ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਦਾ ਆਪਣਾ ਬੰਦਾ ਸੀ। ਉਹਦੇ ਉੱਤੇ ਨਛੱਤਰ ਸਿੰਘ ਨੂੰ ਹੁਣ ਕੀ ਸ਼ੱਕ ਹੋ ਸਕਦਾ ਸੀ। ਗੁਰਦੇਵ ਮਿੱਠਾ ਬੋਲਦਾ। ਜਦੋਂ ਵੀ ਕਦੇ ਨਛੱਤਰ ਸਿੰਘ ਨਾਲ ਉਹਦਾ ਸਾਹਮਣਾ ਹੁੰਦਾ, ਉਹ ਝੱਟ ਬੋਲ ਉੱਠਦਾ, "ਜੀਜਾ ਜੀ, ਸਤਿ ਸ੍ਰੀ ਅਕਾਲ।" ਪਹਲਿਾਂ ਇੱਕ ਵਾਰ 'ਜੀਜਾ ਜੀ' ਕਹਿ ਕੇ ਜ਼ਰੂਰ ਬੁਲਾਉਂਦਾ, ਫੇਰ ਚਾਹੇ ‘ਨਛੱਤਰ ਸੂੰ, ਨਛੱਤਰ ਸੂੰ' ਆਖਦਾ ਰਹਿੰਦਾ। ਪਿੰਡਾਂ ਦੇ ਸਭਿਆਚਾਰ ਅਨੁਸਾਰ ਭੈਣਾਂ ਦੀਆਂ ਗਾਲ੍ਹਾਂ ਕੱਢੀ ਜਾਂਦਾ।

ਉਸ ਦਿਨ ਸੁਲਤਾਨਪੁਰ ਉਹਨਾਂ ਦੀ ਬੈਠਕ ਵਿੱਚ ਜਾ ਕੇ ਅਜੇ ਉਹ ਬੈਠਾ ਹੀ ਸੀ ਕਿ ਨਛੱਤਰ ਸਿੰਘ ਝੱਟ ਅੰਦਰੋਂ ਕਿਧਰੋਂ ਉਹਦੇ ਕੋਲ ਆ ਖੜੋਤਾ। ਜੱਸੋ ਨਾਲ ਉੱਖੜੀਆਂ-ਉੱਖੜੀਆਂ ਗੱਲਾਂ ਉਹਨੇ ਅਜੇ ਸ਼ੁਰੂ ਹੀ ਕੀਤੀਆਂ ਸਨ। ਐਨੇ ਵਰ੍ਹਿਆਂ ਬਾਅਦ ਵੀ ਉਹਨੂੰ ਪਤਾ ਨਹੀਂ ਕੀ ਹੋ ਗਿਆ ਸੀ, ਉਹ ਕੋਈ ਸਾਬਤ-ਸਬੂਤੀ ਗੱਲ ਕਰ ਹੀ ਨਹੀਂ ਸਕਿਆ। ਪਹਿਲਾਂ ਵੀ ਇੰਝ ਹੁੰਦਾ ਰਿਹਾ ਸੀ। ਉਹ ਜਦੋਂ ਵੀ ਜੱਸੋ ਨੂੰ ਮਿਲਦਾ, ਉਹਦਾ ਮਾਨਸਿਕ ਤਣਾਓ ਉੱਖੜੇ ਦਾ ਉੱਖੜਿਆ ਰਹਿੰਦਾ। ਉਹਦੇ ਕੋਲੋਂ ਗੱਲ ਸਿਰੇ ਨਾ ਲੱਗਦੀ। ਇੱਕ ਗੱਲ ਪੂਰੀ ਵੀ ਨਾ ਹੋਈ ਹੁੰਦੀ, ਕੋਈ ਅਗਲਾ ਸਵਾਲ ਵਿੱਚੋਂ ਹੀ ਬੋਲ ਦਿੰਦਾ। ਜੱਸੋ ਦੀ ਵੀ ਤਾਂ ਇਹੀ ਹਾਲਤ ਹੁੰਦੀ ਸੀ।

ਨਛੱਤਰ ਸਿੰਘ ਨਾਲ ਦੁਆ-ਸਲਾਮ ਹੋਈ। ਉਹਨਾਂ ਨੇ ਇੱਕ ਦੂਜੇ ਦਾ ਹਾਲ-ਚਾਲ ਪੁੱਛਿਆ। ਪਿੰਡਾਂ ਦੀਆਂ ਗੱਲਾਂ ਹੋਣ ਲੱਗੀਆਂ। ਚਾਹ ਆਈ ਤੇ ਫੇਰ ਜੁਆਕ ਆ ਗਏ। ਉਹ ਕਈ ਸਨ। ਪੰਦਰਾਂ ਸਾਲਾਂ ਬਾਅਦ ਉਹਨੂੰ ਕੀ ਪਤਾ ਸੀ, ਕਿਹੜਾ ਕੀਹਦਾ ਜੁਆਕ ਹੈ। ਨਛੱਤਰ ਸਿੰਘ ਨੇ ਖ਼ੁਦ ਹੀ ਦੱਸਿਆ ਕਿ ਔਹ ਕੁੜੀ ਦੋਹਤੀ ਹੈ। ਦੂਜੇ ਜੁਆਕ ਵੱਡੇ ਮੁੰਡੇ ਦੇ ਕਿਹੜੇ-ਕਿਹੜੇ ਹਨ ਅਤੇ ਛੋਟੇ ਮੁੰਡੇ ਦੇ ਕਿਹੜੇ-ਕਿਹੜੇ। ਉਹ ਕੁਝ ਚਿਰ ਹੀ ਉਹਨਾਂ ਕੋਲ ਬੈਠਕ ਵਿੱਚ ਟਿਕੇ, ਫੇਰ ਹੋ-ਹੋ ਕਰ ਕੇ ਸਾਰੇ ਬਾਹਰ ਨੂੰ ਭੱਜ ਗਏ।

ਤੇ ਫੇਰ ਨਛੱਤਰ ਸਿੰਘ ਬੋਤਲ ਕੱਢ ਲਿਆਇਆ। ਇਹ ਖੋਲ੍ਹੀ ਹੋਈ ਬੋਤਲ ਸੀ। ਵਿੱਚੋਂ ਪਊਆ ਸ਼ਰਾਬ ਪੀਤੀ ਹੋਈ। ਨਛੱਤਰ ਸਿੰਘ ਆਖ ਰਿਹਾ ਸੀ, "ਮੈਂ ਤਾਂ ਕਦੇ ਇੱਕ ਅੱਧ ਪੈੱਗ ਈ ਲੈਨਾਂ, ਹੁਣ ਸਰੀਰ ਝੱਲਦਾ ਨ੍ਹੀਂ।"

"ਮੇਰੀ ਵੀ ਛੱਡੀ ਵਾਂਗੂੰ ਈ ਐ। ਲਿਆ ਇੱਕ-ਇੱਕ ਲਾ ਲੈਨੇ ਆਂ।" ਗੁਰਦੇਵ ਨੇ ਕਿਹਾ।

ਇੱਕ ਛੋਟਾ ਮੁੰਡਾ ਅੰਦਰੋਂ ਸਾਗ ਦੀ ਵੱਡੀ ਕੌਲੀ ਭਰ ਕੇ ਦੇ ਗਿਆ। ਵਿੱਚ ਦੋ ਚਮਚੇ, ਸਾਗ ਭਾਫਾਂ ਛੱਡ ਰਿਹਾ ਸੀ, ਉੱਤੇ ਮੱਖਣ ਤੈਰਦਾ ਸੀ। ਉਹਨਾਂ ਨੇ ਦੂਜਾ ਪੈੱਗ ਵੀ ਪਾ ਲਿਆ। ਗੁਰਦੇਵ ਦਾ ਜੀਅ ਕਰਦਾ ਸੀ, ਉਹ ਅੱਜ ਸੰਵਾਰ ਕੇ ਪੀਵੇ। ਪੀਣ ਵਾਂਗ ਪੀਵੇ। ਨਹੀਂ ਤਾਂ ਉਹਦਾ ਸਰੀਰ ਵੀ ਹੁਣ ਸ਼ਰਾਬ ਝੱਲਦਾ ਨਹੀਂ ਸੀ। ਕਦੇ ਬਹੁਤੀ ਪੀਤੀ ਜਾਂਦੀ ਤਾਂ ਤੜਕੇ ਨੂੰ ਬੁਰਾ ਹਾਲ ਹੁੰਦਾ। ਸਿਰ ਦੁਖਦਾ ਅਤੇ ਚੱਕਰ ਆਉਂਦੇ। ਤੁਰਨ ਵੇਲੇ ਪੈਰ ਥਿੜਕਦੇ, ਢਿੱਡ ਕੱਸਿਆ ਰਹਿੰਦਾ। ਪਰ ਅੱਜ ਉਹਦੇ ਅੰਦਰ ਪੁਰਾਣੀਆਂ ਸਾਰੀਆਂ ਤਰੰਗਾਂ ਜਾਗ ਉੱਠੀਆਂ ਸਨ, ਜੁਆਨੀ-ਪਹਿਰੇ ਏਦਾਂ ਹੀ ਕਦੇ ਜਦੋਂ ਉਹ ਸੁਲਤਾਨਪੁਰ ਆਉਂਦਾ ਹੁੰਦਾ ਤਾਂ ਨਛੱਤਰ ਸਿੰਘ ਤੇ ਉਹ ਡੱਕ ਕੇ ਸ਼ਰਾਬ ਪੀਂਦੇ। ਉਹਨਾਂ ਦਿਨਾਂ ਵਿੱਚ ਉਹਨਾਂ ਦੇ ਬੱਚੇ ਛੋਟੇ ਸਨ। ਦੋ ਬੱਚੇ ਹੀ ਸਨ। ਤੀਜਾ ਇੱਕ ਮੁੰਡਾ

66

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ