ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆ ਖੜ੍ਹਦਾ ਹੈ, ਨਾਲ ਆ ਜੁੜਦਾ ਹੈ। ਨਾ ਆਦਮੀ ਹਮੇਸ਼ਾ ਹਨੇਰੇ ਵਿੱਚ ਰਹਿ ਸਕਦਾ ਹੈ ਤੇ ਨਾ ਚਾਨਣ ਵਿੱਚ ਪਰਛਾਵੇਂ ਤੋਂ ਛੁਟਕਾਰਾ ਪਾਉਂਦਾ ਹੈ। ਲਾਲ ਸੂੰ ਦੇ ਘਰ ਕੋਲ ਆ ਕੇ ਬੀਹੀ ਦਾ ਚਿੱਕੜ ਉਹਤੋਂ ਟੱਪਿਆ ਨਾ ਗਿਆ। ਆਸੇ-ਪਾਸੇ ਕਿਧਰੇ ਦੋ ਪੈਰਾਂ ਦਾ ਸੁੱਕਾ ਰਾਹ ਵੀ ਨਹੀਂ ਦਿਸਦਾ ਸੀ। ਉਹ ਲਾਲ ਸੂੰ ਦੇ ਤਖ਼ਤਿਆਂ ਵੱਲ ਝਾਕਦਾ ਰਹਿ ਗਿਆ। ਲਾਲ ਸੂੰ, ਜਿਹੜਾ ਹੁਣ ਇਸ ਸੰਸਾਰ ਵਿੱਚ ਨਹੀਂ ਸੀ। ਲਾਲ ਸੂੰ, ਜਿਸਦੇ ਪੁੱਤ ਸਨ, ਅਗਾਂਹ ਪੋਤੇ ਸਨ, ਜੁਆਕਾਂ-ਜੱਲਿਆਂ ਵਾਲੇ। ਲਾਲ ਸੂੰ, ਜਿਹੜਾ ਪਿੰਡ ਦੀ ਕੁੜੀ ਨੂੰ ਉਧਾਲ ਕੇ ਲੈ ਗਿਆ ਸੀ। ਜੱਗੇ ਦੇ ਦਿਮਾਗ਼ ਵਿੱਚ ਲਾਲ ਸੂੰ ਬਿਜਲੀ ਦੀ ਤਾਰ ਵਾਂਗ ਫਿਰ ਗਿਆ। ਬੀਹੀ ਦਾ ਚਿੱਕੜ ਜਿਵੇਂ ਉਹਦੇ ਲਈ ਕੋਈ ਮਸਲਾ ਨਾ ਰਹਿ ਗਿਆ ਹੋਵੇ। ਉਹ ਪੁੱਠਾ ਮੁੜ ਗਿਆ। ਆ ਕੇ ਬੈਠਕ ਦਾ ਬਾਹਰਲਾ ਕੁੰਡਾ ਖੋਲ੍ਹਿਆ। ਬਿਸਤਰੇ ਵਿੱਚ ਘੁਸ ਗਿਆ। ਉਹਨੂੰ ਮਹਿਸੂਸ ਹੋਇਆ, ਬਾਹਰ ਤਾਂ ਠੰਡ ਹੀ ਬੜੀ ਸੀ। ਸੌਣ ਦਾ ਵਕਤ ਹੁਣ ਕਿੱਥੇ ਰਹਿ ਗਿਆ ਸੀ। ਉਹ ਲਾਲ ਸੂੰ ਬਾਰੇ ਸੋਚਣ ਲੱਗਿਆ।

ਤਾਇਆ ਮੈਂਗਲ ਦੱਸਦਾ ਹੁੰਦਾ ਲਾਲ ਸੂੰ ਚੋਬਰ ਸੀ ਪੂਰੇ ਤੌਰ ਦਾ। ਛਟੀ ਵਰਗਾ ਲੰਮਾ ਜੁਆਨ ਤੇ ਨਰੋਆ। ਕੁੜੀ ਦਾ ਨਾਉਂ ਤਾਂ ਬਸੰਤ ਕੌਰ ਸੀ, ਪਰ ਜੁਆਨੀ ਪਹਿਰੇ ਉਹ ਘਰ ਵਿੱਚ ਕਿਧਰੇ ਟਿਕ ਕੇ ਨਹੀਂ ਬੈਠਦੀ ਸੀ, ਕੌਲ਼ੇ ਕੱਛਦੀ ਫਿਰਦੀ। ਕਦੇ ਏਸ ਘਰੇ, ਕਦੇ ਓਸ ਘਰੇ। ਉੱਡਦੀ ਕਦੇ ਘੁਕਦੀ ਫਿਰਦੀ ਰਹਿੰਦੀ। ਕੁੜੀਆਂ ਨੇ ਉਹਦਾ ਨਾਉਂ 'ਭਮੀਰੀ' ਪਕਾ ਲਿਆ। ਲਾਲ ਸੂੰ ਨੂੰ ਫਿਟ-ਲਾਹਣਤਾਂ ਪੈਣ ਲੱਗੀਆਂ। ਮੁੰਡਾ-ਕੁੜੀ ਤਾਂ ਪਤਾ ਨਹੀਂ ਕਿੱਥੇ ਰੱਬ ਦੀਆਂ ਜੜ੍ਹਾਂ ਵਿੱਚ ਜਾ ਲੁਕੇ ਸਨ, ਲਾਲ ਸੂੰ ਦੇ ਪਿਓ ਨੂੰ ਸਭ ਗਰਦੋ-ਗੁਬਾਰ ਝੱਲਣਾ ਪਿਆ "ਕਾਹਨੂੰ ਜੰਮਣਾ ਸੀ ਕਬੀਆ?" ਉਹ ਨਾ ਜਿਊਂਦਾ, ਨਾ ਮਰਦਾ।

ਤੇ ਫਿਰ ਗ਼ੁਬਾਰ ਦੀ ਮਿੱਟੀ ਜਦੋਂ ਧਰਤੀ ਉੱਤੇ ਬੈਠ ਗਈ, ਸਾਫ਼ ਹਵਾ ਚੱਲਣ ਲੱਗੀ, ਓਹੀ ਲੋਕ ਸਿੱਧਾ ਬੋਲਣ ਲੱਗ ਪਏ- "ਬੜਗੋਤਿਆਂ ਦੀ ਕੁੜੀ ਸੀ, ਕੀ ਡਰ ਐਂ। ਮੁੰਡੇ ਦਾ ਕੋਈ ਦੋਸ਼ ਨ੍ਹੀਂ।"

ਭਮੀਰੀ ਦਾ ਦਾਦਾ ਨਾਨਕਾ ਢੇਰੀ 'ਤੇ ਆ ਕੇ ਵੱਸਿਆ ਸੀ। ਗੋਤ ਦਾ ਢਿੱਲੋਂ ਸੀ। ਪਿੰਡ ਤਾਂ ਸਾਰਾ ਸਿੱਧੂ-ਬਰਾੜਾਂ ਦਾ ਸੀ। ਭਮੀਰੀ ਉਰਫ਼ ਬਸੰਤ ਕੌਰ ਨੂੰ ਸਾਰਾ ਪਿੰਡ ਭੂਆ ਆਖਦਾ, ਪਰ ਲਾਲ ਸੂੰ ਰਿਹਾ ਤਾਇਆ ਚਾਚਾ ਹੀ।

ਜੱਗੇ ਦੇ ਕੰਨਾਂ ਵਿੱਚ ਸਾਂ-ਸਾਂ ਹੋਣ ਲੱਗੀ ਤੇ ਫਿਰ ਜਿਵੇਂ ਉਹਦੇ ਕੰਨ ਭੜੱਕ ਦੇ ਕੇ ਖੁੱਲ੍ਹ ਗਏ ਹੋਣ। ਉਹ ਛਾਲ ਮਾਰ ਕੇ ਬਿਸਤਰੇ ਤੋਂ ਖੜ੍ਹਾ ਹੋ ਗਿਆ। "ਬਹਾਉਲ ਪੁਰੀਏ ਤਾਂ ਸਾਡੇ ਸਿੱਧੂ-ਬਰਾੜਾਂ ਤੋਂ ਕੋਹਾਂ ਦੂਰ ਨੇ। ਮੀਤ 'ਤੇ ਮੇਰਾ ਪੂਰਾ ਹੱਕ ਐ।"

ਬੈਠਕ ਦੇ ਫ਼ਰਸ਼ ਉੱਤੇ ਜੱਗੇ ਦੇ ਪੈਰ ਉੱਡੂੰ-ਉੱਡੂੰ ਕਰਨ ਲੱਗੇ। ਉਹ ਪਰਬਤ ਜਿਹੀ ਨਿੱਗਰ-ਭਾਰੀ ਦਲੀਲ ਉੱਤੇ ਉੱਤਰ ਆਇਆ- "ਮੈਂ ਕਿਹੜਾ ਨਵੀਂ ਗੱਲ ਕੋਈ ਕਰਨ ਲੱਗਿਆਂ, ਵੱਡਿਆਂ ਨੇ ਜਦੋਂ ਪਹਿਲਾਂ ਲੀਹ ਪਾ 'ਤੀ।"

ਉਹਨੇ ਬੈਠਕ ਤੋਂ ਬਾਹਰ ਆ ਕੇ ਨਾਅਰਾ ਲਾਇਆ "ਲਾਲ ਸੂੰ ਬਾਬਾ ਜ਼ਿੰਦਾਬਾਦ!" ਜੱਗੇ ਦੀ ਤਿੱਖੀ-ਨਿੱਘਰ ਆਵਾਜ਼ ਨੇ ਜਿਵੇਂ ਅੰਬਰ ਨੂੰ ਕਾਂਬਾ ਛੇੜ ਦਿੱਤਾ ਹੋਵੇ। ਪਹੁ ਫੁੱਟਣ ਵਾਲੀ ਸੀ। ਮੀਤੋ ਦੀ ਆਮਦ ਨਾਲ ਵੱਡਾ ਤੜਕਾ ਆਪਣੇ-ਆਪ ਫੁੱਟ ਪੈਣਾ ਸੀ। ਸੂਰਜ ਵੀ ਤਾਂ ਹੁਣ ਉਹਨਾਂ ਦੇ ਪੱਖ ਵਿੱਚ ਸੀ। ਜੱਗਾ ਬੈਠਕ ਦੇ ਬਾਰ ਅੱਗੇ ਖੜ੍ਹਾ ਮੀਤੋ ਦੀ ਉਡੀਕ ਕਰਨ ਲੱਗਿਆ।◆

82

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ