ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/195

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਚੁੱਪ ਸੀ ਤੇ ਉਡੀਕ ਰਿਹਾ ਸੀ ਕਿ ਉਹ ਖਿੜਕੀ ਦੇ ਖਾਨੇ ਵਿੱਚ ਦੀ ਨੋਟ ਅੰਦਰ ਸੁੱਟੇਗਾ ਤੇ ਫੇਰ ਮੈਂ ਉਹਨੂੰ ਬੋਤਲ ਬਾਹਰ ਫੜਾ ਦਿਆਂਗਾ, ਪਰ ਉਹ ਤਾਂ ਨੀਵੀਂ ਪਾ ਕੇ ਆਪਣੇ ਚਾਦਰੇ ਨਾਲ ਮੂੰਹ ਪੂੰਝ ਰਿਹਾ ਸੀ। ਉਹ ਉਤਾਂਹ ਝਾਕ ਕੇ ਫੇਰ ਬੋਲਿਆ- 'ਲਿਆ ਬਈ।'

'ਪੈਸੇ!'

'ਪੈਸੇ? ਪੈਸੇ ਕਾਹਦੇ?' ਉਹ ਧੀਮਾ ਬੋਲ ਰਿਹਾ ਸੀ।

'ਬੋਤਲ ਦੇ।'

'ਓਏ ਭਾਈ ਪੈਸੇ ਤਾਂ ਕਦੇ ਮੈਂ ਦਿੱਤੇ ਨ੍ਹੀਂ। ਤੂੰ ਜਾਣਦਾ ਨ੍ਹੀਂ ਮੈਨੂੰ?' ਹੁਣ ਉਹਦਾ ਬੋਲ ਰੁੱਖਾ ਸੀ।

'ਨਾ ਮੈਂ ਨੀਂ ਜਾਣਦਾ।' ਮੈਂ ਵੀ ਰੁੱਖਾ ਜਵਾਬ ਦਿੱਤਾ।

'ਤੂੰ ਬੋਤਲ ਦੇਹ!'

'ਤੂੰ ਪੈਸੇ ਦੇ ਪਹਿਲਾਂ।'

ਉਹਨੇ ਫੇਰ ਖੰਘਾਰ ਕੇ ਥੁੱਕਿਆ ਤੇ ਮੁੱਛਾਂ ਨੂੰ ਵੱਟ ਦਿੰਦਾ ਹੋਇਆ ਮੇਰੇ ਵੱਲ ਕੌੜ ਕੇ ਝਾਕਣ ਲੱਗਿਆ। ਇਕ ਬਿੰਦ ਤਾਂ ਮੈਨੂੰ ਉਹਤੋਂ ਡਰ ਲੱਗਿਆ, ਪਰ ਠੇਕੇ ਦੇ ਬਾਰ ਦਾ ਅੰਦਰਲਾ ਕੁੰਡਾ ਲੱਗਿਆ ਹੋਇਆ ਸੀ। ਕੰਧਾਂ ਬਹੁਤ ਉੱਚੀਆਂ ਸਨ। ਖਿੜਕੀ ਦੇ ਖਾਨੇ ਵਿੱਚ ਦੀ ਬੋਤਲ ਬਾਹਰ ਜਾ ਸਕਦੀ ਬਸ। ਅੰਦਰਲਾ ਕਹਿੰਦਾ ਸੀ, ਮੈਨੂੰ ਇਹਤੋਂ ਕੀ ਡਰ? ਇਹ ਅੰਦਰ ਤਾਂ ਆ ਸਕਦਾ ਨਹੀਂ। ਉਹਦੇ ਬੋਲ ਤੋਂ ਪਤਾ ਲੱਗਦਾ ਸੀ, ਉਹਨੇ ਪੀਤੀ ਹੋਈ ਸੀ। ਪਤਾ ਨਹੀਂ, ਕਿੱਧਰੋਂ ਆਇਆ ਸੀ। ਇਹੋ ਜਿਹੇ ਵੀਹ ਆਉਂਦੇ ਨੇ, ਸ਼ਰਾਬੀ ਕਬਾਬੀ। ਇਉਂ ਮੁਫ਼ਤ ਵਿਚ ਬੋਤਲਾਂ ਕਿਧਰੇ-ਕਿਧਰੇ ਧਰੀਆਂ ਪਈਆਂ ਹੁੰਦੀਆਂ ਨੇ?

ਉਹ ਖਿੜਕੀ ਮੂਹਰਿਓਂ ਪਰ੍ਹੇ ਹੋਇਆ ਤੇ ਜਾ ਕੇ ਬਾਰ ਨੂੰ ਧੱਕੇ ਮਾਰਨ ਲੱਗਿਆ। ਸੋਚਿਆ, ਮਾਰੀ ਜਾਵੇ ਧੱਕੇ। ਇਉਂ ਕਿਵੇਂ ਆ ਜਾਵੇਗਾ ਇਹ ਅੰਦਰ? ਪਰ ਲੱਕੜ ਦੀਆਂ ਫੱਟੀਆਂ ਵਿੱਚ ਕਬਜ਼ਿਆਂ ਨਾਲ ਕੱਸੇ ਪੁਰਾਣੇ ਤਖ਼ਤੇ ਢਿਚਕੂੰ-ਢਿਚਕੂੰ ਹੀ ਸਨ। ਉਹਦੀ ਦਾਰੂ ਪੀਤੀ ਹੋਈ ਤੇ ਅੰਨ੍ਹਾ ਜ਼ੋਰ। ਇਕ ਗੁੱਸਾ, ਬੋਤਲ ਨਾ ਮਿਲਣ ਦਾ। ਉਹ ਹਟਿਆ ਨਹੀਂ, ਭੂਸਰੇ ਝੋਟੇ ਵਾਂਗ ਧੱਕਾ ਮਾਰਦਾ ਤੇ ਗਾਲ੍ਹਾਂ ਕੱਢਦਾ- 'ਬਾਰ ਖੋਲ੍ਹ ਓਏ ਕੁੱਤਿਆਂ, ਚੱਬਾਂ ਤੇਰੇ ਹੱਡ।'

ਮੈਂ ਵਿਹੜੇ ਵਿੱਚ ਡਰਿਆ ਤੇ ਸਹਿਮਿਆ ਖੜ੍ਹਾ ਸੀ। ਐਸ ਵੇਲੇ ਇਹ ਸਾਲਾ ਕਿੱਧਰੋਂ ਆ ਗਿਆ ਕੋਈ? ਇਹ ਠੇਕਾ ਸੜਕ ਉੱਤੇ ਸੀ। ਇਕ ਡੇਢ ਮੀਲ ਦੀ ਵਿੱਥ ਉੱਤੇ ਦੋ ਪਿੰਡ ਸਨ। ਦੋਵੇਂ ਪਿੰਡ ਨੂੰ ਲਿੰਕ ਸੜਕਾਂ ਜਾਂਦੀਆਂ। ਆਥਣ ਵੇਲੇ ਤੱਕ ਤਾਂ ਲੋਕਾਂ ਦੀ ਰਚਨਾ ਲੱਗੀ ਰਹਿੰਦੀ। ਮੇਨ ਸੜਕ ਉੱਤੇ ਬੱਸਾਂ ਦੀ ਆਵਾਜਾਈ ਬਹੁਤ ਸੀ। ਅੱਡੇ ਉੱਤੇ ਦੋ-ਤਿੰਨ ਦੁਕਾਨਾਂ ਹੋਰ ਵੀ ਸਨ, ਪਰ ਦਿਨ ਛਿਪਦੇ ਹੀ ਸਭ ਆਪੋ-ਆਪਣੇ ਘਰਾਂ ਨੂੰ ਚਲੇ ਜਾਂਦੇ। ਦੁਕਾਨਾਂ ਵਿੱਚ ਨਿੱਕਾ-ਮੋਟਾ ਸੌਦਾ ਹੁੰਦਾ। ਚੋਰ ਚਕਾਰੀ ਦਾ ਕੋਈ ਖ਼ਾਸ ਡਰ ਨਹੀਂ ਸੀ, ਪਰ ਰਾਤ ਪਈ ਤੋਂ ਅੱਡਾ ਸੁੰਨਾ ਹੋ ਜਾਂਦਾ। ਭੈਅ ਆਉਂਦਾ, ਜਿਵੇਂ ਰੋਹੀਆਂ ਵਿਚ ਬੈਠਾ ਹੋਵਾਂ ਮੈਂ। ਰੋਹੀਆਂ ਹੀ ਤਾਂ ਸਨ ਇਹ। ਦੋਵਾਂ ਪਿੰਡਾਂ ਦੇ ਕੁੱਤਿਆਂ

ਕਤਲ

195