ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਪਿੰਡ ਦੀ ਕੁੜੀ ਹੈ। ਕੀ ਕਹੇਗੀ ਦੁਨੀਆ? ਇੱਟਾਂ-ਵੱਟੇ ਮਾਰ-ਮਾਰ ਮੌਤ ਦੀ ਸਜ਼ਾ ਦੇਣ ਜਿਹੇ ਐਲਾਨ ਕਰਨਗੇ ਪਿੰਡ ਦੇ ਬੰਦੇ।

"ਪਿੰਡ ਦੀ ਕੁੜੀ ਓਦਣ ਨਾ ਦਿਸੀ ਮੈਂ ਤੈਨੂੰ, ਜਦੋਂ ਵੱਛਰੂ ਵਾਂਗੂੰ ਰੰਭਦਾ ਫਿਰਦਾ ਸੀ, ਮੇਰੇ ਮਗਰ-ਮਗਰ?" ਕੁੜੀ ਨਿਹੋਰਾ ਦਿੰਦੀ।

"ਤੂੰ ਆਪ ਨ੍ਹੀਂ ਸੀ ਪੈਰ ਮਿੱਧਦੀ ਫਿਰਦੀ, ਕਸੂਰ ਤਾਂ ਤੇਰਾ ਵੀ ਓਨਾ ਈ ਐ।" ਮੁੰਡਾ ਫੋਕੀ ਦਲੀਲ ਦੇਣ ਬੈਠ ਜਾਂਦਾ।

"ਕੁਛ ਨ੍ਹੀਂ ਹੁੰਦਾ। ਪਿੰਡ ਦੀ ਕੁੜੀ ਨੂੰ ਕੀਹ ਐ? ਸ਼ਹਿਰਾਂ ਵਿੱਚ ਨ੍ਹੀਂ ਕਰਾ ਲੈਂਦੇ ਵਿਆਹ ਇੱਕੋ ਸ਼ਹਿਰ ਦੇ ਮੁੰਡਾ-ਕੁੜੀ? ਹੁਣ ਤਾਂ ਸ਼ਹਿਰ ਕੀ ਤੇ ਪਿੰਡ ਕੀ, ਇੱਕੋ ਬਣਿਆ ਪਿਐ ਸਭ। ਤੂੰ ਦਿਲ ਰੱਖ।" ਕੁੜੀ ਦਾ ਚਿੱਤ ਕਰੜਾ ਸੀ।

"ਪਿੰਡ 'ਚ ਕਿਸੇ ਨੂੰ ਪਤਾ ਨ੍ਹੀਂ ਆਪਣੀ ਗੱਲ ਦਾ। ਦੇਖ, ਮੈਂ ਤੇਰੇ ਪੈਰੀਂ ਹੱਥ ਲੌਨਾਂ। ਤੂੰ ਮੇਰਾ ਖਹਿੜਾ ਛੱਡ।" ਮੁੰਡਾ ਭੱਜਣਾ ਚਾਹੁੰਦਾ ਸੀ।

ਉਹ ਕਹਿੰਦੀ- "ਜੁੱਤੀ ਦੀਂਹਦੀ ਐ, ਸਿਰ ਗੰਜਾ ਕਰ ਦੂੰ ਤੇਰਾ। ਤੂੰ ਸਮਝਦਾ ਕੀਹ ਐਂ? ਬਦਮਾਸ਼ੀ ਕਰਦੈਂ?"

"ਪੇਂਡੂ ਸਭਿਆਚਾਰ ਨੇ ਇਹਨੂੰ ਮੰਨਣਾ ਨਹੀਂ।" ਮੁੰਡੇ ਨੇ ਦਰਸ਼ਨ-ਸ਼ਾਸਤਰ ਕੱਢ ਲਿਆ।

"ਸਭਿਆਚਾਰ ਕਦੇ ਸਥਿਰ ਨਹੀਂ ਰਹਿੰਦਾ, ਬਦਲਦਾ ਰਹਿੰਦੈ। ਅਸੀਂ ਹਮੇਸ਼ਾ ਆਪਣੇ ਸਭਿਆਚਾਰ ਦੀ ਸਿਰਜਣਾ ਕਰਦੇ ਰਹਿਨੇ ਆਂ।" ਘੱਟ ਕੁੜੀ ਵੀ ਨਹੀਂ ਸੀ।

ਮੁੰਡਾ ਹਾਰ ਮੰਨ ਗਿਆ, ਪਰ ਫਿਰ ਕਹਿਣ ਲੱਗਿਆ- "ਤੈਨੂੰ ਇੱਕ ਵਾਰੀ ਲਿਜਾ ਕੇ ਮੈਂ ਏਸ ਪਿੰਡ ਨ੍ਹੀਂ ਵੜਨਾ।"

"ਨਾ ਵੜੀਂ। ਮੈਂ ਕਿਹੜਾ ਵੜੂੰਗੀ।" ਫਿਰ ਬੋਲੀ- "ਭੱਜ, ਕਿੰਨਾ ਕੁ ਭੱਜੇਂਗਾ?"

"ਭੱਜਦਾ ਮੈਂ ਨ੍ਹੀਂ, ਤੂੰ ਭੱਜਦੀ ਆਂ।"

"ਕਿਹੜੀ ਗੱਲੋਂ?"

"ਤੂੰ ਪਿੰਡ ਦੇ ਸਭਿਆਚਾਰ ਤੋਂ ਦੂਰ ਜਾ ਰਹੀ ਐਂ।"

"ਫਿਰ ਸਭਿਆਚਾਰ..." ਕੁੜੀ ਨੇ ਮੁੰਡੇ ਦੀ ਬਾਂਹ ਨੂੰ ਮਰੋੜਾ ਦੇ ਲਿਆ।

"ਤੂੰ ਕਹਿਨੀ ਐਂ ਤਾਂ ਅੱਕ ਚੱਬ ਲੈਨਾਂ। ਹੁਣ ਤਾਂ ਛੱਡ ਦੇ।" ਉਹਨੇ ਤਰਲਾ ਕੀਤਾ।

"ਫਿਰ ....ਸਿੱਧਾ ਹੋ ਕੇ ਚੱਲ।"

"ਚੰਗਾ ਠੀਕ ਐ। ਦੱਸ, ਜਿਵੇਂ ਕਹਿਨੀ ਐਂ ਕਰੂੰਗਾ।"

ਤੇ ਹੁਣ ਮੀਤੋ ਨੇ ਵੱਡੇ ਤੜਕੇ ਆਪਣੇ ਘਰੋਂ ਉੱਠ ਕੇ ਆਉਣਾ ਸੀ।

ਉਹ ਹਾਲੇ ਵੀ ਦੁਚਿੱਤੀ ਵਿੱਚ ਸੀ। ਉਹਦੀ ਦੋ ਪੁੜਾਂ ਵਿਚਾਲੇ ਜਾਨ। ਇੱਕ ਪੁੜ ਪਿੰਡ ਦਾ ਇੱਕ ਪੁੜ ਮੀਤੋ ਦਾ। ਇਸ ਗੱਲ ਦਾ ਉਹਨੂੰ ਭੋਰਾ ਵੀ ਡਰ ਨਹੀਂ ਸੀ ਕਿ ਉਹ ਆਪ ਸਾਧਾਰਨ ਜੱਟਾਂ ਦਾ ਮੁੰਡਾ ਹੈ ਤੇ ਮੀਤੋ ਬਹਾਉਲ-ਪੁਰੀਆਂ ਦੀ ਧੀ। ਬਹਾਉਲ ਪੁਰੀਏ, ਜਿਹਨਾਂ ਕੋਲ ਪਿੰਡ ਵਿੱਚ ਸਭ ਤੋਂ ਵੱਧ ਜ਼ਮੀਨ ਸੀ ਤੇ ਜਿਹਨਾਂ ਦੀ ਸਰਕਾਰੇ-ਦਰਬਾਰੇ ਪੂਰੀ ਪਹੁੰਚ ਸੀ। ਮੀਤੋ ਦੇ ਦੋ ਭਰਾ ਸਨ, ਬਘਿਆੜਾਂ ਵਰਗੇ। ਐਡੀ ਵੱਡੀ ਹਵੇਲੀ ਸੀ ਉਹਨਾਂ ਦੀ। ਬੰਦੇ ਨੂੰ ਮਾਰ ਕੇ ਅੰਦਰੇ ਖਪਾ ਦੇਣ ਤੇ ਗੁਆਂਢੀ ਨੂੰ ਸ਼ੋਅ ਤੱਕ ਨਾ ਹੋਵੇ। ਜੱਗਾ ਤਾਂ ਉਹਨਾਂ ਸਾਹਮਣੇ ਟਿੱਡੀ-ਪਪਲੀਹੀ ਸੀ, ਪਰ ਉਹ ਭੈਅ ਖਾਂਦਾ ਤਾਂ ਪਿੰਡ

80

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ