ਦੀਆਂ ਗੱਲਾਂ ਤੋਂ। ਕੀ ਆਖੂਗਾ ਕੋਈ? ਮੀਤੋ ਤੋਂ ਵੱਧ ਮੀਤੋ ਉਹਦੇ ਲਈ ਪਿੰਡ ਦੀ ਧੀ ਸੀ। ਪਿੰਡ ਦੀ ਧੀ, ਜਿਹੜੀ ਕਿਸੇ ਨਾ ਕਿਸੇ ਅਰਥਾਂ ਵਿੱਚ ਆਪਣੀ ਵੀ ਕੁਝ ਲੱਗਦੀ ਸੀ।
ਉਹਨੇ ਬੈਠਕ ਦੀ ਬੱਤੀ ਜਗਾ ਕੇ ਕੰਧ-ਘੜੀ ਦੇਖੀ, ਇੱਕ ਵੱਜਿਆ ਹੋਇਆ ਸੀ। ਬੈਠਕ ਦਾ ਅੰਦਰਲਾ ਬਾਰ ਖੋਲ੍ਹਿਆ, ਛਤੜੇ ਥੱਲੇ ਸਕੂਟਰ ਪੂੰਝਿਆ-ਸੰਵਾਰਿਆ ਖੜ੍ਹਾ ਸੀ। ਉਸਦਾ ਜੀਅ ਕੀਤਾ ਸਕੂਟਰ ਨੂੰ ਕਿੱਕ ਮਾਰ ਕੇ ਦੇਖੇ। ਪਰ ਨਹੀਂ, ਕਲੱਚ ਦੱਬਿਆ ਤੇ ਛੱਡ ਦਿੱਤਾ। ਵਰਾਂਢੇ ਵਿੱਚ ਪੰਜੇ ਮੱਝਾਂ ਆਪਣੇ-ਆਪਣੇ ਕਿੱਲਿਆਂ ਨਾਲ ਬੱਝੀਆਂ, ਪੈਰ ਨਿਸਾਲ ਕੇ ਸੁੱਤੀਆਂ ਪਈਆਂ ਸਨ। ਕਦੇ-ਕਦੇ ਕੋਈ ਮੱਝ ਕੰਨ ਹਿਲਾਉਂਦੀ। ਉਹਨੂੰ ਮੱਝਾਂ ਦੇ ਤਿੱਗ ਬਹੁਤ ਉੱਚੇ ਲੱਗੇ। ਜਿਵੇਂ ਮਾਸ ਦੇ ਪੰਜ ਟਿੱਬੇ ਉੱਸਰੇ ਖੜ੍ਹੇ ਹੋਣ। ਪਰ੍ਹਾਂ ਕੋਠੜੀ ਵਿੱਚ ਪਾਲੀ ਰਜ਼ਾਈ ਦੇ ਚਾਰੇ ਲੜ ਦੱਬ ਕੇ ਘੂਕ ਸੁੱਤਾ ਪਿਆ ਸੀ। ਉਹਦੇ ਘੁੱਟੇ-ਘੁੱਟੇ ਘੁਰਾੜੇ ਇਥੋਂ ਤੱਕ ਸੁਣ ਰਹੇ ਸਨ। ਉਹਨੇ ਵਰਾਂਢੇ ਦੀ ਬੱਤੀ ਜਗਾ ਦਿੱਤੀ। ਬਲਬ ਦੀ ਤੇਜ਼ ਰੌਸ਼ਨੀ ਨੇ ਮੱਝਾਂ ਨੂੰ ਜਿਵੇਂ ਜਗਾ ਦਿੱਤਾ ਹੋਵੇ। ਦੋ ਮੱਝਾਂ ਨੇ ਸਿਰ ਚੁੱਕ ਲਏ। ਉਹਨਾਂ ਦੀਆਂ ਅੱਖਾਂ ਚੰਗਿਆੜੇ ਵਾਂਗ ਮੱਚ ਰਹੀਆਂ ਸਨ। ਉਹਨੂੰ ਆਪਣੇ ਆਪ ਉੱਤੇ ਹਾਸਾ ਆਇਆ, ਜਦੋਂ ਉਹਨੇ ਸੋਚਿਆ ਕਿ ਉਹ ਮੀਤੋ ਦਾ ਖ਼ਿਆਲ ਛੱਡ ਕੇ ਏਧਰ ਵਰਾਂਢੇ ਵੱਲ ਕਿਧਰ ਨਿੱਕਲ ਆਇਆ ਹੈ। ਉਹਨੂੰ ਲੱਗਿਆ ਜਿਵੇਂ ਉਹ ਅਜਿਹਾ ਕਰਨ ਨਾਲ ਮੀਤੋ ਦੇ ਭੈਅ ਨੂੰ ਦਿਲੋਂ ਕੱਢ ਦੇਣਾ ਚਾਹੁੰਦਾ ਹੋਵੇ, ਪਰ ਮੀਤੋ ਨਿਕਲਣ ਵਾਲੀ ਚੀਜ਼ ਨਹੀਂ ਸੀ। ਬਿੱਲੀ ਨੂੰ ਦੇਖ ਕੇ ਕਬੂਤਰ ਕਿੰਨੀਆਂ ਅੱਖਾਂ ਮੀਚੀ ਜਾਵੇ, ਮੌਤ ਟਲਦੀ ਨਹੀਂ। ਮੀਤੋ ਜੱਗੇ ਲਈ ਉਹਦੀ ਸਭਿਆਚਾਰਕ ਮੌਤ ਸੀ। ਇਸ ਮੌਤ ਨੂੰ ਉਹ ਕਿਵੇਂ ਵੀ ਟਾਲ ਨਹੀਂ ਸਕਦਾ ਸੀ। ਇਸ ਮੌਤ ਦੇ ਪਾਸੇ ਨਾਲ ਖਹਿ ਕੇ ਪਾਰ ਲੰਘ ਜਾਣ ਦੀ, ਉਸ ਤੋਂ ਬਚ ਕੇ ਜਾ ਸਕਣ ਦੀ, ਉਹਦੇ ਵਿੱਚ ਭੋਰਾ ਵੀ ਸ਼ਕਤੀ ਨਹੀਂ ਸੀ। ਉਹਨੇ ਅਸਮਾਨ ਵੱਲ ਨਿਗਾਹ ਮਾਰੀ, ਤਾਰੇ ਜਿਵੇਂ ਥੋੜ੍ਹੇ ਰਹਿ ਗਏ ਹੋਣ। ਅੰਦਰਲੇ ਘਰੋਂ ਰੋਟੀ ਖਾ ਕੇ ਜਦੋਂ ਉਹ ਬੈਠਕ ਵਿੱਚ ਆਇਆ ਸੀ। ਓਦੋਂ ਤਾਂ ਅਸਮਾਨ ਮੱਕੀ ਦੀਆਂ ਖਿੱਲਾਂ ਵਾਂਗ ਖਿੜਿਆ ਹੋਇਆ ਸੀ। ਬੈਠਕ ਵਿੱਚ ਆ ਕੇ ਉਹ ਹੈਰਾਨ ਹੀ ਰਹਿ ਗਿਆ, ਕੰਧ-ਘੜੀ ਉੱਤੇ ਛੋਟੀ ਸੂਈ ਇੱਕ ਹਿੰਦਸਾ ਅਗਾਂਹ ਤੁਰ ਪਈ ਸੀ। ਵਕਤ ਜਿਵੇਂ ਘੋੜੇ ਦੀ ਦੌੜ ਭੱਜ ਰਿਹਾ ਹੋਵੇ। ਵੱਡਾ ਤੜਕਾ ਤਾਂ ਹੋਇਆ ਹੀ ਸਮਝ, ਉਹਦੇ ਮੱਥੇ ਦੀ ਸੋਚ ਨੂੰ ਤਰੇਲੀਆਂ ਆਉਣ ਲੱਗੀਆਂ। ਕੀ ਕਰੇ ਉਹ, ਕਿੱਧਰ ਜਾਵੇ? ਇੱਕ ਭਿਆਨਕ ਖ਼ਿਆਲ ਮਾਰ ਖੰਡਿਆਏ ਝੋਟੇ ਵਾਂਗ ਉਹਦਾ ਪਿੱਛਾ ਕਰ ਰਿਹਾ ਸੀ। ਜਿਵੇਂ ਉਹ ਸਿਰਮੁੱਧ ਜਿੱਧਰ ਮੂੰਹ ਕੀਤਾ ਭੱਜਿਆ ਜਾ ਰਿਹਾ ਹੋਵੇ ਤੇ ਝੋਟੇ ਦੀ ਵਿੱਥ ਬਹੁਤ ਥੋੜ੍ਹੀ ਰਹਿ ਗਈ ਹੋਵੇ।
ਉਹਨੇ ਫ਼ੈਸਲਾ ਕੀਤਾ, ਬੈਠਕ ਦਾ ਬਾਹਰਲਾ ਕੁੰਡਾ ਲਾ ਕੇ ਉਹ ਅੰਦਰਲੇ ਘਰ ਜਾ ਸੌਂਦਾ ਹੈ। ਮੀਤੋ ਆਏਗੀ ਤੇ ਟੱਕਰਾਂ ਮਾਰ ਕੇ ਆਪੇ ਮੁੜ ਜਾਵੇਗੀ। ਤੜਕੇ ਨੂੰ ਉਹ ਪਿੰਡ ਛੱਡ ਜਾਵੇਗਾ।
ਬਾਹਰਲਾ ਕੁੰਡਾ ਲਾ ਕੇ ਉਹ ਅੰਦਰਲੇ ਘਰ ਨੂੰ ਤੁਰ ਪਿਆ, ਪਰ ਮੀਤੋ ਤਾਂ ਉਹਦੇ ਨਾਲ-ਨਾਲ ਸੀ। ਉਹ ਕਿਤੇ ਵੀ ਜਾਵੇ, ਮੀਤੋ ਉਹਦੇ ਨਾਲ ਰਹੇਗੀ। ਜਿਵੇਂ ਆਦਮੀ ਦਾ ਪਰਛਾਵਾਂ ਕਿਧਰੇ ਨਹੀਂ ਜਾਂਦਾ ਹੁੰਦਾ। ਹਨੇਰੇ ਵਿੱਚ ਪਰਛਾਵਾਂ ਆਦਮੀ ਦੇ ਅੰਦਰ ਹੀ ਕਿਧਰੇ ਸਮਾਅ ਜਾਂਦਾ ਹੈ ਤੇ ਫਿਰ ਚਾਨਣ ਹੁੰਦੇ ਹੀ ਪਰਛਾਵਾਂ ਪਤਾ ਨਹੀਂ ਕਦੋਂ ਕੋਲ