ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਿਆ। ਇੱਕ ਕੁੜੀ ਛੁੱਟੜ ਸੀ, ਉਹਦੇ ਲਈ ਸੁਦੀਪ ਦੀ ਮਾਂ ਨਹੀਂ ਮੰਨੀ ਸੀ। ਦੂਜੀ ਨਾਲ ਜ਼ਾਤ-ਬਰਾਦਰੀ ਦਾ ਫ਼ਰਕ ਸੀ, ਮਾਂ ਉਹਦੇ ਲਈ ਵੀ ਨਹੀਂ ਮੰਨੀ। ਉਹਨੂੰ ਮਾਂ ਬਹੁਤ ਪਿਆਰੀ ਸੀ। ਉਹ ਚਾਹੁੰਦਾ ਸੀ, ਉਹ ਕੁੜੀ ਹੋਵੇ, ਜੀਹਨੂੰ ਮਾਂ ਪਸੰਦ ਕਰਦੀ ਹੋਵੇ। ਉਹ ਕੁੜੀ ਹੋਵੇ, ਜਿਹੜੀ ਮਾਂ ਦੀ ਸੇਵਾ ਕਰ ਸਕੇ। ਫੇਰ ਮਾਂ ਵੀ ਮਰ ਗਈ ਤੇ ਉਹ ਆਪ ਵੱਡੀ ਉਮਰ ਦਾ ਹੋ ਕੇ ਰਹਿ ਗਿਆ। ਫੇਰ ਤਾਂ ਜੇ ਕੋਈ ਉਹਨੂੰ ਵਿਆਹ ਬਾਬਤ ਪੁੱਛਦਾ ਤਾਂ ਉਹ ਜਵਾਬ ਦਿੰਦਾ, "ਵਿਆਹ ਨਹੀਂ ਕਰਾਉਣਾ ਹੁਣ। ਹੁਣ ਤਾਂ ਇਕੱਲੇ ਰਹਿਣ ਦੀ ਆਦਤ ਪੈ ਗਈ, ਨਾਲੇ ਵਿਆਹ ਦੀ ਉਮਰ ਤਾਂ ਉਦੋਂ ਹੁੰਦੀ ਹੈ, ਜਦੋਂ ਨਵੇਂ ਨਵੇਂ ਕੱਪੜੇ ਪਾਉਣ ਨੂੰ ਦਿਲ ਕਰਦਾ ਹੋਵੇ। ਮੇਰੀ ਫਟੀ-ਪੁਰਾਣੀ ਜੀਨ ਦੀ ਪੈਂਟ ਨੂੰ ਭਲਾ ਕੀ ਚਾਅ ਹੋ ਸਕਦੈ ਵਿਆਹ ਦਾ?”

ਪਰ ਅਲਕਾ ਦਾ ਉਹ ਕੀ ਕਰਦਾ? ਉਹ ਤਾਂ ਅੱਗੇ ਹੀ ਅੱਗੇ ਵਧਦੀ ਆ ਰਹੀ ਸੀ, ਜਿਵੇਂ ਹੜ੍ਹ ਦਾ ਪਾਣੀ। ਉਹਨੂੰ ਲੱਗਦਾ, ਇੱਕ ਦਿਨ ਇਸ ਪਾਣੀ ਵਿੱਚ ਘਿਰ ਕੇ ਉਹ ਇਸ ਪਾਣੀ ਦਾ ਹੋ ਕੇ ਹੀ ਰਹਿ ਜਾਵੇਗਾ, ਪਰ ਕੁੜੀਆਂ ਭਾਵੁਕ ਹੁੰਦੀਆਂ ਨੇ, ਕੀ ਪਤਾ? ਪਾਠਕ-ਕੁੜੀਆਂ ਐਵੇਂ ਹੀ ਲੇਖਕਾਂ ਨੂੰ ਚਾਹੁਣ ਲੱਗ ਪੈਂਦੀਆਂ ਹਨ। ਉਹਨਾਂ ਪ੍ਰਤੀ ਇੱਕ ਉਤਸੁਕਤਾ ਹੁੰਦੀ ਹੈ, ਫ਼ਿਲਮ ਐਕਟਰਾਂ ਨੂੰ ਮਿਲਣ ਵਰਗੀ। ਉਹ ਸਮਝਦੀਆਂ ਹਨ, ਲੇਖਕ ਕੋਈ ਵੱਡੀ ਚੀਜ਼ ਹੁੰਦੀ ਹੋਵੇਗੀ, ਜਦੋਂ ਕਿ ਅਸਲੀਅਤ ਵਿੱਚ ਉਹ ਇੱਕ ਆਮ ਆਦਮੀ ਹੀ ਤਾਂ ਹੁੰਦਾ ਹੈ। ਦੁੱਖ-ਸੁੱਖ ਭੋਗਣ ਵਾਲਾ ਇੱਕ ਸਮਾਜਿਕ ਪ੍ਰਾਣੀ।

ਅਲਕਾ ਤੇ ਰੇਸ਼ਮਾ ਦੋ ਭੈਣਾਂ ਸਨ। ਅੰਮ੍ਰਿਤਸਰ ਉਨ੍ਹਾਂ ਦਾ ਬਾਪ ਮਿਊਂਸੀਪਲ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਲੇਖਾ-ਕਲਰਕ ਸੀ। ਉਹਨੂੰ ਉਤਲੀ ਆਮਦਨ ਵੀ ਸੀ। ਰੇਸ਼ਮਾ ਬੀ. ਏ. ਵਿੱਚ ਪੜ੍ਹਦੀ ਸੀ, ਜਦੋਂ ਕਿ ਅਲਕਾ ਬੀ. ਏ. ਕਦੋਂ ਦੀ ਕਰ ਚੁੱਕੀ ਸੀ। ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ। ਬੜੀ ਹੀ ਸੁਪਨੇਸਾਜ਼ ਕੁੜੀ। ਏਸੇ ਕਰਕੇ ਹੁਣ ਤੱਕ ਉਹਦਾ ਵਿਆਹ ਨਹੀਂ ਹੋਇਆ ਸੀ। ਦੁਨੀਆ ਭਰ ਵਿੱਚ ਕੋਈ ਮੁੰਡਾ ਉਹਨੂੰ ਪਸੰਦ ਨਹੀਂ ਆਇਆ ਸੀ। ਪਤਾ ਨਹੀਂ ਕੀ ਚਾਹੁੰਦੀ ਸੀ ਉਹ? ਰੇਸ਼ਮਾ ਤੇ ਅਲਕਾ ਵਿਚਕਾਰ ਦੋ ਮੁੰਡੇ ਵੀ ਸਨ-ਵਿਨੋਦ ਤੇ ਪ੍ਰਮੋਦ।

ਅਲਕਾ ਜ਼ੋਰ ਪਾ ਰਹੀ ਸੀ ਕਿ ਸੁਦੀਪ ਉਹਨੂੰ ਅੰਮ੍ਰਿਤਸਰ ਆ ਕੇ ਮਿਲੇ। ਉਹ ਉਹਦੇ ਨਾਲ ਜ਼ੁਬਾਨੀ ਗੱਲਾਂ ਕਰਨੀਆਂ ਚਾਹੁੰਦੀ ਹੈ।

ਸੁਦੀਪ ਹੋਰ ਕੋਈ ਕੰਮ ਨਹੀਂ ਕਰਦਾ ਸੀ, ਕੋਈ ਸਰਕਾਰੀ ਨੌਕਰੀ, ਕੁਝ ਵੀ ਨਹੀਂ, ਬਸ ਉਹ ਤਾਂ ਕਹਾਣੀਕਾਰ ਸੀ ਜਾਂ ਅਖ਼ਬਾਰਾਂ ਵਿੱਚ ਫੋਟੋ-ਫੀਚਰ ਲਿਖਦਾ। ਏਸੇ ਕੰਮ ਵਿੱਚੋਂ ਬਹੁਤ ਕਮਾ ਲੈਂਦਾ। ਗਲ ਤੱਕ ਆਇਆ ਪਾਣੀ ਦੇਖ ਕੇ ਉਹਨੇ ਫ਼ੈਸਲਾ ਕੀਤਾ ਕਿ ਅੰਮ੍ਰਿਤਸਰ ਜਾਇਆ ਜਾਵੇ। ਅਲਕਾ ਨੂੰ ਇੱਕ ਵਾਰ ਮਿਲ ਤਾਂ ਲਵੇ, ਗੱਲ ਕਰਨ ਵਿੱਚ ਕੀ ਹਰਜ਼ ਹੈ। ਨਾ ਜਚੀ ਤਾਂ ਉਹ ਮੁੜ ਆਵੇਗਾ। ਉਹ ਉਹਦਾ ਕੁਝ ਤੋੜ ਤਾਂ ਨਹੀਂ ਲਵੇਗੀ।

ਅਲਕਾ ਦੀ ਉਮਰ ਬੱਤੀ-ਤੇਤੀ ਤੋਂ ਵੱਧ ਨਹੀਂ ਸੀ, ਪਰ ਦੇਖਣ ਵਿੱਚ ਉਹ ਚਾਲੀਆਂ ਦੀ ਲੱਗ ਰਹੀ ਸੀ। ਅੱਖਾਂ ਥੱਲੇ ਘੇਰੇ ਦਾਖੀ ਹੋ ਚੁੱਕੇ ਸਨ। ਗੱਲ੍ਹਾਂ ਦਾ ਮਾਸ ਢਲ਼ ਗਿਆ ਸੀ। ਠੋਡੀ ਥੱਲੇ ਇੱਕ ਹੋਰ ਠੋਡੀ ਦਿਸਣ ਲੱਗੀ ਸੀ। ਦੰਦਾਂ ਉੱਤੇ ਪਿਲੱਤਣ

ਰੇਸ਼ਮਾ

37