ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/170

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘ਮਾਂ, ਤੂੰ ਕਿੱਧਰ?’ ਜੈਲੇ ਨੇ ਪੁੱਛਿਆ।

‘ਮੈਂ ਕਿੱਧਰ ਹੋਣਾ ਸੀ। ਆ ਜੋ, ਪੈ ਜੋ ਹੁਣ। ਉਹਨੇ ਤਾਂ ਮੁਨਾਅ ’ਤੀ ਦਾੜ੍ਹੀ ਕੰਜਰ ਨੇ। ਆ ਜੋ, ਪੈ ਜੋ ਬਸ। ਆ ਕੇ ਬਾਰ ਖੁਲ੍ਹਾਇਆ ਤਾਂ ਸਾਲ਼ਾ ਨੀ ਲੱਗ ਕੇ ਗਿਆ ਢੱਟਿਆਂ ਦਾ। ਬਾਰ ਖਲ੍ਹੌਣ ਦੇ ਮੇਰੇ ਪਿਓ ਦੇ ਸਾਲ਼ੇ ਨੂੰ। ਪੁੱਠਾ ਨਾ ਮੋੜਿਆ ਤਾਂ ਮੈਨੂੰ ਜੱਟ ਦੀ ਧੀ ਕੌਣ ਆਖੂ?’ ਪਰਾਤ ਥੱਲੇ ਪਈਆਂ ਰੋਟੀਆਂ ਉਸ ਨੇ ਚੁੱਕ ਕੇ ਮਹਿੰ ਦੀ ਖੁਰਲੀ ਵਿੱਚ ਸੁੱਟ ਦਿੱਤੀਆਂ ਤੇ ਸਾਗ ਵਾਲਾ ਤਪਲਾ ਗਲ ਤੋਂ ਫੜ ਕੇ ਕੰਧ ਨਾਲ ਮਾਰਿਆ। ਤਪਲਾ ਠੀਕਰੀ-ਠੀਕਰੀ ਹੋ ਗਿਆ। ਉਸ ਵਿਚਲਾ ਸਾਗ ਕੁਝ ਕੰਧ ਨਾਲ ਲਿੱਪਿਆ ਗਿਆ ਤੇ ਬਾਕੀ ਛਿੱਟ ਛਿੱਟ ਹੋ ਕੇ ਵਿਹੜੇ 'ਚ ਤਿੜਕ ਗਿਆ। ਜੈਲਾ ਮੁਸਕੜੀਏਂ ਹੱਸਿਆ ਤੇ ਭੱਜ ਕੇ ਸਬਾਤ ਵਿੱਚ ਆ ਕੇ ਰਜ਼ਾਈ ਵਿੱਚ ਵੜ ਗਿਆ। ਕੈਲਾ ਕੁਝ ਨਾ ਬੋਲਿਆ ਤੇ ਗੰਭੀਰ ਹੋ ਗਿਆ। ਬਾਪੂ ਉੱਤੇ ਉਸ ਨੂੰ ਵੀ ਗੁੱਸਾ ਆ ਗਿਆ, ਪਰ ਉਹ ਮਾਂ ਦੇ ਮਨ ਵਾਲੇ ਗੁੱਸੇ ਨੂੰ ਅਜੇ ਨਹੀਂ ਸੀ ਸਮਝ ਸਕਿਆ। ਕੈਲਾ ਤੇ ਉਸ ਦੀ ਮਾਂ ਸਬਾਤ ਵਿੱਚ ਆ ਕੇ ਪੈ ਗਏ। ਦੋਵੇਂ ਮੁੰਡੇ ਚੁੱਪ ਕੀਤੇ ਪਏ ਰਹੇ। ਉਨ੍ਹਾਂ ਦੀ ਮਾਂ ਲੰਮੇ-ਲੰਮੇ ਸਾਹ ਲੈਂਦੀ ਤੇ ‘ਅੱਛਾ ਪਰਮਾਤਮਾ, ਨਿਆਂ ਕਰੀਂ’ ਦੇ ਸ਼ਬਦਾਂ ਵਿੱਚ ਬੁੜ-ਬੁੜ ਕਰਦੀ ਚੁੱਪ ਹੋ ਗਈ।

ਇੱਕ ਘੰਟੇ ਬਾਅਦ ਦਰਵਾਜੇ ਦਾ ਬਾਹਰਲਾ ਕੁੰਡਾ ਖੜਕਿਆ।

ਨਾ ਮਾਂ ਬੋਲੀ ਤੇ ਨਾ ਮੁੰਡੇ।

ਭਾਨੋ ਨੇ ਹਾਕਾਂ ਸੁਣੀਆਂ। ਹਾਕਾਂ ਚੰਦ ਦੀਆਂ ਨਹੀਂ ਸਨ। ਮੂੰਹ ਉੱਤੋਂ ਰਜ਼ਾਈ ਲਾਹ ਕੇ ਭਾਨੋ ਨੇ ਕੰਨ ਲਾ ਕੇ ਸੁਣਿਆ, ਬੋਲ ਕਿਸੇ ਓਪਰੇ ਬੰਦੇ ਦਾ ਸੀ।

‘ਜੈਲਿਆ, ਦੇਖ ਵੇ, ਕੌਣ ਐ ਐਸ ਵੇਲੇ?’ ਮਾਂ ਨੇ ਛੋਟੇ ਮੁੰਡੇ ਨੂੰ ਆਖਿਆ।

ਜੈਲੇ ਨੇ ਵਿਹੜੇ ਵਿੱਚ ਜਾ ਕੇ ਦਰਵਾਜੇ ਦਾ ਕੁੰਡਾ ਖੋਲ੍ਹ ਕੇ ਤਖ਼ਤਾ ਜਦ ਖਿੱਚਿਆ ਤਾਂ ਦੇਖਿਆ ਕਿ ਦੋ ਬੰਦੇ ਉਸ ਦੇ ਪਿਓ ਨੂੰ ਡੌਲਿਆਂ ਤੋਂ ਫੜੀ ਖੜ੍ਹੇ ਸਨ। ਦੋਵੇਂ ਬੰਦਿਆਂ ਨੇ ਧੂਹ ਕੇ ਚੰਦ ਨੂੰ ਦਰਵਾਜੇ ਵਿੱਚ ਡਹੇ ਪਏ ਇੱਕ ਮੰਜੇ ਉੱਤੇ ਲਿਟਾ ਦਿੱਤਾ ਤੇ ਜੈਲੇ ਨੂੰ ਅੰਦਰੋਂ ਲਾਲਟੈਣ ਕਰ ਕੇ ਲਿਆਉਣ ਲਈ ਕਿਹਾ। ਲਾਲਟੈਣ ਲੈ ਕੇ ਜੈਲਾ ਜਦ ਆਇਆ ਤਾਂ ਉਸ ਦੀ ਮਾਂ ਤੇ ਕੈਲਾ ਵੀ ਉਸ ਦੇ ਨਾਲ ਹੀ ਦਰਵਾਜੇ ਵਿੱਚ ਆ ਗਏ। ਦੇਖਿਆ, ਚੰਦ ਦੇ ਸਾਰੇ ਕੱਪੜੇ ਲਹੂ ਨਾਲ ਗੱਚ ਹੋਏ ਪਏ ਸਨ। ਉਸ ਦੇ ਸਿਰ ਵਿੱਚ ਦੋ ਸਿੱਧੇ ਗੰਡਾਸੇ ਵੱਜੇ ਸਨ ਤੇ ਲਹੂ ਉਸ ਦੇ ਕੰਨ ਦੀ ਪੇਪੜੀ ਕੋਲ ਦੀ ਤਤੀਹਰੀ ਬਣ ਕੇ ਅਜੇ ਵੀ ਵਗ ਰਿਹਾ ਸੀ। ਭਾਨੋ ਧਾਹ ਕੇ ਚੰਦ ਦੀ ਹਿੱਕ ਉੱਤੇ ਢੇਰੀ ਹੋ ਗਈ ਤੇ ਭੁੱਬ ਮਾਰੀ, “ਪੱਟ ’ਤਾ ਵੇ ਘਰ, ਵੈਲਣ ਜੱਟੀ ਨੇ।◆

170

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ