ਮਰੇ ਨੂੰ ਕੀ ਮਾਰਨਾ, ਨੰਬਰਦਾਰ ਉਹਦਾ ਪੱਖ ਕਰਨ ਆਇਆ ਸੀ। ਕਹਿ ਰਿਹਾ ਸੀ "ਵਿਚਾਰੇ ਦੀ ਮਾਂ ਬਹੁਤ ਢਿੱਲੀ ਐ। ਉਹਨੂੰ ਸਾਂਭਣ ਵਾਲਾ ਕੋਈ ਨਹੀਂ। ਇਹਨੂੰ ਛੱਡੋ ਜੀ ਗ਼ਰੀਬ ਨੂੰ ਪਰ੍ਹੇ। ਗਹਾਂ ਨੂੰ ਇਹ ਕੰਮ ਨਹੀਂ ਕਰਦਾ। ਮੇਰੀ ਜ਼ਿੰਮੇਦਾਰੀ ਰਹੀ। ਇਹਤੋਂ ਸੇਵਾ ਜਿੰਨੀ ਕੁ ਜੈਜ ਐ, ਕਰਾ ਲੋ। ਖਰੀ ਦੁੱਧ ਅਰਗੀ।"
ਪਤਾ ਨਹੀਂ ਕਿਉਂ, ਥਾਣੇਦਾਰ ਦੇ ਮਨ ਅਜੇ ਮਿਹਰ ਨਹੀਂ ਸੀ ਪਈ।
ਕੰਧਾਂ ਦੇ ਪਰਛਾਵੇਂ ਲੰਬੇ ਹੋ ਚੱਲੇ ਸਨ। ਪੁਲਿਸ ਵਾਲਿਆਂ ਦੇ ਲਾਰੇ ਵੀ। ਨੰਬਰਦਾਰ ਨਿਹਾਲ ਸਿੰਘ ਓਵੇਂ ਦਾ ਓਵੇਂ ਉੱਕ ਵਾਂਗ ਬੈਠਾ ਹੋਇਆ ਸੀ। ਤਦ ਹੀ ਸਭ ਨੇ ਇੱਕ ਸ਼ੋਰ ਸੁਣਿਆ ਤੇ ਫਿਰ ਇਹ ਸ਼ੋਰ ਵਧਦਾ ਹੀ ਵਧਦਾ ਜਾ ਰਿਹਾ ਸੀ। ਲੱਗਿਆ, ਜਿਵੇਂ ਕੋਈ ਭੀੜ ਥਾਣੇ ਵੱਲ ਆ ਰਹੀ ਹੋਵੇ।
ਕੇਸਰੀ ਪੱਗਾਂ ਤੇ ਖੁੱਲ੍ਹੀਆਂ ਦਾੜ੍ਹੀਆਂ ਵਾਲੇ ਦੋ ਨੌਜਵਾਨ ਸਨ। ਔਰਤ ਉਹਨਾਂ ਦੇ ਵਿਚਾਲੇ ਤੁਰ ਕੇ ਆਈ ਸੀ। ਉਹਨਾਂ ਮਗਰ ਤੀਹ-ਚਾਲੀ ਬੰਦੇ। ਅੱਧਖੜ ਬੰਦੇ। ਬੁੱਢੇ ਤੇ ਉੱਠਦੀ ਉਮਰ ਦਾ ਅੱਧ-ਰਿੜਕ ਕੀਚ੍ਹਰ-ਵਾਧਾ।
ਮੈਲ਼ੀ-ਕੁਚੈਲੀ ਕੁੜਤੀ-ਸਲਵਾਰ। ਥਾਂ-ਥਾਂ ਵੱਟ ਪਏ ਹੋਏ ਤੇ ਉੱਤੇ ਗੰਦੇ ਧੱਬੇ। ਪੈਰੀਂ ਘਸੀਆ-ਪੁਰਾਣੀਆਂ ਚਮੜੇ ਦੀਆਂ ਚੱਪਲਾਂ। ਸਿਰ ਦੇ ਵਾਲ਼ ਰੁੱਖੇ ਤੇ ਉਲਝੇ ਹੋਏ। ਗਲ ਲਾਲ ਚੁੰਨੀ, ਚੁੰਨੀ ਵੀ ਲਿੱਬੜੀ-ਤਿੱਬੜੀ ਤੇ ਵਿੱਚ ਮੋਰੀਆਂ। ਔਰਤ ਦੀਆਂ ਅੱਖਾਂ ਸੁੰਦਰ ਸਨ। ਨੱਕ ਐਨਾ ਤਿੱਖਾ ਨਹੀਂ ਸੀ। ਦੰਦ ਚਿੱਟੇ ਸਨ। ਜ਼ਰ ਖਾਧੇ ਲੋਹੇ ਜਿਹਾ ਰੰਗ। ਸਰੀਰ ਭਰਿਆ ਨਹੀਂ ਸੀ, ਪਰ ਲੱਗਦਾ ਸੀ, ਉਹ ਪੈਂਤੀਆ ਤੋਂ ਥੱਲੇ ਨਹੀਂ। ਕੇਸਰੀ ਪੱਗਾਂ ਵਾਲੇ ਨੌਜਵਾਨਾਂ ਨੇ ਭੀੜ ਨੂੰ ਥਾਣੇ ਦੇ ਦਰਵਾਜ਼ੇ ਤੋਂ ਬਾਹਰ ਹੀ ਰੋਕ ਦਿੱਤਾ। ਥਾਣੇਦਾਰ ਉੱਠ ਕੇ ਆਪ ਉਹਨਾਂ ਕੋਲ ਆਇਆ। ਨੌਜਵਾਨ ਕਹਿੰਦੇ - ਇਹਨੂੰ ਸਾਂਭੋ ਜੀ, ਅਵਾਰਾ ਐ। ਇਹਦਾ ਕਰੋ ਕੋਈ ਬੰਦੋਬਸਤ।"
ਨੌਜਵਾਨਾਂ ਨੂੰ ਕੁਰਸੀਆਂ ਮਿਲ ਗਈਆਂ।
ਥਾਣੇਦਾਰ ਨੇ ਔਰਤ ਨੂੰ ਭੁੰਜੇ ਬਿਠਾ ਦਿੱਤਾ। ਖਾਕੀ ਜੀਨ ਦੀ ਪੈਂਟ ਉੱਤੇ ਛਟੀ ਮਾਰ ਕੇ ਉਹ ਕਹਿਣ ਲੱਗਿਆ- "ਇਹੋ ਜ੍ਹੀਆਂ ਤਾਂ ਨਿੱਤ ਦੇਖੀ ਦੀਆਂ ਨੇ ਏਥੇ ਫਿਰਦੀਆਂ ਤੁਰਦੀਆਂ। ਟਰੱਕ ਡਰੈਵਰਾਂ ਦਾ ਮਾਲ਼ ਐ। ਅੰਬ ਚੂਪ ਕੇ ਗੁਠਲੀ ਸਿੱਟ ’ਗੇ। ਇਹਦਾ ਕੀ ਬੰਦੋਬਸਤ ਕਰਨੈਂ ਅਸੀਂ?" ਫੇਰ ਕਹਿੰਦਾ- "ਤੁਸੀਂ ਆਏ ਓ ਤਾਂ ਥੋਡੀ ਮੰਨ ਲੈਨੇ ਆਂ। ਛੀ ਵਾਲੀ ਗੱਡੀ ਔਣ ਵਾਲੀ ਐ, ਸਾਡੇ ਸਿਪਾਹੀ ਇਹਨੂੰ ਚੜ੍ਹਾ ਔਣਗੇ।"
ਥਾਣੇਦਾਰ ਦੀ ਭਾਸ਼ਾ ਸੁਣ ਤੇ ਇਰਾਦਾ ਭਾਂਪ ਕੇ ਕੇਸਰੀ ਪੱਗਾਂ ਵਾਲੇ ਨੌਜਵਾਨ ਗੰਭੀਰ ਹੋ ਗਏ। ਉਹ ਰੋਹ ਭਰੀਆਂ ਅੱਖਾਂ ਨਾਲ ਥਾਣੇਦਾਰ ਵੱਲ ਝਾਕਣ ਲੱਗੇ। ਇੱਕ ਕਹਿੰਦਾ- "ਇਹ ਤਾਂ ਇਹਦਾ ਕੋਈ ਇਲਾਜ ਨਹੀਂ, ਸਰਦਾਰ ਜੀ।"
"ਫੇਰ ਤੁਸੀਂ ਦੱਸੋ, ਕਿਵੇਂ ਕੀਤਾ ਜਾਵੇ?" ਥਾਣੇਦਾਰ ਮੁਸਕਰਾ ਰਿਹਾ ਸੀ।
"ਇਹਨੂੰ ਅਵਾਰਾਗਰਦੀ ਦੇ ਕੇਸ ਵਿੱਚ ਗ੍ਰਿਫ਼ਤਾਰ ਕਰੋ ਤੇ ਫੇਰ ਇਹਨੂੰ ਇਹਦੇ ਟਿਕਾਣੇ ਉੱਤੇ ਪੁਚਾਓ। ਸਾਡੀ ਰਾਜ ਸਰਕਾਰ ਦਾ ਇਹ ਫ਼ਰਜ਼ ਬਣਦੈ।"
"ਟਿਕਾਣੇ ਦਾ ਇਹਦੇ ਦਾ ਕੀ ਪਤਾ ਲੱਗੇ ਬਈ?" ਥਾਣੇਦਾਰ ਨੂੰ, ਫੋਕੀ ਮੁਸਕਰਾਹਟ ਰੋਕਣੀ ਪੈ ਗਈ।