ਥੰਮਣ ਅੱਗੇ-ਅੱਗੇ ਤੀਮੀਂ ਪਿੱਛੇ-ਪਿੱਛੇ। ਥੰਮਣ ਰੋਣ-ਹਾਕਾ ਹੋ ਕੇ ਤੁਰਿਆ ਜਾਵੇ। ਝੇੜਾ ਵੀ ਕਰਦੇ ਜਾਣ। ਉਨ੍ਹਾਂ ਦੇ ਉੱਚੇ ਬੋਲ ਸੁਣ ਕੇ ਰਾਹ 'ਚ ਪਹੇ ਨਾਲ ਲੱਗਦੇ ਇੱਕ ਹਾਲੀ ਨੇ ਹਲ਼ ਖੜ੍ਹਾ ਲਿਆ ਆਵਦਾ। ਬਲਦਾਂ ਨੂੰ ਬੁਸ਼ਕਰ ਮਾਰ ਕੇ ਬੋਲਿਆ ਕਿਉਂ ਬਈ ਰੱਟਾ ਕੀ ਐ ਥੋਡਾ ਦੋਮਾਂ ਦਾ?
ਥੰਮਣ ਦਾ ਤਾਂ ਬੋਲ ਨਾ ਨਿੱਕਲਿਆ, ਤੀਮੀਂ ਬੋਲਣ ਲੱਗੀ। ਥੰਮਣ ਦਾ ਉੱਤਰਿਆ ਮੂੰਹ ਦੇਖ ਕੇ ਹਾਲੀ ਕਹਿੰਦਾ ਲੈ ਬਈ, ਬਾਈ ਸਿਆਂ, ਤੂੰ ਬੋਲ ਹੁਣ। ਕੀ ਗੱਲ ਐ?
ਥੰਮਣ ਪੇਹਾ ਛੱਡ ਕੇ ਵਾਹਣ 'ਚ ਹਾਲੀ ਕੋਲ ਆ ਖੜਾ ਤੇ ਸਾਰੀ ਗੱਲ ਦੱਸੀ। ਫਿਰ ਕਹਿੰਦਾ ਭਰਾਵਾ ਖਹਿੜਾ ਛੁਡਾ ਮੇਰਾ। ਮੈਨੂੰ ਨ੍ਹੀਂ ਪਤਾ, ਇਹ ਕੌਣ ਬਲਾ ਗਲ ਪੈ 'ਗੀ ਮੇਰੇ।
ਹਾਲੀ ਪਹਿਲਾਂ ਤਾਂ ਉੱਚੀ-ਉੱਚੀ ਹੱਸਿਆ। ਫਿਰ ਥੰਮਣ ਦਾ ਮੂੰਹ ਦੇਖ ਕੇ ਉਹਨੂੰ ਗੁੱਸਾ ਚੜ੍ਹਨ ਲੱਗਿਆ। ਅੱਖਾਂ ਗਹਿਰੀਆਂ ਕਰ ’ਲੀਆਂ। ਪਰਾਣੀ ਉੱਘਰ ਕੇ ਤੀਮੀਂ ਨੂੰ ਕਹਿੰਦਾ 'ਤੁਰਦੀ ਹੋ ਜਿੱਧਰ ਨੂੰ ਜਾਣੈ। ਚੜੇਲ ਕਿਸੇ ਥਾਂ ਦੀ ਨਰੇ ਛਾਂਗ ਦੂੰ 'ਗਾ ਹੁਣੇ ਈ।'
ਤੀਮੀਂ ਡਰ 'ਗੀ ਭਾਈ। ਕੰਨ ਵਲੇਟ ਕੇ ਤੁਰਦੀ ਬਣੀ। ਇਹੋ ਜ੍ਹਾ ਤਾਂ ਥੰਮਣ ਸੀ।
"ਥੰਮਣ ਸਿੰਘ ਦੀਆਂ ਗੱਲਾਂ, ਭਾਈ ਮੈਂ ਵੀ ਸੁਣਾ ਦਿੰਨਾਂ।" ਕਾਤਰੋਂ ਆਲਿਆ ਦਾ ਮੈਂਗਲ ਬੁੜ੍ਹਾ ਦੱਸਣ ਲੱਗਿਆ। ਉਹ ਥੰਮਣ ਦੇ ਹਾਣ ਦਾ ਹੀ ਸੀ। ਕਹਿੰਦਾ "ਜਾਗਰ ਦਾ ਨਾਓਂ ਤਾਂ ਤੁਸੀਂ ਸੁਣਿਆ ਈ ਹੋਣੈਂ। ਹੱਲਿਆਂ ਤੋਂ ਥੋੜ੍ਹਾ ਚਿਰ ਪਿੱਛੋਂ ਮਰਿਐ ਉਹ। ਬੜਾ ਬਦਮਾਸ਼ ਸੀ। ਘੋੜੀ ਰੱਖਦਾ। ਦੂਰ-ਦੂਰ ਦੀ ਤੀਮੀਂ ਉਹਦੇ ਕੋਲ ਔਂਦੀ। ਛੜਾ ਸੀ। ਰੰਨ-ਕੰਨ ਤਾਂ ਕੋਈ ਹੈ ਨ੍ਹੀਂ ਸੀ। ਉਹਦੇ ਘਰ ਈ ਤੀਮੀਆਂ ਦੇ ਸੌਦੇ ਹੁੰਦੇ। ਓਦੋਂ ਅਹਿਓ ਜ੍ਹੀ ਈ ਸੀ ਭਾਈ। ਥੋੜ੍ਹੀ ਜ਼ਮੀਨ ਆਨੇ ਨੂੰ ਸਾਕ ਨਾ ਹੁੰਦਾ। ਬੰਦੇ ਦੀ ਜੁਆਨੀ ਢਲਣ ਲੱਗਦੀ ਤਾਂ ਮੁੱਲ ਦੀ ਤੀਮੀਂ ਘਰ ਲਿਆ ਬਠੌਂਦਾ। ਆਇਓਂ ਵੀ ਵੱਸ ਜਾਂਦੇ ਘਰ। ਬਸ ਏਸੇ ਕੰਮ ਦੀ ਖੱਟੀ ਖਾਂਦਾ ਸੀ ਜਾਗਰ। ਜੁਆਨੀ ਪਹਿਰੇ ਤਾਂ ਆਪ ਉਹਨੇ ਇਹ ਕੰਮ ਕੀਤੇ। ਫਿਰ ਉਹਦਾ ਘਰ ਤੀਮੀਂਆਂ ਦੇ ਲੈਣ-ਦੇਣ ਦਾ ਅੱਡਾ ਬਣ ਗਿਆ। ਪੁਲਸ ਨੂੰ ਹੱਥ 'ਚ ਰੱਖਦਾ ਜਾਗਰ। ਖਰੀਦਣ ਵਾਲੇ ਵੀ ਤੇ ਵੇਚਣ ਵਾਲੇ ਵੀ ਜਾਗਰ ਦੀ ਸਾਨੀ ਭਰਦੇ। ਉਹਦਾ ਨੁਕਲ-ਪਾਣੀ ਚੱਲੀ ਜਾਂਦਾ। ਰੋਟੀ ਪਕੌਣ ਨੂੰ ਜਾਗਰ ਕੋਲ ਨਾਈ ਹੁੰਦਾ। ਆਹ ਆਪਣੇ ਗਵਾੜ ਦਾ ਈ ਨਗਿੰਦਰ ਨਾਈ ਐ ਨਾ, ਇਹਦਾ ਬਾਪ ਸੀ ਜਿਉਂਣ ਸਿਓਂ। ਜਿਉਣ ਸਿਓਂ ਨੂੰ ਬਸ ਕੌਲੀ ਚੱਟਣ ਦਾ ਸੁਆਦ ਸੀ।"
"ਤੂੰ ਤਾਂ ਬਾਬਾ, ਥੰਮਣ ਦੀ ਗੱਲ ਕਰਦਾ ਕਰਦਾ, ਜਾਗਰ ਦੀ ਸਨੌਣ ਲਾਗਿਆ।" ਮੁਕੰਦੇ ਦੇ ਪਾੜ੍ਹੇ ਮੁੰਡੇ ਨੇ ਉਹਨੂੰ ਟੋਕ ਦਿੱਤਾ।
"ਹੱਛਿਆ, ਹਾਂ।" ਮੈਂਗਲ ਨੇ ਖੰਘ ਕੇ ਸੰਘ ਸਾਫ਼ ਜਿਹਾ ਕੀਤਾ। "ਉਹ ਗੱਲ ਕਰਦਾ ਸੀ ਮੈਂ। ਇੱਕ ਵਾਰੀ ਜਾਗਰ ਕੋਲ ਤੀਮੀਂ ਆਈ ਇੱਕ, ਬੜੀ ਛੈਲ। ਪੱਚੀ-ਤੀਹ ਸਾਲ ਤੋਂ ਵੱਧ ਨ੍ਹੀਂ ਹੋਣੀ। ਅਗਲੇ ਉਹਨੂੰ ਮੱਲੋ-ਮੱਲੀ ਕਿੱਧਰੋਂ ਪੱਟ ਕੇ ਲਿਆਏ ਸੀ। ਇਹ ਥੰਮਣ ਜਾਗਰ ਕੋਲ ਜਾਂਦਾ ਹੁੰਦਾ। ਐਮੇਂ ਬਸ ਜਾਣ ਦਾ ਭੁੱਸ ਸੀ ਇਹਨੂੰ। ਖਾਣ-ਪੀਣ ਨੂੰ ਬਾਮ੍ਹਣਾਂ ਤੋਂ ਵੀ ਭੈੜਾ। ਨਾ ਦਾਰੂ, ਨਾ ਮਾਸ। ਬਸ ਗੱਲਾਂ ਸੁਣਨ ਦਾ ਚਸਕਾ ਸੀ, ਊਂ ਮਾੜਾ ਨ੍ਹੀਂ ਸੀ। ਮੁੰਡਿਆਂ ਅਰਗਾ ਮੁੰਡਾ ਈ ਨ੍ਹੀਂ ਸੀ ਏਹ। ਧੀ-ਭੈਣ ਕੋਲ ਦੀ ਨੀਮੀਂ ਪਾ
92
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ