ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦਾਜ਼ੇ ਲਾਉਂਦੇ ਰਹੇ ਕਿ ਉਸ ਵਿਚਾਰੇ ਨਾਲ ਇਹ ਘਟਨਾ ਆਖ਼ਰ ਵਾਪਰੀ ਕਿਵੇਂ। ਤੇਜ਼-ਤੇਜ਼ ਸਾਡੇ ਪਿੱਛੋਂ ਦੀ ਦੋ ਸਾਇਕਲ ਹੋਰ ਆ ਕੇ ਰਲ ਗਏ। ਸਾਡੀਆਂ ਗੱਲਾਂ ਚੱਲੀਆਂ ਸੁਣ ਕੇ ਉਹਨਾਂ ਨੇ ਵੀ ਝਿਜਕ ਜਿਹੀ ਨਾਲ ਗੱਲ ਤੋਰ ਲਈ।

ਹੁਣ ਅਸੀਂ ਚਾਰੇ ਜਣੇ ਸਾਇਕਲਾਂ ਨੂੰ ਨੇੜੇ-ਨੇੜੇ ਕਰਕੇ ਗੱਲਾਂ ਕਰ ਰਹੇ ਸਾਂ। ਚਾਰਾਂ ਦੇ ਮਨਾਂ ਵਿੱਚ ਇੱਕ ਸਹਿਮ ਜਿਹਾ ਸੀ। ਮੈਨੂੰ ਚਰਜ ਲੱਗਿਆ ਹੋਇਆ ਸੀ ਕਿ ਆਦਮੀ ਉਹ ਪਤਾ ਨਹੀਂ ਕੌਣ ਮਰ ਗਿਐ, ਕੀਹਨੇ ਮਾਰ ਦਿੱਤੈ, ਕਿਵੇਂ ਮਾਰ ਦਿੱਤੈ, ਪਰ ਸਾਨੂੰ ਇਹ ਪਾਲ਼ਾ ਜਿਹਾ ਕਿਉਂ ਚੜ੍ਹਿਆ ਹੋਇਐ?

ਪਿੰਡ ਆ ਕੇ ਆਪਣੇ ਘਰ ਮੈਂ ਰੋਟੀ ਖਾਣ ਬੈਠਾ ਤਾਂ ਮੇਰੀਆਂ ਅੱਖਾਂ ਸਾਹਮਣੇ ਉਸ ਬੰਦੇ ਦੇ ਸਿਰ ਵਿੱਚੋਂ ਵਹਿ ਰਿਹਾ ਖ਼ੂਨ ਦਿਸਣ ਲੱਗ ਪਿਆ। ਮੈਂ ਅਜੇ ਇੱਕ ਬੁਰਕੀ ਹੀ ਮੁੰਹ ਵਿੱਚ ਪਾਈ ਕਿ ਮੇਰੀ ਛੋਟੀ ਕੁੜੀ ਨੇ ਥਾਲੀ ਵਿੱਚੋਂ ਖੰਨਾ-ਰੋਟੀ ਚੁੱਕ ਕੇ ਬੁਰਕੀ ਤੋੜ ਲਈ। ਉਸਦੇ ਹੱਥ ਗਾਰੇ ਨਾਲ ਲਿਬੜੇ ਹੋਏ ਸਨ। ਲਿੱਬੜੇ ਹੱਥ ਨਾਲ ਹੀ ਉਸਨੇ ਬੁਰਕੀ ਮੇਰੀ ਦਾਲ ਵਾਲੀ ਕੌਲੀ ਵਿੱਚ ਘਸੋ ਦਿੱਤੀ। ਦਾਲ ਵਾਲੀ ਕੌਲੀ ਵਿੱਚ ਗ਼ਾਰਾ ਮਲਿਆਈ ਵਾਂਗ ਤੈਰਨ ਲੱਗ ਪਿਆ। ਇੱਕ ਦਮ ਮੈਨੂੰ ਹਰਖ਼ ਆਇਆ ਤੇ ਮੈਂ ਕੁੜੀ ਨੂੰ ਧੱਕਾ ਦੇ ਕੇ ਪਰ੍ਹੇ ਸੁੱਟ ਦਿੱਤਾ। ਕੁੜੀ ਗਿੱਚੀ-ਪਰਨੇ ਪੱਕੇ ਫ਼ਰਸ਼ ਉੱਤੇ ਡਿੱਗੀ। ਉਸਦੀ ਲੇਰ ਨਿਕਲ ਗਈ। ਰੋਟੀ ਵਿੱਚੇ ਛੱਡ ਕੇ ਮੈਂ ਭੱਜ ਕੇ ਉਸ ਨੂੰ ਚੁੱਕਿਆ ਤੇ ਹਿੱਕ ਨਾਲ ਲਾ ਲਿਆ। ਨਾਲ ਦੀ ਨਾਲ ਮੇਰੇ ਦਿਮਾਗ਼ ਵਿੱਚ ਗਿੱਚੀ ਪਰਨੇ ਡਿੱਗੇ ਪਏ ਉਸ ਬੰਦੇ ਦਾ ਖ਼ਿਆਲ ਘੁੰਮਣ-ਘੇਰੀ ਖਾ ਗਿਆ। ਕੁੜੀ ਨੂੰ ਵਰਿਆ ਕੇ, ਉਸ ਦੇ ਹੱਥ ਧੋ ਕੇ, ਉਸਨੂੰ ਆਪਣੇ ਨਾਲ ਰੋਟੀ ਖਵਾਈ। ਆਪ ਜਿਵੇਂ ਮੈਂ ਰੋਟੀ ਖਾਧੀ ਨਹੀਂ, ਨਿਗਲ ਲਈ ਸੀ। ਕਾਫ਼ੀ ਰਾਤ ਤਾਈਂ ਮੇਰੇ ਅੰਦਰ ਉੱਸਲਵੱਟੇ ਉੱਠਦੇ ਰਹੇ। ਅੱਚਵੀ ਲੱਗੀ ਰਹੀ। ਜੇ ਮੈਂ ਉਸਦੇ ਮੁੰਹ ਵਿੱਚ ਪਾਣੀ ਪਾ ਦਿੰਦਾ ਤਾਂ ਸ਼ਾਇਦ ਉਹ ਬਚ ਹੀ ਰਹਿੰਦਾ। ਮੇਰੇ ਕਿਹੜਾ ਮੱਲੋਮੱਲੀ ਕੋਈ ਰੱਸਾ ਪਾ ਲੈਂਦਾ। ਜਾਂ ਕੋਈ ਹੋਰ ਉਸਨੂੰ ਸਾਂਭ ਲੈਂਦਾ ਤਾਂ ਕੀ ਉਦਾ ਬਿਗੜ ਜਾਂਦਾ? ਮੈਂ ਆਪਣੇ ਆਪ ਉੱਤੇ ਲਾਹਣਤਾਂ ਪਾਈਆਂ। ਮੇਰੀ ਅੰਤਰ-ਆਤਮਾ ਕਿੰਨੀ ਨਿੱਘਰ ਗਈ ਸੀ। ਮੈਂ ਇੱਕ ਮਰਦੇ ਹੋਏ ਮਨੁੱਖ ਦੇ ਮੁੰਹ ਵਿੱਚ ਪਾਣੀ ਵੀ ਨਹੀਂ ਪਾ ਸਕਿਆ? ਮੇਰੇ ਨਾਲ ਪਿੱਛੋਂ ਰਲਿਆ ਬੰਦਾ ਵੀ ਨਿਘਰਿਆ ਹੋਇਆ ਸੀ। ਉਸ ਤੋਂ ਪਿੱਛੋਂ ਦੋ ਹੋਰ ਰਲੇ ਬੰਦੇ ਵੀ। ਕੋਲ ਦੇ ਪਿੰਡ ਵਾਲੇ ਬੰਦੇ, ਮੁੰਡੇ ਤੇ ਬੁੜ੍ਹੀਆਂ, ਜਿਨ੍ਹਾਂ ਨੇ ਉਹ ਬੰਦਾ ਸੜਕ ਉੱਤੇ ਕਿਸੇ ਤਰ੍ਹਾਂ ਡਿੱਗਦਾ ਦੇਖਿਆ ਸੀ, ਉਹਨਾਂ ਦੇ ਭਾਅ ਦਾ ਤਾਂ ਜਿਵੇਂ ਕੋਈ ਕੁੱਤਾ ਬਿੱਲਾ ਮਰ ਗਿਆ ਹੈ।

ਚਾਰ-ਪੰਜ ਦਿਨਾਂ ਪਿੱਛੋਂ ਮੈਂ ਓਸੇ ਸੜਕ ਉੱਥੋਂ ਦੀ ਲੰਘਿਆ। ਉਸ ਥਾਂ ਉੱਤੇ ਸੜਕ ਲਹੂ ਨਾਲ ਅਜੇ ਵੀ ਰੰਗੀ ਪਈ ਸੀ। ਉੱਥੇ ਹੀ ਮੈਂ ਆਪਣੇ ਸਾਇਕਲ ਉੱਤੋਂ ਉੱਤਰ ਪਿਆ ਤੇ ਖੜ੍ਹਾ-ਖੜ੍ਹਾ ਸੋਚਾਂ ਵਿੱਚ ਡੁੱਬ ਗਿਆ। ਐਨੇ ਨੂੰ ਇੱਕ ਬਜ਼ੁਰਗ ਮੇਰੇ ਕੋਲ ਆ ਖੜ੍ਹਾ। ਉਹ ਮੱਕੀ ਦੀ ਰਾਖੀ ਬੈਠਾ ਸੀ ਤੇ ਚਿੜੀਆਂ ਹਕਾਰਨ ਵਾਲਾ ਗੋਪੀਆ ਬਣਾ ਰਿਹਾ ਸੀ।

‘ਕੀ ਦੇਖਦੈਂ ਭਾਈ, ਅਣਿਆਈ ਮੌਤ ਮਰ ਗਿਆ ਪੂਰਬੀਆ ਵਿਚਾਰਾ।’ ਬੁੜ੍ਹੇ ਨੇ ਆਪਣੇ-ਆਪ ਮੂੰਹੋਂ ਗੱਲ ਕੱਢੀ।

164

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ