਰਵਾਲੀ ਵੀ ਉਹਨੂੰ ਜਗਾਉਣ ਨਹੀਂ ਆਈ। ਚਾਹ ਵੀ ਨਹੀਂ ਦੇ ਕੇ ਗਈ। ਬਾਰਾਤ ਵਿੱਚ ਸਾਂਢੂ ਗਿਆ ਸੀ ਮੁਹਰੀ ਬਣ ਕੇ। ਦੋਵੇਂ ਭੈਣਾਂ ਗਈਆਂ ਸਨ, ਘੋੜੀਆਂ ਵਾਂਗ ਤੰਗ-ਪੈੜਾ ਕੱਸ ਕੇ। ਸਾਂਢੂ ਨੇ ਤਾਂ ਕੀ ਸੋਚਿਆ ਹੋਵੇਗਾ, ਉਹਦੇ ਸਾਲ਼ੇ ਜੋਗਿੰਦਰ ਪਾਲ ਨੂੰ ਸੋਚਣਾ ਚਾਹੀਦਾ ਸੀ ਕਿ ਵੱਡਾ ਭਣੋਈਆ ਜਸਵੰਤ ਰਾਏ, ਜੋ ਬਾਰਾਤ ਜਾ ਰਿਹਾ ਹੈ ਤਾਂ ਛੋਟਾ ਰਾਮ ਨਾਰਾਇਣ ਵੀ ਜਾਵੇ। ਉਹਦੀ ਘਰਵਾਲੀ ਮੀਨਾਕਸ਼ੀ ਨੂੰ ਸ਼ਰਮ ਨਹੀਂ ਆਈ, ਇਕੱਲੀ ਉੱਠ ਕੇ ਤੁਰ ਗਈ। ਉਹ ਤਾਂ ਓਦੋਂ ਚੁਬਾਰੇ ਵਿੱਚੋਂ ਬਾਹਰ ਆਇਆ ਸੀ, ਜਦੋਂ ਬਾਰਾਤ ਜਾ ਚੁੱਕੀ ਸੀ।

142
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ