ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/26

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਖੂਹ ਵਿੱਚ ਛਾਲ ਮਾਰ ਦਿਆਂਗਾ ਆਦਿ। ਸੁਖਪਾਲ ਦੀ ਮਾਂ ਨੇ ਧੂੰਆਂ-ਸੱਥਰ ਪਾ ਰੱਖਿਆ ਸੀ-ਤੇਰੀ ਮੱਤ ਭਰਿਸ਼ਟ ਕਿਉਂ ਹੋ ’ਗੀ, ਸੁੱਖਿਆ? ਸੋਹਣੀ ਸੁਨੱਖੀ ਕੁੜੀ ਐ। ਸਤਾਈ ਕਿੱਲੇ ਜ਼ਮੀਨ ਮਿਲਦੀ ਐ। ਸਰਦਾਰੀ ਮਿਲਦੀ ਐ। ਨੰਗ ਘਰ ਦੀ ਸ਼ਮਿੰਦਰ ਨੂੰ ਦੱਸ ਕੀ ਕਰੇਂਗਾ? ਉਹ ਬੇਵੱਸ ਹੋ ਗਿਆ ਸੀ। ਮਾਂ-ਬਾਪ ਦੇ ਦਬਾਓ ਨੇ ਉਸ ਦੀ ਸੁਰਤ ਮਾਰ ਦਿੱਤੀ ਸੀ। ਉਸ ਨੂੰ ਤਾਂ ਸੋਚਣ ਦਾ ਮੌਕਾ ਹੀ ਨਹੀਂ ਸੀ ਦਿੱਤਾ ਗਿਆ।

ਐਨੇ ਸਾਲਾਂ ਬਾਅਦ ਪਰਮਿੰਦਰ ਦੇ ਪਿੰਡੇ ਵਿੱਚੋਂ ਉਸ ਨੂੰ ਸ਼ਮਿੰਦਰ ਦੇ ਪਿੰਡੇ ਵਰਗੀ ਮਹਿਕ ਮਹਿਸੂਸ ਹੋਈ ਸੀ। ਇਸ ਮਹਿਕ ਦਾ ਤਾਂ ਰੰਗ ਹੀ ਹੋਰ ਸੀ। ਇਹ ਮਹਿਕ ਤਾਂ ਉਸ ਨੂੰ ਆਪਣੀ ਹੀ ਲੱਗੀ ਸੀ।

ਸੁਖਪਾਲ ਹੋਰੀਂ ਤਿੰਨ ਭਰਾ ਸਨ। ਉਹ ਸਭ ਤੋਂ ਛੋਟਾ ਸੀ। ਵੱਡੇ ਦੋਵੇਂ ਭਰਾ ਅਨਪੜ੍ਹ ਸਨ ਤੇ ਵਿਆਹੇ ਹੋਏ ਸਨ। ਉਹ ਆਪਣੇ ਪਿੰਡ ਦੇ ਮਿਡਲ ਸਕੂਲ ਵਿੱਚੋਂ ਅੱਠਵੀਂ ਜਮਾਤ ਪਾਸ ਕਰਕੇ, ਫਿਰ ਨੇੜੇ ਦੇ ਪਿੰਡ ਦੇ ਹਾਈ ਸਕੂਲ ਵਿੱਚ ਦਾਖ਼ਲ ਹੋ ਗਿਆ ਸੀ ਤੇ ਫਿਰ ਸ਼ਹਿਰ ਦੇ ਕਾਲਜ ਵਿਚ। ਸ਼ਹਿਰ ਉਹਨਾਂ ਦੇ ਪਿੰਡ ਤੋਂ ਸੱਤ-ਅੱਠ ਮੀਲ ਹੀ ਸੀ। ਉਹਨਾਂ ਦੇ ਪਿੰਡ ਦੇ ਹੋਰ ਕਿੰਨੇ ਹੀ ਮੁੰਡੇ ਸਾਈਕਲਾਂ ’ਤੇ ਕਾਲਜ ਜਾਂਦੇ ਸਨ। ਸ਼ਹਿਰ ਨੇੜੇ ਦੇ ਪਿੰਡ ਦੀਆਂ ਕੁੜੀਆਂ ਵੀ ਸਾਈਕਲਾਂ 'ਤੇ ਆਉਂਦੀਆਂ ਸਨ। ਜਿਨ੍ਹਾਂ ਨੂੰ ਬੱਸਾਂ ਸੂਤ ਸਨ, ਉਹ ਬੱਸਾਂ ’ਤੇ ਆਉਂਦੀਆਂ ਸਨ।

ਸੁਖਪਾਲ ਦੇ ਪਿਓ ਕੋਲ ਵੀਹ ਕਿੱਲੇ ਜ਼ਮੀਨ ਸੀ। ਦੋਵੇਂ ਵੱਡੇ ਮੁੰਡੇ ਵਧੀਆ ਵਾਹੀ ਕਰਦੇ ਸਨ। ਸੁਖਪਾਲ ਨੂੰ ਕਹਿੰਦੇ ਸਨ-ਤੂੰ ਪੜ੍ਹੀ ਜਾ, ਜਿੰਨਾ ਪੜ੍ਹਨਾ ਹੈ।

ਸ਼ਮਿੰਦਰ ਨਾਲ ਉਹ ਆਕਾਸ਼ ਵਿੱਚ ਉੱਡਿਆ ਸੀ-ਬੀ. ਏ. ਕਰਕੇ ਆਪਾਂ ਬੀ.ਐੱਡ. ਕਰਾਂਗੇ। ਇੱਕੋ ਕਾਲਜ ਵਿੱਚ ਤੇ ਫਿਰ ਅਧਿਆਪਕ ਬਣ ਕੇ ਇੱਕੋ ਸਕੂਲ ਵਿੱਚ ਨੌਕਰੀ ਕਰਾਂਗੇ। ਸ਼ਹਿਰ ਵਿੱਚ ਮਕਾਨ ਬਣਾਵਾਂਗੇ। ਵਧੀਆ, ਕੋਠੀ ਵਰਗਾ। ਆਪਣੇ ਬੱਚੇ ਹੋਣਗੇ ਤੇ...।

ਜ਼ਮੀਨ ਦੇ ਲਾਲਚ ਨੇ ਸੁਖਪਾਲ ਦੇ ਪਿਓ ਤੇ ਮਾਂ ਨੂੰ ਅੰਨ੍ਹਾ ਕਰ ਦਿੱਤਾ ਸੀ। ਉਨ੍ਹਾਂ ਨੂੰ ਆਪਣੇ ਲੜਕੇ ਦੀ ਪਸੰਦ ਤੇ ਚਾਹ-ਮਲ੍ਹਾਰ ਦਾ ਕੋਈ ਵੀ ਖ਼ਿਆਲ ਨਹੀਂ ਸੀ। ਸ਼ਮਿੰਦਰ ਦੇ ਸੰਬੰਧ ਬਾਰੇ ਉਸ ਨੇ ਆਪਣੀ ਮਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ, ਪਰ ਕੋਈ ਅਸਰ ਨਹੀਂ ਸੀ ਹੋਇਆ। ਉਨ੍ਹਾਂ ਨੇ ਤਾਂ ਇੱਕੋ ਜ਼ਿੱਦ ਫ਼ੜ ਰੱਖੀ ਸੀ -ਜ਼ਮੀਨ ਔਂਦੀ ਐ, ਸਤਾਈ ਕਿੱਲੇ। ਬਣਦੀ ਤਣਦੀ ਕੁੜੀ ਐ। ਅਨਪੜ੍ਹ ਐ, ਤਾਂ ਕੀ। ਤੈਂ ਕਿਹੜਾ ਦਫ਼ਤਰ ’ਤੇ ਬਠੌਣਾ ਉਹਨੂੰ। ਮੌਜਾਂ ਕਰੇਂਗਾ।

ਸੁਖਪਾਲ ਲਈ ਜਦ ਚਾਰੇ ਰਾਹ ਬੰਦ ਹੋ ਗਏ ਸਨ, ਉਹ ਕਾਲਜ ਜਾਣੋਂ ਹਟ ਗਿਆ ਸੀ। ਬੀ. ਏ. ਵੀ ਵਿੱਚੇ ਹੀ ਰਹਿ ਗਈ ਸੀ ਤੇ ਫਿਰ ਜਦ ਉਸ ਦਾ ਵਿਆਹ ਹੋ ਗਿਆ ਸੀ, ਸੱਸ ਨੇ ਉਸ ਨੂੰ ਘਰ ਹੀ ਰੱਖ ਲਿਆ ਸੀ।

ਦੋ ਸਾਲਾਂ ਬਾਅਦ ਹੀ ਉਸ ਦੇ ਪਿਓ ਨੇ ਉਸ ਨੂੰ ਕਹਿ ਦਿੱਤਾ ਸੀ-ਪਿੰਡ ਵਾਲੀ ਜ਼ਮੀਨ ’ਚ ਤੇਰਾ ਕੋਈ ਹਿੱਸਾ ਨਹੀਂ। ਵੀਹ ਕਿੱਲੇ ਦੋਵੇਂ ਵੱਡੇ ਮੁੰਡਿਆਂ ਦੀ ਅੱਧ-ਅੱਧ। ਤੈਨੂੰ ਤਾਂ ਸਹੁਰਿਆਂ ਵਾਲੀ ਢੇਰੀ ਵਾਧੂ ਐ।

ਸਹੁਰੇ ਘਰ ਰਹਿੰਦਾ ਸੁਖਪਾਲ ਇਓਂ ਮਹਿਸੂਸ ਕਰਦਾ, ਜਿਵੇਂ ਘਰੋਂ ਕੱਢ ਕੇ ਕਿਸੇ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੋਵੇ। ਇੱਕ ਖੁੱਲ੍ਹੀ ਜੇਲ੍ਹ ਵਿਚ। ਨਛੱਤਰ ਕੌਰ ਉਸ ਨੂੰ

26
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ