ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/177

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਿਸ਼ਨੀ ਦੇ ਮਾਲਕ ਨੇ ਪੰਚਾਇਤ ਦਾ ਇਕੱਠ ਕੀਤਾ। ਇਕੱਠ ਵਿੱਚ ਬਿਸ਼ਨੀ ਸ਼ੇਰਨੀ ਵਾਂਗ ਬੁੱਕੀ, ਪਰ ਤੀਵੀਂ ਦੀ ਕੌਣ ਸੁਣਦਾ ਹੈ। ਉਹਨੇ ਮੱਘਰ ਦੇ ਪਿਓ ਦਾ ਨਾਉਂ ਲੈ ਲੈ ਕੇ ਬਥੇਰੇ ਪੁੱਤ ਪਿੱਟੇ, ਪਰ ਪੰਚਾਇਤ ਵਾਲੇ ਕਹਿੰਦੇ- ‘ਜਾ ਸਹੁਰੀਏ, ਆਦਮੀਆਂ ਚ ਤੀਮੀਂ ਦਾ ਕੀ ਬੋਲਣ ਬੋਲਦੈ।’ ਮੱਘਰ ਤੇ ਮੱਘਰ ਦੇ ਭਾਈਆਂ ਨੇ ਪੰਚਾਇਤੀਆਂ ਨੂੰ ਕੋਈ ਰਾਹ ਨਾ ਦਿੱਤਾ। ਕਹਿੰਦੇ-‘ਵੱਟ ਤਾਂ ਕਿੱਕਰ ਦੇ ਉੱਤੋਂ ਦੀ ਮੁੱਦਤਾਂ ਦੀ ਐ। ਝੂਠੀ ਤੁਹਮਤ ਦਾ ਕੀ, ਕਿਸੇ ਨੇ ਮੂੰਹ ਫੜ ਲੈਣੈ?’

ਬਿਸ਼ਨੀ ਦੇ ਮਾਲਕ ਨੇ ਪਟਵਾਰੀ ਕੋਲ ਅਰਜ਼ ਕੀਤੀ। ਪਟਵਾਰੀ ਕਈ ਦਿਨ ਤਾਂ ਟਾਲੇ ਲਾਉਂਦਾ ਰਿਹਾ ਤੇ ਇੱਕ ਦਿਨ ਕਹਿੰਦਾ ਕਿ ਨਕਸ਼ਾ ਦੇਖ ਕੇ ਵੱਟ ਕੱਢਾਂਗੇ, ਪਰ ਮੱਘਰ ਨੇ ਪਟਵਾਰੀ ਨਾਲ ਅੰਦਰਗਤੀ ਪਤਾ ਨਹੀਂ ਕੀ ਗੱਲ ਕਰ ਲਈ, ਵੱਟ ਕੱਢਣ ਲਈ ਪਟਵਾਰੀ ਲੱਤ ਹੀ ਨਹੀਂ ਸੀ ਲਾਉਂਦਾ। ਹਾਰ ਕੇ ਬਿਸ਼ਨੀ ਦਾ ਮਾਲਕ ਚੁੱਪ ਕਰ ਗਿਆ।

ਬਿਸ਼ਨੀ ਘਰੇ ਉਸ ਨਾਲ ਲੜਦੀ ਬੜਾ। ‘ਸੁੰਨ-ਮਿੱਟੀ ਬਣਿਆ ਰਹਿਨੈ। ਕਹੀ ਫੜ ਕੇ ਤੈਥੋਂ ਨੀਂ ਕਿੱਕਰ ਆਵਦੇ ਕੰਨੀਂ ਹੁੰਦੀ?’ ਉਹ ਚੁੱਪ ਕਰਿਆ ਰਹਿੰਦਾ। ਬਿਸ਼ਨੀ ਉਸ ਨੂੰ ਗਾਲ੍ਹਾਂ ਘਰ ਵਿੱਚ ਹੀ ਦਿੰਦੀ ਸੀ, ਪਰ ਬਾਹਰ ਲੋਕਾਂ ਵਿੱਚ ਉਸਨੂੰ ਕੁਝ ਨਹੀਂ ਸੀ ਬੋਲਦੀ। ਸਗੋਂ ਬਾਹਰ ਤਾਂ ਜੇ ਕੋਈ ਐਰਾ-ਗੈਰਾ ਉਸਨੂੰ ਕੁਝ ਬੁਰਾ ਭਲਾ ਕਹਿ ਦਿੰਦਾ ਤਾਂ ਉਹ ਉਸ ਦਾ ਕਾਲਜਾ ਕੱਢ ਕੇ ਖਾਣ ਤਾਈਂ ਜਾਂਦੀ। ਉਸ ਨੂੰ ਆਪਣਾ ਮਾਲਕ ਸਾਰੀ ਦੁਨੀਆ ਨਾਲੋਂ ਚੰਗਾ ਲੱਗਦਾ ਸੀ।

ਰਾਹ ਜਾਂਦੇ ਕਈ ਬੰਦੇ ਬਿਸ਼ਨੀ ਦੇ ਮਾਲਕ ਨੂੰ ਬੋਲੀ ਮਾਰਦੇ- ‘ਖੇਤ ਦਾ ਸ਼ਿੰਗਾਰ ਕਿੱਕਰ ਦੱਬ ਲੀ ਜੱਟ ਨੇ। ਕਰ ਕੋਈ ਉਜਰ ਤੂੰ ਵੀ?’ ਉਹ ਅੰਦਰੇ ਅੰਦਰ ਵਿਹੁ ਘੋਲਦਾ ਰਹਿੰਦਾ। ਉਹਦੀ ਕੋਈ ਪੇਸ਼ ਨਾ ਜਾਂਦੀ। ਉਹ ਇਕੱਲਾ ਕੁਝ ਕਰ ਨਹੀਂ ਸੀ ਸਕਦਾ। ਬੰਦਿਆਂ ਦੀ ਸਾਰੀ ਮਾਇਆ ਹੈ। ਮੱਘਰ ਹੋਰਾਂ ਦੇ ਚਾਰੇ ਭਰਾਵਾਂ ਦੇ ਇਕੱਠ ਤੋਂ ਉਹ ਤ੍ਰਹਿੰਦਾ ਸੀ। ਉਹਦਾ ਜ਼ੋਰ ਹੁੰਦਾ ਤਾਂ ਉਹ ਵੀ ਵੱਟ ਨੂੰ ਕਿੱਕਰ ਦੇ ਉੱਤੋਂ ਦੀ ਕਰ ਦਿੰਦਾ ਤੇ ਕਿੱਕਰ ਨੂੰ ਆਪਣੇ ਵੱਲ ਕਰ ਲੈਂਦਾ, ਪਰ ਉਹਦੇ ਵਿੱਚ ਪਹੁੰਚ ਨਹੀਂ ਸੀ ਤੇ ਉਹ ਝਗੜਾ ਵੀ ਕੋਈ ਨਹੀਂ ਸੀ ਛੇੜਨਾ ਚਾਹੁੰਦਾ। ਅੰਦਰੋ-ਅੰਦਰੀ ਪਰ ਉਹਦੇ ਸੀਨੇ ਵਿੱਚ ਇੱਕ ਅੱਗ ਮਘਦੀ ਰਹਿੰਦੀ। ਅੰਦਰੋ-ਅੰਦਰੀ ਉਹ ਦੰਦੀਆਂ ਕਿਰਚਦਾ ਰਹਿੰਦਾ।

ਇੱਕ ਦਿਨ ਤਾਂ ਪਾਣੀ ਸਿਰ ਦੇ ਉੱਤੋਂ ਦੀ ਲੰਘ ਗਿਆ। ਕਿਸੇ ਨੇ ਉਸ ਨੂੰ ਦੱਸਿਆ ਕਿ ਮੱਘਰ ਨੇ ਚਾਰ ਹੋਰ ਬੰਦਿਆਂ ਨੂੰ ਨਾਲ ਲੈ ਕੇ ਕਿੱਕਰ ਰਾਤੋ-ਰਾਤ ਵੱਢ ਲਈ ਹੈ ਤੇ ਹੁਣ ਉਸ ਦਾ ਵਢਾਂਗ ਆਪਣੇ ਖੇਤ ਵਿੱਚ ਇਕੱਠਾ ਕਰ ਰਿਹਾ ਹੈ। ਬਿਸ਼ਨੀ ਦਾ ਮਾਲਕ ਸਿਰ ਮੁੱਧ ਭੱਜਿਆ-ਭੱਜਿਆ ਪਹੁੰਚਿਆ। ਉਹਦੇ ਜਾਂਦੇ ਨੂੰ ਮੱਘਰ ਆਰੇ ਨਾਲ ਕਿੱਕਰ ਦੇ ਪੋਰੇ ਨੂੰ ਚੀਰ ਪਾ ਰਿਹਾ ਸੀ। ਪੋਰਾ ਲੰਮਾ ਸੀ ਤੇ ਮੱਘਰ ਚਾਹੁੰਦਾ ਸੀ ਕਿ ਉਸ ਦੇ ਦੋ ਟੋਟੇ ਕਰਕੇ ਉਹ ਪੋਰੇ ਨੂੰ ਪਿੰਡ ਲਿਆ ਸਿੱਟੇ। ਜਾਣ ਸਾਰ ਮੱਘਰ ਦੇ ਹੱਥੋਂ ਆਰਾ ਫੜ ਕੇ ਉਸ ਨੇ ਖੜ੍ਹਾ ਕਰ ਲਿਆ। ਮੱਘਰ ਨੇ ਧੌਲ ਵੱਟ ਕੇ ਉਹਦੀ ਵੱਖੀ ਵਿੱਚ ਮਾਰੀ। ਉਹ ਮੂੰਹ ਭਾਰ ਧਰਤੀ ਉੱਤੇ ਡਿੱਗ ਪਿਆ। ਉਸ ਨੇ ਇੱਕ ਗੰਦੀ ਜਿਹੀ ਗਾਲ੍ਹ ਮੱਘਰ ਨੂੰ ਕੱਢੀ। ਉਹ ਜਿਵੇਂ ਪਾਗ਼ਲ ਹੋ ਗਿਆ ਸੀ। ਡਿੱਗਿਆ ਪਿਆ ਉਹ ਧਰਤੀ

ਅਸ਼ਕੇ ਬੁੜ੍ਹੀਏ ਤੇਰੇ

177