ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਵਣ ਦੀ ਬਹੂ ਨੇ ਪਾਣੀ ਦੀ ਟੋਕਣੀ ਚੁੱਲ੍ਹੇ ਉੱਤੇ ਧਰ ਰੱਖੀ ਸੀ। ਸਬਾਤ ਵਿੱਚੋਂ ਉਹ ਆਟਾ ਛਾਣ ਕੇ ਲਿਆਈ। ਗਵਾਂਢਣ ਉਹਨਾਂ ਦੇ ਵਿਹੜੇ ਵਿੱਚ ਖੜ੍ਹੀ ਸੀ। ਸੱਸ ਘਰ ਨਹੀਂ ਸੀ।

'ਕੁੜੇ ਮੂੰਹ ’ਤੇ ਭਲੂਨ ਜਹੀ ਫਿਰੀ ਲੱਗਦੀ ਐ?' ਗਵਾਂਢਣ ਨੇ ਤਾੜਵੀਆਂ ਅੱਖਾਂ ਨਾਲ ਪੁੱਛਿਆ।

ਬਹੂ ਮੁਸਕਰਾ ਪਈ, ਪਰ ਬੋਲੀ ਕੁਝ ਨਾ।

ਗਵਾਂਢਣ ਦੀਆਂ ਨਜ਼ਰਾਂ ਬਹੂ ਦੇ ਸਾਰੇ ਸਰੀਰ ਨੂੰ ਫਰੋਲ ਗਈਆਂ ਸਨ।

'ਲੈ ਚਾਚੀ, ਅਜੇ ਕਿੱਥੇ? ਦੂਜੀ ਵਾਰ ਤਾਂ ਹੁਣ ਆਈ ਆਂ ਮੈਂ।' ਬਹੂ ਨੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ।

ਗੱਲ ਅਜੇ ਉਸ ਦੇ ਮੂੰਹ ਵਿੱਚ ਹੀ ਸੀ ਕਿ ਸਰਵਣ ਦੀ ਮਾਂ ਨੇ ਅੰਦਰ ਪੈਰ ਰੱਖਿਆ। ਗਵਾਂਢਣ ਚੁੱਪ ਕਰ ਗਈ। ਸਰਵਣ ਦੀ ਮਾਂ ਤੋਂ ਇੱਕ ਲੱਪ ਮੂੰਗੀ ਉਧਾਰੀ ਲੈ ਕੇ ਉਹ ਚਲੀ ਗਈ। ਸਰਵਣ ਘਰ ਆਇਆ। ਸਿਰ ਉੱਤੋਂ ਮੋਟੀ ਮਲਮਲ ਦਾ ਬਦਾਮੀ ਸਾਫ਼ਾ ਲਾਹ ਕੇ ਉਸ ਨੇ ਝਾੜਿਆ। ਚਰ੍ਹੀ ਦੇ ਨਿੱਕੇ ਪਤਲੇ ਡੋਡੇ ਸਾਫ਼ੇ ਵਿੱਚੋਂ ਤਿੜਕ ਕੇ ਚੌਂਤਰੇ ਉੱਤੇ ਖਿੰਡ ਗਏ। ਕੰਧੋਲੀ ਕੋਲ ਆਟਾ ਗੁੰਨ੍ਹ ਰਹੀ ਉਹਦੀ ਬਹੂ ਕਹਿੰਦੀ, 'ਓਏ ਲੋਹੜਾ, ਕੱਟੇ ਦਾ ਰੱਜ ਤਾਂ ਸਿਰ ’ਚ ਈ ਲਈ ਫਿਰਦੈਂ।' ਸਰਵਣ ਦੇ ਬੁੱਲ੍ਹਾਂ ਉੱਤੇ ਪੋਲੀ ਜਿਹੀ ਮੁਸਕਾਣ ਖੇਡ ਗਈ, ਪਰ ਉਹ ਬੋਲਿਆ ਕੁਝ ਨਾ।

ਹਨੇਰਾ ਡੂੰਘਾ ਹੁੰਦਾ ਜਾ ਰਿਹਾ ਸੀ।

ਅੱਸੂ-ਕੱਤੇ ਦੀ ਰੁੱਤ।

ਸਰਵਣ ਦੇ ਮੱਥੇ ਉੱਤੇ ਮੁੜ੍ਹਕੇ ਦੀ ਜਿਲ੍ਹਬ ਜੰਮੀ ਹੋਈ ਸੀ। ਸਾਫ਼ੇ ਦੇ ਲੜ ਨਾਲ ਉਸ ਨੇ ਮੱਥਾ ਰਗੜਿਆ। ਚਰ੍ਹੀ ਦੇ ਨਿੱਕੇ-ਨਿੱਕੇ ਪੱਤਰੇ ਸਾਫ਼ੇ ਦੇ ਲੜ ਨਾਲ ਚਿਮਟ ਗਏ। ਲੜ ਉਸ ਨੇ ਝੰਜਕ ਦਿੱਤਾ।

ਲਾਲਟੈਨ ਦੀ ਮੱਧਮ ਰੌਸ਼ਨੀ ਵਿੱਚ ਉਸ ਨੇ ਕੱਚੀ ਕੰਧ ਵਿੱਚ ਗੱਡਿਆ ਇੱਕ ਕੀਲਾ ਦੇਖਿਆ ਤੇ ਸਾਫ਼ੇ ਨੂੰ ਚੌਲੜਾ ਕਰਕੇ ਕੀਲੇ ਉੱਤੇ ਟੰਗ ਦਿੱਤਾ।

ਉਸ ਨੂੰ ਤੇਹ ਲੱਗੀ ਹੋਈ ਸੀ। ਕੁਤਰੇ ਵਾਲੀ ਮਸ਼ੀਨ ਫੇਰ ਕੇ ਉਸ ਦਾ ਦਮ ਚੜ੍ਹ ਗਿਆ ਸੀ। ਉਸ ਦਾ ਅੰਦਰ ਜਿਵੇਂ ਖ਼ਾਲੀ-ਖ਼ਾਲੀ ਹੋ ਗਿਆ ਹੋਵੇ। ਉਸ ਦੀ ਜੀਭ ਜਿਵੇਂ ਖੁਸ਼ਕ ਹੋ ਗਈ ਹੋਵੇ। ਉਸ ਦੇ ਗਲ ਦੀਆਂ ਦੋ ਨਾੜਾਂ ਧੜਕ ਰਹੀਆਂ ਸਨ। ਪਾਣੀ ਵਾਲੀ ਤੌੜੀ ਵੱਲ ਉਸ ਨੇ ਨਿਗਾਹ ਮਾਰੀ। ਤੌੜੀ ਚੌਂਤਰੇ ਦੇ ਇੱਕ ਖੂੰਜੇ ਵਿੱਚ ਕੱਕੇ ਰੇਤੇ ਦੀ ਢੇਰੀ ਉੱਤੇ ਪਈ ਸੀ। ਭਾਂਡਿਆਂ ਵਾਲੇ ਟੋਕਰੇ ਵਿੱਚੋਂ ਉਸ ਨੇ ਪਿੱਤਲ ਦਾ ਇੱਕ ਗਲਾਸ ਲਿਆ ਤੇ ਹਾਬੜ ਕੇ ਤੌੜੀ ਉੱਤੇ ਜਾ ਝੁਕਿਆ। ਕੰਗਣੀ ਵਾਲਾ ਗਲਾਸ ਇੱਕੋ ਸਾਹ ਉਹ ਸਾਰਾ ਪੀ ਗਿਆ। ਠੰਢੇ ਪਾਣੀ ਨਾਲ ਢਿੱਡ ਭਰ ਕੇ ਜਿਵੇਂ ਉਸ ਨੂੰ ਸ਼ਾਂਤੀ ਆ ਗਈ ਹੋਵੇ। ਜਿਵੇਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਹੋਣ। ਤੌੜੀ ਦਾ ਚੱਪਣ ਉਸ ਦੇ ਖੱਬੇ ਹੱਥ ਵਿੱਚ ਸੀ। ਪਤਾ ਨਹੀਂ ਉਹਦੇ ਦਿਮਾਗ਼ ਵਿੱਚ ਕਿਹੜੀ ਗੱਲ ਘੁੰਮ ਰਹੀ ਸੀ? ਪਤਾ ਨਹੀਂ ਦਸੌਂਧਾ ਸਿੰਘ ਦੇ ਘਰੋਂ ਉਹ ਗੁਆਚਿਆ ਜਿਹਾ ਕਿਉਂ ਆਇਆ ਸੀ? ਤੌੜੀ ਉੱਤੇ ਧਰਨਾ ਤਾਂ ਚੱਪਣ ਸੀ, ਪਰ ਉਸ ਦੇ ਸੱਜੇ ਹੱਥੋਂ ਕੰਗਣੀ ਵਾਲਾ ਗਲਾਸ ਹੀ

ਦੇਸ਼ ਦਾ ਰਾਖਾ

155