ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜਾ ਸਾਰਾ ਦਿਨ ਵਿਹਲਾ ਹੀ ਰਹੇ। ਸਾਰਾ ਦਿਨ ਆਪਣੀ ਔਰਤ ਕੋਲ। ਔਰਤ ਵਾਸਤੇ ਹੀ। ਉਹ ਸੋਚਦੀ, ਉਹ ਕਿੰਨਾ ਸੁਖੀ ਹੈ, ਕਿੰਨਾ ਭਰਪੂਰ, ਪਰ ਕੀ ਪਤਾ ਸੀ ਉਸ ਨੂੰ ਕਿ ਉਹ ਅੰਦਰੋਂ ਕਿੰਨਾ ਖ਼ਾਲੀ ਹੈ। ਕਿੰਨਾ ਦੁਖੀ ਹੈ। ਆਪਣੀ ਜੇਲ੍ਹ-ਮਈ ਜ਼ਿੰਦਗੀ ਨੂੰ ਧੱਕੇ ਦੇ ਕੇ ਅਗਾਂਹ ਤੋਰ ਰਿਹਾ ਹੈ ਤੇ ਫਿਰ ਜਿਸ ਦਿਨ ਸੁਖਪਾਲ ਨੇ ਉਸ ਨੂੰ ਅੱਖ ਦੱਬ ਦਿੱਤੀ ਸੀ, ਉਹ ਹੈਰਾਨ ਹੋਈ ਸੀ। ਨਾ ਉਸ ਨੂੰ ਗੁੱਸਾ ਆਇਆ, ਨਾ ਖ਼ੁਸ਼ੀ ਹੋਈ। ਹੈਰਾਨੀ ਹੀ ਹੋਈ ਸੀ ਜਾਂ ਮਿੰਨ੍ਹਾ-ਮਿੰਨ੍ਹਾ ਹਾਸਾ। ਇਹੋ ਜਿਹਾ ਬੰਦਾ ਵੀ ਇਸ ਤਰ੍ਹਾਂ ਦਾ ਹੋ ਸਕਦਾ ਹੈ? ਏਸ ਨੂੰ ਇਹ ਹੌਸਲਾ ਪਿਆ ਕਿਵੇਂ? ਇਨ੍ਹਾਂ ਸੋਚਾਂ ਵਿੱਚ ਹੀ ਉਹ ਚੁਬਾਰੇ ਜਾ ਚੜ੍ਹੀ ਸੀ ਤੇ ਫਿਰ ਜਦ ਉਹ ਦੁੱਧ ਦੀ ਗੜਵੀ ਲੈ ਕੇ ਆਇਆ ਸੀ ਤਾਂ ਉਸ ਨੂੰ ਪਤਾ ਵੀ ਨਹੀਂ ਸੀ ਲੱਗਿਆ ਕਿ ਕੀ ਬੀਤ ਗਿਆ ਹੈ। ਕਿੰਨਾ ਕੁਝ ਬੀਤ ਗਿਆ ਹੈ। ਇੱਕ ਬਿੰਦ ਉਹ ਇਹ ਵੀ ਸੋਚਦੀ ਸੀ, ਜਿਵੇਂ ਕੁਝ ਵੀ ਨਹੀਂ ਹੋਇਆ ਸੀ। ਕਿਤੇ ਕੁਝ ਵੀ ਨਹੀਂ ਵਾਪਰਿਆ ਸੀ।

ਸੁਖਪਾਲ ਦੇ ਜਨੂੰਨ ਵਿੱਚ ਉਹ ਅਣਜਾਣੇ ਹੀ ਫਾਥੀ ਜਾ ਰਹੀ ਸੀ। ਉਸ ਨੂੰ ਤਾਂ ਅਹਿਸਾਸ ਹੀ ਨਹੀਂ ਸੀ ਕਿ ਕੀ ਬੀਤਿਆ ਜਾ ਰਿਹਾ ਹੈ। ਜਿਵੇਂ ਕੁਝ ਹੋ ਹੀ ਨਹੀਂ ਰਿਹਾ। ਜਿਵੇਂ ਸਭ ਕੁਝ ਸਾਧਾਰਨ ਹੀ ਤਾਂ ਹੋ ਰਿਹਾ ਹੈ। ਫਿਰ ਤਾਂ ਉਸ ਅੰਦਰ ਵੀ ਇੱਕ ਅੰਗ ਦਾ ਅਹਿਸਾਸ ਜਾਗ ਪਿਆ ਸੀ। ਫਿਰ ਤਾਂ ਉਸ ਨੂੰ ਵੀ ਕਿਸੇ ਦੀ ਲੋੜ ਸੀ। ਉਹ ਸੁਖਪਾਲ ਹੀ ਸੀ।

ਸੁਖਪਾਲ ਦਾ ਸੰਬੰਧ ਜਦ ਤੋਂ ਪਰਮਿੰਦਰ ਨਾਲ ਬਣਿਆ ਸੀ, ਉਸ ਨੂੰ ਨਛੱਤਰ ਕੌਰ ਵੀ ਚੰਗੀ-ਚੰਗੀ ਲੱਗਣ ਲੱਗ ਪਈ ਸੀ। ਉਸ ਨੂੰ ਬੱਚਿਆਂ ਦਾ ਵੀ ਅਜੀਬ ਕਿਸਮ ਦਾ ਮੋਹ ਆਉਂਦਾ ਸੀ। ਇਸ ਤਰ੍ਹਾਂ ਦਾ ਮੋਹ ਉਸ ਵਿੱਚ ਪਹਿਲਾਂ ਨਹੀਂ ਸੀ। ਕਦੇ-ਕਦੇ ਉਸ ਨੂੰ ਇਹ ਮਹਿਸੂਸ ਵੀ ਹੁੰਦਾ ਕਿ ਨਛੱਤਰ ਕੌਰ ਤੇ ਉਸ ਦੇ ਤਿੰਨਾਂ ਬੱਚਿਆਂ ਦਾ ਉਸ ਨਾਲ ਕੋਈ ਸੰਬੰਧ ਨਹੀਂ। ਉਸ ਲਈ ਤਾਂ ਪਰਮਿੰਦਰ ਹੀ ਸਭ ਕੁਝ ਹੈ। ਪਰਮਿੰਦਰ ਹੀ ਉਸ ਦਾ ਸੰਸਾਰ ਹੈ। ਸੰਸਾਰ, ਜਿਸ ਵਿੱਚ ਨਛੱਤਰ ਕੌਰ ਤੇ ਤਿੰਨਾਂ ਬੱਚਿਆਂ ਦਾ ਦਖ਼ਲ ਬੇ-ਬੁਨਿਆਦ ਹੈ।

ਦਿਨ ਲੰਘਦੇ ਜਾ ਰਹੇ ਸਨ। ਕੁਝ ਵੀ ਬੇ-ਢੰਗਾ ਨਹੀਂ ਸੀ ਲੱਗ ਰਿਹਾ। ਕੁਝ ਵੀ ਨਵਾਂ ਨਹੀਂ ਸੀ। ਸਭ ਕੁਝ ਹੀ ਸਾਧਾਰਨ ਬੀਤ ਰਿਹਾ ਸੀ। ਕੋਈ ਵੀ ਵਿਘਣ ਨਹੀਂ ਸੀ ਪੈਂਦਾ ਤੇ ਫਿਰ ਇੱਕ ਦਿਨ...

ਲੋਹੜੀ ਦਾ ਦਿਨ ਸੀ।

ਰਾਤ ਦਾ ਵੇਲਾ।

ਸੱਥ ਵਿੱਚ ਵੱਡੀ ਸਾਰੀ ਧੂਣੀ ਬਾਲੀ ਹੋਈ ਸੀ। ਅਗਵਾੜ ਦੀਆਂ ਬੁੜ੍ਹੀਆਂ, ਕੁੜੀਆਂ, ਵਹੁਟੀਆਂ ਦੇ ਬੱਚੇ ਧੂਣੀ ਦੁਆਲੇ ਬੈਠੇ ਸਨ। ਗੀਤ ਗਾਏ ਜਾ ਰਹੇ ਸਨ। ਚੁਗ਼ਲੀਆਂ ਕੀਤੀਆਂ ਜਾ ਰਹੀਆਂ ਸਨ। ਬੱਚੇ ਰੌਲ਼ਾ ਪਾ ਰਹੇ ਸਨ। ਨਛੱਤਰ ਕੌਰ ਵੀ ਓਥੇ ਹੀ ਸੀ। ਗੁੱਡੀ ਤੇ ਟੀਟੂ ਵੀ। ਪੈਂਟੂ ਨੂੰ ਉਹ ਬੈਠਕ ਵਿੱਚ ਸੁਖਪਾਲ ਕੋਲ ਸੁੱਤਾ ਛੱਡ ਆਈ ਸੀ। ਸੁਖਪਾਲ ਕੋਈ ਕਿਤਾਬ ਪੜ੍ਹ ਰਿਹਾ ਸੀ।

ਨਛੱਤਰ ਕੌਰ ਨੇ ਪਰਮਿੰਦਰ ਨੂੰ ਬਥੇਰਾ ਆਖਿਆ ਸੀ ਕਿ ਉਹ ਵੀ ਲੋਹੜੀ ’ਤੇ ਚੱਲੇ, ਪਰ ਉਹ ਨਹੀਂ ਸੀ ਗਈ। ਬਹਾਨਾ ਲਾ ਦਿੱਤਾ ਸੀ-ਕੱਲ੍ਹ ਨੂੰ ਡਾਕਟਰ ਨੇ ਔਣੈ,

ਕੱਟੇ ਖੰਭਾਂ ਵਾਲਾ ਉਕਾਬ

31