ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/41

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

"ਨਹੀਂ, ਮੈਂ ਨਹੀਂ! ਤੁਸੀਂ ਲਿਖੋ! ਤੁਸੀਂ ਚੰਗੀ ਲਿਖੋਗੇ। ਮੈਂ ਤਾਂ ਸਭ ਛੱਡਿਆ ਛੁਡਾਇਆ, ਇਹ ਧੰਦਾ।"

"ਕਿਉਂ, ਕਹਾਣੀਆਂ ਲਿਖਣਾ ਧੰਦਾ ਹੁੰਦੈ?"

"ਸਭ ਲੋਕ ਕੋਈ ਨਾ ਕੋਈ ਧੰਦਾ ਕਰਦੇ ਨੇ। ਧੰਦੇ ਬਗ਼ੈਰ ਗੁਜ਼ਾਰਾ ਨਹੀਂ। ਕਹਾਣੀਆਂ ਲਿਖਣਾ ਵੀ ਤਾਂ ਇਕ ਧੰਦਾ ਹੋਇਆ।"

"ਤੂੰ ਫੇਰ ਏਸ ਧੰਦੇ ਵਿੱਚ ਅੱਗੇ ਕਿਉਂ ਨਾ ਵਧੀ? ਤੂੰ ਚੰਗਾ ਲਿਖ ਲੈਂਦੀ ਸੀ।" ਸੁਦੀਪ ਨੇ ਉਹਦੀ ਫ਼ੋਕੀ ਵਡਿਆਈ ਕੀਤੀ।

"ਨਹੀਂ, ਮੈਂ ਨਹੀਂ, ਤੁਸੀਂ ਲਿਖੋ।"

"ਚੰਗਾ, ਸੁਣਾ ਫੇਰ। ਕੀ ਗੱਲ ਐ?"

"ਰੋਟੀ ਖਾ ਕੇ ਸੁਣਾਵਾਂਗੀ।"

"ਕੋਈ ਅਜਿਹੀ ਗੱਲ ਤਾਂ ਨਹੀਂ ਕਿ ਅਲਕਾ ਤੋਂ ਸ਼ਰਮਾਉਂਦੀ ਹੋਵੇਂ?"

"ਨਹੀਂ! ਦੀਦੀ ਤੋਂ ਕਾਹਦੀ ਸ਼ਰਮ?" ਉਹ ਅਲਕਾ ਦੇ ਬੱਚਿਆਂ ਵੱਲ ਝਾਕੀ। ਫੇਰ ਕਹਿੰਦੀ- "ਰੋਟੀ ਖਾ ਲਈਏ, ਫੇਰ ਸੁਣਾਵਾਂਗੀ।"

ਰੋਟੀ ਤੋਂ ਬਾਅਦ ਅਲਕਾ ਦੇ ਦੋਵੇਂ ਬੱਚੇ ਦਿਨੇਸ਼ ਤੇ ਸੋਨੀਆ ਬਾਹਰ ਗਲੀ ਵਿੱਚ ਦੌੜ ਗਏ। ਅਲਕਾ ਨੇ ਮਗਰੋਂ ਉੱਚੀ ਹਾਕ ਮਾਰੀ- "ਦੀਨੂੰ ਬੇਟੇ।"

ਉਹ ਮੁੜ ਆਇਆ-"ਹਾਂ, ਮੰਮੀ।"

"ਬੇਟਾ, ਰੋਹਿਤ ਨੂੰ ਨਾਲ ਲੈ ਕੇ ਜਾਓ। ਇਹ ਵੀ ਖੇਡੇਗਾ ਤੁਹਾਡੇ ਨਾਲ।" ਤੇ ਫੇਰ ਰੋਹਿਤ ਨੂੰ ਕਿਹਾ- "ਜਾਹ ਰੋਹੀ, ਤੂੰ ਵੀ ਜਾਹ।" ਮੂੰਹ ਵਿੱਚ ਉਂਗਲੀ, ਉਹ ਹੌਲ਼ੀ-ਹੌਲ਼ੀ ਦਿਨੇਸ਼ ਮਗਰ ਤੁਰਨ ਲੱਗਿਆ। ਸੋਨੀਆ ਆਈ ਤੇ ਰੋਹਿਤ ਦੀ ਬਾਂਹ ਫੜ ਕੇ ਉਹਨੂੰ ਗਲੀ ਵਿੱਚ ਘੜੀਸਦੀ ਹੋਈ ਭੱਜਣ ਲੱਗੀ।

"ਅਲਕਾ, ਰੇਸ਼ਮਾ ਤੇ ਸੁਦੀਪ ਮਕਾਨ ਦੀ ਛੱਤ ਉੱਤੇ ਚੜ੍ਹ ਗਏ। ਗਰਮੀ ਦਾ ਮਹੀਨਾ ਸੀ। ਉੱਤੇ ਤਾਜ਼ੀ ਹਵਾ ਵਗ਼ ਰਹੀ ਸੀ। ਰੇਸ਼ਮਾ ਆਸਮਾਨ ਵੱਲ ਝਾਕ ਕੇ ਕਹਿਣ ਲੱਗੀ- "ਏਥੇ ਵੀ ਅਮ੍ਰਿੰਤਸਰ ਵਾਲਾ ਹਾਲ ਐ, ਦੀਦੀ! ਨਿੱਖਰਿਆ ਆਕਾਸ਼ ਤਾਂ ਦਿਸਦਾ ਹੀ ਨਹੀਂ। ਕਿੰਨੀ ਧੂੜ ਐ ਤੇ ਕਿੰਨਾ ਧੂੰਆਂ।"

"ਹਾਂ, ਇਹ ਤਾਂ ਹੈ। ਇੱਕ ਤਾਂ ਬਠਿੰਡੇ ਵਿੱਚ ਰੇਲ-ਗੱਡੀਆਂ ਦਾ ਧੂੰਆਂ ਬਹੁਤ ਰਹਿੰਦੈ, ਦਿਨ ਰਾਤ! ਦੂਜਾ ਇਹ ਥਰਮਲ ਪਲਾਂਟ। ਆਬਾਦੀ ਵੀ ਬਹੁਤ ਵਧ ਗਈ ਨਾ। ਐਨੀਆਂ ਕਾਰਾਂ, ਟਰੱਕ, ਟੈਂਪੂ ਤੇ ਫੇਰ ਘਰਾਂ ਦਾ ਧੂੰਆਂ।"

"ਅਜੇ ਤਾਂ ਤੜਕੇ ਪਤਾ ਲੱਗੂ, ਜਦੋਂ ਇੰਚ-ਇੰਚ ਸੁਆਹ ਕੱਪੜਿਆਂ 'ਤੇ ਜੰਮੀ ਪਈ ਹੋਈ।" ਸੁਦੀਪ ਨੇ ਰੇਸ਼ਮਾ ਨੂੰ ਹੈਰਾਨ ਕੀਤਾ।

"ਉਹ ਕਿਵੇਂ ਜੀਜਾ ਜੀ?" ਉਹ ਉਤਸੁਕ ਸੀ।

"ਇਹ ਥਰਮਲ ਪਲਾਂਟ ਐ ਨਾ, ਇਹਦੇ ਕਰਕੇ ਆਸਮਾਨ ਵਿੱਚ ਉੱਡੀ ਸੁਆਹ ਤੜਕੇ ਦੇ ਸਾਫ਼ ਵਾਯੂਮੰਡਲ ਵਿੱਚ ਧਰਤੀ ਉੱਤੇ ਉੱਤਰ ਆਉਂਦੀ ਹੈ। ਹੁਣ ਬਾਹਰ ਕੋਈ ਭਾਂਡਾ ਰੱਖ ਦਿਓ, ਸਵੇਰੇ ਉਂਗਲ ਫੇਰ ਕੇ ਦੇਖੋ, ਸੁਆਹ ਜੰਮੀ ਪਈ ਹੁੰਦੀ ਐ।" ਸੁਦੀਪ ਬੋਲ ਰਿਹਾ ਸੀ।

ਰੇਸ਼ਮਾ
41