ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਦੀਪ ਦਾ ਅੰਮ੍ਰਿਤਸਰ ਜਾਣਾ ਹੁਣ ਘਟਿਆ ਹੋਇਆ ਸੀ। ਅਲਕਾ ਵੀ ਮਸਾਂ ਹੀ ਕਦੇ ਜਾਂਦੀ। ਆਮ ਕਰਕੇ ਗਰਮੀ ਦੀਆਂ ਛੁੱਟੀਆਂ ਵਿੱਚ ਜਾਂਦੀ। ਉਹਨਾਂ ਦਿਨਾਂ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੁੰਦਾ ਸੀ। ਰੇਸ਼ਮਾ ਬਠਿੰਡੇ ਕਦੇ ਨਹੀਂ ਆਈ ਸੀ। ਕੰਵਾਰੀ ਹੁੰਦੀ ਪਟਿਆਲੇ ਤਾਂ ਕਈ ਚੱਕਰ ਮਾਰ ਗਈ ਸੀ। ਇੱਕ ਵਾਰ ਵਿਆਹ ਤੋਂ ਬਾਅਦ ਵੀ ਆਈ ਸੀ, ਆਪਣੇ ਮਿਸਟਰ ਨੂੰ ਨਾਲ ਲੈ ਕੇ। ਉਦੋਂ ਤਾਂ ਉਹ ਚਾਰ-ਪੰਜ ਦਿਨ ਠਹਿਰੇ ਸਨ। ਸੁਦੀਪ ਨੂੰ ਮੁੰਡਾ ਖਚਰਾ ਜਿਹਾ ਲੱਗਿਆ ਸੀ। ਵਿਆਹ ਤੋਂ ਬਾਅਦ ਰੇਸ਼ਮਾ ਪਹਿਲਾਂ ਜਿੰਨੀ ਚੁਲਬੁਲੀ ਨਹੀਂ ਰਹੀ ਸੀ। ਗੱਲਾਂ ਘੱਟ ਕਰਦੀ। ਉਹਨੂੰ ਖਾਣ-ਪੀਣ ਦਾ ਬਹੁਤਾ ਲਾਲਚ ਵੀ ਨਹੀਂ ਰਿਹਾ ਸੀ। ਹਾਂ, ਘੁੰਮਣ ਫਿਰਨ ਦੀ ਆਦਤ ਓਹੀ ਪੁਰਾਣੀ ਸੀ।

ਰੇਸ਼ਮਾ ਜਦੋਂ ਕੰਵਾਰੀ ਸੀ, ਕਹਾਣੀਆਂ ਲਿਖਦੀ ਹੁੰਦੀ। ਉਹਦੀਆਂ ਦੋ ਕਹਾਣੀਆਂ ਉਹਨਾਂ ਦੇ ਕਾਲਜ ਮੈਗਜ਼ੀਨ ਵਿੱਚ ਛਪੀਆਂ ਸਨ। ਫੇਰ ਉਹ ਕਹਿੰਦੀ ਰਹਿੰਦੀ- ‘ਜੀਜਾ ਜੀ, ਮੇਰੀਆਂ ਕਹਾਣੀਆਂ ਛਪਵਾ ਦਿਓ ਕਿਧਰੇ। ਤੁਹਾਡਾ ਤਾਂ ਐਡਾ ਵੱਡਾ ਨਾਉਂ ਐ, ਲੇਖਕਾਂ ਵਿਚ।

ਸੁਦੀਪ ਨੇ ਉਹਦੀਆਂ ਦੋ ਕਹਾਣੀਆਂ ਜਲੰਧਰ ਦੇ ਇੱਕ ਅਖ਼ਬਾਰ ਵਿੱਚ ਛਪਵਾ ਦਿੱਤੀਆਂ ਸਨ। ਏਧਰ-ਓਧਰ ਦੋ-ਤਿੰਨ ਮਾਸਿਕ ਪੱਤਰਾਂ ਨੂੰ ਵੀ ਕਹਾਣੀਆਂ ਭੇਜੀਆਂ ਸਨ, ਪਰ ਉਹਨਾਂ ਵਿੱਚ ਕਿਤੇ ਨਹੀਂ ਛਪੀ ਸੀ ਕੋਈ ਕਹਾਣੀ। ਜਲੰਧਰ ਦੇ ਉਸ ਅਖ਼ਬਾਰ ਬਾਰੇ ਮਸ਼ਹੂਰ ਸੀ ਕਿ ਬਸ ਲਿਖਾਈ ਪੜ੍ਹਨ ਯੋਗ ਹੋਵੇ, ਕਹਾਣੀ ਛਪ ਜਾਂਦੀ ਹੈ ਤੇ ਰੇਸ਼ਮਾ ਦੀਆਂ ਕਹਾਣੀਆਂ ਛਪ ਗਈਆਂ ਸਨ। ਉਹ ਇਹ ਕਹਾਣੀਆਂ ਮੁੰਡੇ/ਕੁੜੀ ਦੇ ਭਾਵੁਕ ਪਿਆਰ ਬਾਰੇ ਹੀ ਲਿਖਦੀ। ਇਹਨਾਂ ਕਹਾਣੀਆਂ ਵਿੱਚ ਕੋਈ ਖ਼ਾਸ ਸਮਾਜਕ ਤੱਥ ਨਹੀਂ ਹੁੰਦਾ ਸੀ। ਕਹਾਣੀ ਵਿੱਚ ਹਮੇਸ਼ਾ ਉਹ ਕੁੜੀ ਦਾ ਪੱਖ ਲੈਂਦੀ।

ਤੇ ਜਦੋਂ ਹੁਣ ਉਹ ਬਠਿੰਡੇ ਆਈ, ਉਹਦਾ ਮੁੰਡਾ ਪੰਜ ਵਰ੍ਹਿਆਂ ਦਾ ਹੋ ਚੁੱਕਿਆ ਸੀ। ਸਕੂਲ ਜਾਂਦਾ ਸੀ। ਰੇਸ਼ਮਾ ਵਿੱਚ ਪਹਿਲਾਂ ਜਿੰਨੀ ਰੜਕ ਨਹੀਂ ਰਹਿ ਗਈ ਸੀ। ਚਿਹਰਾ ਉਦਾਸ ਲੱਗਦਾ। ਬਾਹਾਂ ਦਾ ਮਾਸ ਢਿਲਕਿਆ-ਢਿਲਕਿਆ। ਅੱਖਾਂ ਵਿੱਚ ਉਹ ਚਮਕ ਨਹੀਂ ਸੀ। ਸਿਰ ਦੇ ਵਾਲ਼ ਛੋਟੇ ਹੋ ਗਏ ਸਨ। ਗੱਲ-ਗੱਲ ਉੱਤੇ ਉਹ ਆਪਣੇ ਮੁੰਡੇ ਨੂੰ ਝਿੜਕਦੀ ਤੇ ਨਿੱਕਾ ਜਿਹਾ ਬਹਾਨਾ ਲੈ ਕੇ ਉਹਨੂੰ ਕੁੱਟ ਸੁੱਟਦੀ। ਮੁੰਡੇ ਦਾ ਬੁਰਾ ਹਾਲ ਕਰ ਦਿੰਦੀ ਤੇ ਫੇਰ ਖ਼ੁਦ ਵੀ ਬਦਹਵਾਸ ਜਿਹੀ ਹੋ ਜਾਂਦੀ। ਅਲਕਾ ਨੇ ਉਸਨੂੰ ਸਮਝਾਇਆ, ਬੱਚੇ ਨੂੰ ਐਨਾ ਮਾਰਨਾ ਨਹੀਂ ਚਾਹੀਦਾ, ਢੀਠ ਹੋ ਜਾਂਦੈ ਫੇਰ। ਘੰਟੇ-ਅੱਧੇ ਘੰਟੇ ਬਾਅਦ ਹੀ ਰੇਸ਼ਮਾ ਸਹਿਜ ਹੋ ਜਾਂਦੀ ਤੇ ਫੇਰ ਅਲਕਾ ਜਾਂ ਸੁਦੀਪ ਨਾਲ ਗੱਲਾਂ ਕਰਨ ਲੱਗਦੀ। ਪਤਾ ਨਹੀਂ ਉਹਨੇ ਕਿਉਂ ਇਸ ਤਰ੍ਹਾਂ ਦਾ ਸੁਭਾਓ ਬਣਾ ਲਿਆ ਸੀ। ਇਸ ਤਰ੍ਹਾਂ ਦੀ ਉਹ ਹੁੰਦੀ ਨਹੀਂ ਸੀ। ਇਸ ਤਰ੍ਹਾਂ ਦੀ ਤਾਂ ਉਹ ਕਦੇ ਵੀ ਨਹੀਂ ਸੀ।

ਉਸ ਦਿਨ ਉਹ ਦੁਪਹਿਰੇ ਜਿਹੇ ਆਈ ਸੀ। ਸ਼ਾਮ ਵੇਲੇ ਜਦੋਂ ਉਹ ਸਾਰੇ ਜਣੇ ਬੈਠ ਕੇ ਰੋਟੀ ਖਾਣ ਲੱਗੇ ਤਾਂ ਰੇਸ਼ਮਾ ਬੋਲੀ- "ਜੀਜਾ ਜੀ, ਇੱਕ ਕਹਾਣੀ ਲਿਖੋ। ਕਹਾਣੀ ਦਾ ਮਸਾਲਾ ਤੁਹਾਨੂੰ ਮੈਂ ਦਿੰਦੀ ਹਾਂ।"

"ਤੂੰ ਆਪ ਈ ਲਿਖ ਲੈ। ਤੂੰ ਵੀ ਤਾਂ ਕਹਾਣੀਕਾਰ ਐਂ।

40

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ