ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਕਿੰਨੀ-ਕਿੰਨੀ?"

"ਬਸ ਸੁਆਹ ਹੁੰਦੀ ਐ।

"ਤੁਸੀਂ ਤਾਂ ਇੰਚ-ਇੰਚ ਕਹਿ ਰਹੇ ਸੀ।"

"ਉਹ ਤਾਂ ਕਹਿਣ ਦੀ ਗੱਲ ਐ। ਬੁੜ੍ਹੀਆਂ ਕਹਿੰਦੀਆਂ ਨ੍ਹੀ ਹੁੰਦੀਆਂ, ਨ੍ਹਾ ਲੈ ਵੇ ਮੁੰਡਿਆ, ਗਿੱਟਿਆਂ 'ਤੇ ਮਣ-ਮਣ ਮੈਲ਼ ਜੰਮੀ ਪਈ ਐ। ਉਹ ਮੈਲ਼ ਮਣ ਪੱਕੀ ਥੋੜ੍ਹੀ ਹੁੰਦੀ ਐ।" ਉਹ ਨਿੱਕਾ-ਨਿੱਕਾ ਹੱਸਣ ਲੱਗਿਆ।

"ਤੁਸੀਂ ਜੀਜਾ-ਸਾਲ਼ੀ ਕਰੋ ਗੱਲਾਂ, ਮੈਂ ਤਾਂ ਚੱਲੀ। ਬਰਤਨ ਸਾਫ਼ ਕਰਾਂ।"

ਅਲਕਾ ਥੱਲੇ ਉੱਤਰ ਗਈ।

"ਹਾਂ, ਕੀ ਕਹਾਣੀ ਐ ਉਹ?"

"ਕਿਹੜੀ?"

"ਜਿਹੜੀ ਤੂੰ ਸੁਣਾਉਣਾ ਚਾਹੁੰਦੀ ਹੈਂ, ਅਖੇ ਲਿਖੋ ਇਹ।"

"ਅੱਛਾ ਅੱਛਾ।" ਰੇਸ਼ਮਾ ਜਿਵੇਂ ਆਪਣੇ ਅੰਦਰ ਉੱਤਰਨ ਲੱਗੀ ਹੋਵੇ। ਦੱਸਣ ਲੱਗੀ-"ਅੰਮ੍ਰਿਤਸਰ, ਜਿੱਥੇ ਅਸੀਂ ਰਹਿੰਦੇ ਹਾਂ ਨਾ ਹੁਣ, ਮਤਲਬ ਜਿਹੜਾ ਇਨ੍ਹਾਂ ਦਾ ਪੁਰਾਣਾ ਮਕਾਨ ਐ, ਸਾਡੇ ਗੁਆਂਢ ਵਿੱਚ ਇੱਕ ਔਰਤ ਐ। ਕੋਮਲ ਐ ਉਹਦਾ ਨਾਉਂ। ਖ਼ਾਸਾ ਚੰਗਾ ਵਪਾਰ ਐ ਉਹਦੇ ਹਸਬੈਂਡ ਦਾ। ਉਹ ਦੋ ਭਾਈ ਨੇ। ਛੋਟਾ ਉਹਦੇ ਨਾਲ ਹੀ ਕੰਮ ਕਰਦੈ। ਉਹਦੇ ਹਸਬੈਂਡ ਤੋਂ ਕਾਫ਼ੀ ਛੋਟਾ ਹੋਣੈ। ਛੋਟੇ ਦੀ ਉਮਰ ਤੀਹ-ਬੱਤੀ ਸਾਲ ਹੋਵੇਗੀ। ਪਹਿਲਾਂ ਤਾਂ ਅਸੀਂ ਸੋਚਦੇ ਹੁੰਦੇ, ਇਹ ਛੋਟਾ ਵਿਆਹ ਕਿਉਂ ਨਹੀਂ ਕਰਾਉਂਦਾ। ਚੰਗਾ ਸੋਹਣਾ ਜੁਆਨ ਐ। ਕਮਾਊ ਐ। ਪਰ ਵਿਆਹ...। ਫੇਰ ਅਸੀਂ ਅੰਦਾਜ਼ਾ ਲਾਇਆ ਕਰੀਏ ਕਿ ਭਰਜਾਈ ਨਾਲ ਉਹਦੇ ਸੰਬੰਧ ਹੋਣਗੇ। ਭਰਜਾਈ ਉਹਦਾ ਵਿਆਹ ਨਹੀਂ ਹੋਣ ਦਿੰਦੀ, ਪਰ ਗੱਲ ਤਾਂ ਉਲਟ ਨਿਕਲੀ। ਹੁਣ ਕੋਮਲ, ਉਹਦੀ ਭਰਜਾਈ ਦਿਨੋਂ-ਦਿਨ ਸੁੱਕੀ ਜਾਂਦੀ ਐਸ ਗਲੀ-ਗੁਆਂਢ ਵਿੱਚ ਹਰ ਕਿਸੇ ਨੂੰ ਪਤਾ ਹੈ।

"ਵਿਚਲੀ ਗੱਲ ਕੀ ਐ?"

"ਉਹ ਛੋਟਾ ਜਦੋਂ ਵਿਆਹ ਲਿਆ ਨਾ, ਘਰਵਾਲੀ ਦੋ-ਚਾਰ ਵਾਰ ਆਈ। ਫੇਰ ਕਈ ਮਹੀਨੇ ਆਈ ਹੀ ਨਾ। ਤੇ ਫੇਰ ਉਨ੍ਹਾਂ ਦੇ ਘਰ ਛੋਟੇ ਮੁੰਡੇ ਦੇ ਸਹੁਰਿਆਂ ਦੇ ਫ਼ੋਨ ਆਇਆ ਕਰਨ। ਘੁਸਰ-ਮੁਸਰ ਜਿਹੀ ਹੁੰਦੀ ਰਿਹਾ ਕਰੇ। ਪਤਾ ਭਾਈ, ਕੋਈ ਨਾ ਲੱਗੇ ਕਿਸੇ ਨੂੰ। ਫੇਰ ਛੋਟੇ ਦੀ ਬਹੂ ਆ ਗਈ।"

"ਫੇਰ ਕੀ ਹੋਇਆ?"

"ਅਸੀਂ ਇੱਕ ਗੱਲ ਹੋਰ ਦੇਖੀ, ਜਦੋਂ ਬਹੂ ਉੱਥੇ ਨਹੀਂ ਸੀ, ਛੋਟਾ ਭਰਾ ਖ਼ੁਸ਼ ਰਹਿੰਦਾ। ਜਦੋਂ ਉਹ ਫੇਰ ਮੁੜ ਕੇ ਆ ਗਈ ਤਾਂ ਉਹ ਉਦਾਸ ਰਹਿਣ ਲੱਗਿਆ। ਮੂੰਹ ਲਟਕਾਈ ਰੱਖਿਆ ਕਰੇ। ਫੇਰ ਕਈ ਮਹੀਨਿਆਂ ਪਿੱਛੋਂ ਸਹਿਜ ਹੋ ਗਿਆ। ਉਹਦੀ ਬਹੂ ਵੀ ਟਹਿਕਣ ਲੱਗੀ। ਫੇਰ ਬਹੂ ਕੋਲ ਇੱਕ ਮੁੰਡਾ ਹੋ ਗਿਆ। ਫੇਰ ਇੱਕ ਹੋਰ ਮੁੰਡਾ। ਹੁਣ ਦੋ ਮੁੰਡੇ ਨੇ ਉਹਦੇ।"

"ਕੀ ਗੱਲ ਬਣੀ? ਇਹ ਕੋਈ ਲਿਖਣ ਵਾਲੀ ਗੱਲ ਐ? ਇਹ ਤਾਂ ਆਮ ਜਿਹੀ ਘਰੇਲੂ ਵਾਰਤਾ ਹੈ।" ਸੁਦੀਪ ਨੇ ਕਿਹਾ। ਤੇ ਫੇਰ ਪੁੱਛਣ ਲੱਗਿਆ, ‘ਹੋਰ ਸੁਣਾ, ਤਰਸੇਮ ਲਾਲ ਜੀ ਦਾ ਕੀ ਹਾਲ ਐ?"

42

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ