ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਗੱਲਾਂ ਕਰ ਹੀ ਰਹੇ ਸਨ ਕਿ ਥੱਲਿਓਂ ਉਹਨਾਂ ਨੂੰ ਬੱਚਿਆਂ ਦਾ ਰੌਲਾ ਸੁਣਿਆ। ਚੀਕਦੇ ਤੇ ਭੱਜੇ ਆਉਂਦੇ ਤਿੰਨੇ ਬੱਚੇ। ਸੁਦੀਪ ਨੇ ਜੰਗਲੇ ਉੱਤੋਂ ਦੀ ਸਿਰ ਕੱਢ ਕੇ ਪੁੱਛਿਆ- "ਅਲਕਾ, ਕੀ ਹੋ ਗਿਆ?"

ਉਹ ਰਸੋਈ ਤੋਂ ਬਾਹਰ ਹੋਈ। ਪੁੱਛਿਆ- "ਕੀ ਆਖਿਆ ਜੀ?"

"ਇਹ ਜੁਆਕਾਂ ਨੂੰ ਕੀ ਹੋ ਗਿਆ?"

"ਚਿੱਤਰਹਾਰ!" ਕਹਿ ਕੇ ਉਹ ਰਸੋਈ ਅੰਦਰ ਫੇਰ ਚਲੀ ਗਈ।

ਰੇਸ਼ਮਾ ਓਥੇ ਦੀ ਓਥੇ ਖੜ੍ਹੀ ਰਹੀ। ਉਹਨੇ ਪੁੱਛਿਆ ਤਾਂ ਸੁਦੀਪ ਕਹਿੰਦਾ- “ਟੀ. ਵੀ. ਕਲਚਰ।”

"ਅੱਛਾ, ਚਿੱਤਰਹਾਰ ਦਾ ਵੇਲਾ ਹੋ ਗਿਆ। ਅੱਜ ਬੁੱਧਵਾਰ ਐ ਨਾ।"

"ਤਰਸੇਮ ਲਾਲ ਜੀ ਖ਼ੁਸ਼ ਨੇ? ਸੁਦੀਪ ਨੇ ਮੁੜ ਕੇ ਗੱਲ ਛੇੜੀ।

"ਉਹ ਵੀ ਦੱਸਦੀ ਆਂ, ਪਰ ਤੁਸੀਂ ਪੂਰੀ ਗੱਲ ਤਾਂ ਸੁਣੀ ਹੀ ਨਹੀਂ।"

"ਕਿਹੜੀ?" ਉਹ ਚੌਂਕਿਆ।

"ਕਹਾਣੀ, ਜਿਹੜੀ ਮੈਂ ਸੁਣਾ ਰਹੀ ਸੀ।"

“ਉਹ ਤਾਂ ਮੁੱਕ ਗਈ।

"ਨਹੀਂ, ਅਸਲੀ ਗੱਲ ਤਾਂ ਅਜੇ ਰਹਿੰਦੀ ਐ।"

"ਚੰਗਾ, ਬਾਕੀ ਜੋ ਹੈ, ਉਹ ਵੀ ਸੁਣਾ ਦੇ।"

"ਉਹ ਛੋਟੇ ਦੀ ਬਹੂ ਦੇ ਜਿਹੜੇ ਦੋ ਮੁੰਡੇ ਨੇ ਨਾ, ਕੋਮਲ ਕਹਿੰਦੀ ਐ, ਉਹ ਉਹਦੇ ਹਸਬੈਂਡ ਦੇ ਮੁੰਡੇ ਨੇ।"

"ਇਹ ਕਿਵੇਂ ਬਈ?"

"ਕੋਮਲ ਨੂੰ ਜਦੋਂ ਇਸ ਭੇਤ ਦਾ ਪਤਾ ਲੱਗਿਆ ਤਾਂ ਉਹਨੇ ਘਰ ਵਿੱਚ ਕਲੇਸ਼ ਪਾ ਕੇ ਦਿਉਰ ਨੂੰ ਅੱਡ ਕਰ ਦਿੱਤਾ ਸੀ, ਪਰ ਉਹਦਾ ਹਸਬੈਂਡ ਓਥੇ ਵੀ ਜਾਂਦਾ ਰਹਿੰਦਾ, ਛੋਟੇ ਦੇ ਘਰ।

"ਅੱਛਾ?"

"ਛੋਟੇ ਭਾਈ ਨੂੰ ਪਤੈ ਸਾਰਾ।"

"ਉਨ੍ਹਾਂ ਦਾ ਬਿਜ਼ਨੈਸ?"

"ਬਿਜ਼ਨੈਸ ਅਜੇ ਵੀ ਸਾਂਝਾ ਹੈ। ਬਸ ਘਰ ਦੋ ਹੋ ਗਏ।"

"ਛੋਟਾ ਭਾਈ ਕਿਵੇਂ ਸਹਿਨ ਕਰੀ ਜਾਂਦੈ ਸਭ?"

"ਮਰਦ ਉਹ ਕਦੇ ਵੀ ਨਹੀਂ ਸੀ।"

"ਫੇਰ ਉਹਨੇ ਵਿਆਹ ਕਿਉਂ ਕਰਾਇਆ?"

"ਪਹਿਲਾਂ ਨਹੀਂ ਪਤਾ ਹੋਣਾ ਉਹਨੂੰ।"

ਸੁਦੀਪ ਇੰਕ ਬਿੰਦ ਗੰਭੀਰ ਹੋ ਗਿਆ। ਫੇਰ ਬੋਲਿਆ, "ਹਾਂ, ਹੁਣ ਬਣਦੀ ਐ, ਕੁਛ-ਕੁਛ ਗੱਲ।"

"ਕੋਮਲ ਕਹਿੰਦੀ ਐ, ਚਾਹੇ ਉਹਦਾ ਹਸਬੈਂਡ ਉਹਨੂੰ ਵੀ ਬਹੁਤ ਚਾਹੁੰਦੈ, ਪਰ ਉਹ ਇਹ ਸਭ ਬਰਦਾਸ਼ਤ ਨਹੀਂ ਕਰਦੀ। ਉਹਨੂੰ ਲੱਗਦੈ, ਉਹਦਾ ਹਸਬੈਂਡ ਅੱਧਾ ਕਿਸੇ ਹੋਰ ਦਾ ਹੈ। ਬਸ ਏਸੇ ਗ਼ਮ ਵਿੱਚ ਸੁੱਕਦੀ ਰਹਿੰਦੀ ਐ।"

ਰੇਸ਼ਮਾ

43