ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/74

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਆਈ ਤੇ ਰੋਣ ਬੈਠ ਗਈ, ‘ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ, ਰਵੀ ਤੂੰ ਮੇਰੇ ਨਾਲ ਬੋਲਣੋਂ ਕਿਉਂ ਹਟ ਗਿਐਂ? ਗੁੱਸੇ ਐਂ ਤੂੰ?’

‘ਨਹੀਂ।’

'ਝੂਠ ਬੋਲਦੈਂ?' ਉਹ ਅੱਖਾਂ ਪੂੰਝ ਕੇ ਮੁਸਕਰਾਉਣ ਲੱਗੀ।

'ਨਹੀਂ, ਗੁੱਸੇ ਕਾਹਨੂੰ ਆਂ ਮੈਂ ਤੇਰੇ ਨਾਲ। ਤੇਰੇ 'ਤੇ ਕੀ ਜ਼ੋਰ ਐ ਮੇਰਾ।'

'ਫਿਰ ਬੋਲਦਾ ਕਿਉਂ ਨ੍ਹੀਂ ਮੇਰੇ ਨਾਲ?'

'ਬੋਲਦਾ ਤਾਂ ਹਾਂ।'

'ਕਿੰਨੇ ਦਿਨ ਹੋ 'ਗੇ, ਕੀਤੀ ਐ ਕੋਈ ਗੱਲ?'

ਰਾਵਿੰਦਰ ਚੁੱਪ ਬੈਠਾ ਲੰਮੇ ਸਾਹ ਲੈਣ ਲੱਗਿਆ ਤੇ ਫਿਰ ਸੋਮਾ ਦਾ ਹੱਥ ਫ਼ੜ ਕੇ ਪਿਆਰ ਨਾਲ ਘੁੱਟ ਦਿੱਤਾ। 'ਸੋਮੀ...' ਉਹਨੇ ਕਹਿਣਾ ਸ਼ੁਰੂ ਕੀਤਾ, '...ਦੇਖ, ਮੇਰਾ ਇਸ ਸੰਸਾਰ ਵਿੱਚ ਕੋਈ ਨ੍ਹੀਂ।' ਜੇ ਤੂੰ ਮੇਰੀ ਜ਼ਿੰਦਗੀ ’ਚ ਆ ਜਾਵੇਂ, ਮੈਂ ਜਿਊਂਦਿਆਂ 'ਚ ਹੋ ਜਾਂ।'

'ਰਵੀ ਤੈਨੂੰ ਵਿਸ਼ਵਾਸ ਕਿਉਂ ਨ੍ਹੀਂ ਆਉਂਦਾ, ਮੈਂ ਤੈਨੂੰ ਬੇਹੱਦ ਪਿਆਰ ਕਰਦੀ ਆਂ।'

'ਵਿਸ਼ਵਾਸ ਤਾਂ ਹੈ, ਪਰ ...'

'ਪਰ ਕੀ?'

'ਤੂੰ ਸਾਰੀ ਦੀ ਸਾਰੀ ਕਿਉਂ ਨ੍ਹੀਂ ਹੋ ਜਾਂਦੀ ਮੇਰੀ।'

'ਸਾਰੀ ਤਾਂ ਹਾਂ। ਆਹ ਬੈਠੀ ਆਂ ਤੇਰੇ ਕੋਲ, ਦੱਸ ਕੀ ਕਹਿਣਾ ਮੈਨੂੰ?'

ਰਾਵਿੰਦਰ ਹਉਕਾ ਲੈ ਕੇ ਰਹਿ ਗਿਆ। ਉਹਨੂੰ ਪਤਾ ਸੀ ਕਿ ਵਿਆਹ ਵਾਸਤੇ ਤਾਂ ਉਹ ਮੰਨਦੀ ਨਹੀਂ, ਉਹ 'ਸਾਰੀ ਦੀ ਸਾਰੀ' ਉਹਦੀ ਕਿਵੇਂ ਹੋਈ। ਇੱਕ ਹਿਜੜਾ ਜਿਹਾ ਅਹਿਸਾਸ ਉਹਦੇ ਸਾਰੇ ਸਰੀਰ ਨੂੰ ਪੱਛ ਕੇ ਰੱਖ ਗਿਆ। ਫਿਰ ਵੀ ਉਹਦਾ ਜੀਅ ਕੀਤਾ ਕਿ ਉਹ ਸੋਮਾ ਨੂੰ ਆਪਣੀ ਬੁੱਕਲ ਵਿੱਚ ਲੈ ਲਵੇ ਤੇ ਉਹਨੂੰ ਐਨਾ ਜ਼ੋਰ ਦੀ ਘੁੱਟੇ ਕਿ ਉਹਦੀ ਜਾਨ ਕੱਢ ਦੇਵੇ। ਅਜਿਹਾ ਕਰਨ ਲਈ ਉਹ ਉੱਠਿਆ ਵੀ, ਪਰ ਸੋਮਾ ਨੇ ਉਹਦਾ ਹੱਥ ਫ਼ੜ ਕੇ ਉਹਨੂੰ ਥਾਂ ਦੀ ਥਾਂ ਬਿਠਾ ਦਿੱਤਾ ਤੇ ਫਿਰ ਸੋਮਾ ਦਫ਼ਤਰ ਦੀਆਂ ਗੱਲਾਂ ਛੇੜ ਕੇ ਬੈਠ ਗਈ। ਰਾਵਿੰਦਰ ਨੂੰ ਇਨ੍ਹਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਰਾਵਿੰਦਰ ਨੇ ਚਾਹ ਬਣਾਈ ਤੇ ਉਹ ਪੀਣ ਲੱਗੇ। ਉਹਨੇ ਫਿਰ ਗੱਲ ਛੇੜੀ, ਸੋਮੀ, ਤੂੰ ਗੱਲ ਕਿਉਂ ਨਹੀਂ ਸਮਝਦੀ ਮੇਰੀ? ਮੈਂ ਕਿੰਨਾ ਦੁਖੀ ਹਾਂ। ਤੂੰ ਐਨਾ ਪਿਆਰ ਕਰਦੀ ਐਂ ਮੈਨੂੰ, ਤੂੰ...

'ਦੇਖ ਰਵੀ, ਵਿਆਹ ਨਹੀਂ ਹੋ ਸਕਣਾ ਆਪਣਾ। ਮੇਰੇ ਲਈ ਇਹ ਬਹੁਤ ਔਖੈ। ਤੈਨੂੰ ਵਿਆਹ ਦੀ ਲੋੜ ਵੀ ਕੀ ਐ। ਬਹੁਤ ਦੇਖ ਲਿਆ, ਬਸ ਸਬਰ ਕਰ ਹੁਣ। ਰਾਹੁਲ ਹੈਗਾ। ਇਹਦੀ ਜ਼ਿੰਦਗੀ ਬਣਾ।'

ਰਾਹੁਲ ਬਾਹਰੋਂ ਆਇਆ, ਸੋਮਾ ਉਹਨੂੰ ਗੋਦੀ ਵਿੱਚ ਲੈ ਕੇ ਪਿਆਰ ਕਰਨ ਲੱਗੀ ਤੇ ਫਿਰ ਚਲੀ ਗਈ। ਰਾਵਿੰਦਰ ਉਹਨੂੰ ਦਰਵਾਜ਼ੇ ਤੱਕ ਛੱਡਣ ਗਿਆ ਸੀ। ਵਾਪਸ ਕਮਰੇ ਵਿੱਚ ਆਇਆ ਸੀ ਤੇ ਸਿਰਹਾਣੇ ਵਿੱਚ ਮੂੰਹ ਦੇ ਕੇ ਰੋਣ ਲੱਗਿਆ ਸੀ। ਰਾਹੁਲ ਗਲ਼ੀ ਵਿੱਚ ਦੌੜ ਗਿਆ ਸੀ।

74

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ