ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੋਭਾ ਬਣ ਗਿਆ ਹੈ। ਸ਼ਹਿਰ ਦਾ ਗੰਦਾ ਪਾਣੀ ਇਕੱਠਾ ਕਰਨਾ ਹੀ ਇਸ ਟੋਭੇ ਦੀ ਕਿਸਮਤ ਹੈ।"

"ਨਾ ਖਿੜਨ ਕੰਵਲ ਫੁੱਲ ਹੁਣ, ਪਰ ਨਾਉਂ ਤਾਂ ਕਾਇਮ ਐਂ-ਕੌਲਾਂ ਵਾਲਾ ਟੋਭਾ।" ਤੂੰ ਇਹ ਆਖ ਕੇ ਸ਼ਾਇਦ ਪਿਆਰ ਦੀ ਯਾਦਗਾਰ ਦਾ ਜ਼ਿਕਰ ਛੇੜਿਆ ਹੋਵੇਗਾ।

ਪਰ ਓਦੋਂ ਉਹਨਾਂ ਦਿਨਾਂ ਵਿੱਚ ਕੀ ਪਤਾ ਸੀ ਕਿ ਇਹ ਗੱਲਾਂ ਹੀ ਸਿਰਫ਼ ਪਿਆਰ ਦੀ ਯਾਦਗਾਰ ਬਾਕੀ ਰਹਿ ਜਾਂਦੀਆਂ ਹਨ, ਹੋਰ ਕੁਝ ਨਹੀਂ। ਠੋਸ ਤਾਂ ਕੁਝ ਵੀ ਨਹੀਂ ਹੁੰਦਾ। ਸਮਾਂ ਪਾ ਕੇ ਇਹ ਗੱਲਾਂ ਵੀ ਭੁੱਲ-ਭੁਲਾ ਜਾਂਦੀਆਂ ਹਨ। ਗੱਲਾਂ ਸਹਾਰੇ ਜ਼ਿੰਦਗੀ ਕਦੋਂ ਕੱਟੀ ਜਾ ਸਕਦੀ ਹੈ। ਨਿਰੀਆਂ ਗੱਲਾਂ ਸਹਾਰੇ ਤਾਂ ਜ਼ਿੰਦਗੀ ਦੀ ਵਾਟ ਮੁੱਕਦੀ ਨਹੀਂ। ਗੱਲਾਂ ਤਾਂ ਫ਼ੋਕਾ ਪਾਣੀ ਹੁੰਦਾ ਹੈ, ਜਿੰਨਾ ਮਰਜ਼ੀ ਰਿੜਕੋ, ਨਿੱਕਲਦਾ ਕੁਝ ਨਹੀਂ।

ਇਮਤਿਹਾਨਾਂ ਤੱਕ ਆਪਾਂ ਅੱਗੇ ਵਾਂਗ ਕਦੇ ਨਾ ਮਿਲੇ। ਤੂੰ ਆਪਣੇ ਘਰ ਪੜ੍ਹਦੀ ਰਹਿੰਦੀ, ਮੈਂ ਆਪਣੇ ਘਰ। ਕਿਸੇ ਤੋਂ ਕੋਈ ਪੜ੍ਹਾਈ ਬਾਰੇ ਵੀ ਕੁਝ ਕਦੇ ਪੁੱਛਣ ਨਾ ਆਇਆ। ਮਕਾਨਾਂ ਦੀਆਂ ਛੱਤਾਂ ਉੱਤੋਂ ਹੀ ਕਦੇ-ਕਦੇ ਤੇਰੀ ਨੂਹਾਰ ਦਿਸਦੀ ਤੇ ਇੰਝ ਹੀ ਸ਼ਾਇਦ ਤੂੰ ਮੈਨੂੰ ਕਦੇ-ਕਦੇ ਮਕਾਨ ਦੀ ਛੱਤ ਉੱਤੇ ਖੜ੍ਹੇ ਨੂੰ ਦੇਖ ਲੈਂਦੀ ਹੋਵੇਂਗੀ।

ਤੇ ਫਿਰ ਇਮਤਿਹਾਨ ਵੀ ਹੋ ਗਿਆ। ਉਹਨਾਂ ਦਿਨਾਂ ਵਿੱਚ ਆਪਾਂ ਸੈਂਟਰ ਵਿੱਚੋਂ ਬਾਹਰ ਨਿੱਕਲਦੇ ਤੇ ਇੱਕ ਦੂਜੇ ਨੂੰ ਪਰਚਿਆਂ ਬਾਰੇ ਪੁੱਛਦੇ। ਤੂੰ ਦੱਸਦੀ, ਤੇਰਾ ਪਰਚਾ ਵਧੀਆ ਹੋ ਗਿਆ। ਮੈਂ ਦੱਸਦਾ, ਮੇਰਾ ਪਰਚਾ ਵੀ ਵਧੀਆ ਹੋ ਗਿਆ। ਕਿਸੇ ਇੱਕ ਅੱਧ ਸਵਾਲ ਬਾਰੇ ਗੱਲ ਵੀ ਹੋ ਜਾਂਦੀ। ਇਹ ਸਵਾਲ ਨੂੰ ਕਿਵੇਂ ਕੀਤਾ? ਮੈਂ ਇੰਝ ਕੀਤਾ ਹੈ, ਤੂੰ ਕਿਵੇਂ ਕੀਤਾ? ਤੇ ਇੰਝ ਹੀ ਅੱਡ-ਅੱਡ ਜਿਹੇ ਹੋ ਕੇ ਆਪਾਂ ਘਰਾਂ ਨੂੰ ਤੁਰ ਪੈਂਦੇ ਤੇ ਅਗਲੇ ਪਰਚੇ ਦੀ ਤਿਆਰੀ ਕਰਨ ਲੱਗਦੇ।

ਇਮਤਿਹਾਨਾਂ ਬਾਅਦ ਆਪਾਂ ਰਾਜਪੁਰਾ ਕਾਲੋਨੀ ਵਾਲੇ ਚੁਬਾਰੇ ਵਿੱਚ ਨਹੀਂ ਗਏ। ਇੱਕ ਦਿਨ ਤੂੰ ਸਾਡੇ ਘਰ ਆਈ ਸੀ। ਇਮਤਿਹਾਨ ਖ਼ਤਮ ਹੋਣ ਤੋਂ ਇਹ ਦੋ-ਤਿੰਨ ਦਿਨ ਬਾਅਦ ਦੀ ਹੀ ਗੱਲ ਸੀ। ਸਾਡੇ ਘਰ ਵਿੱਚ ਸਾਡਾ ਕੋਈ ਨਹੀਂ ਸੀ। ਆਪਾਂ ਢੇਰ ਸਾਰੀਆਂ ਗੱਲਾਂ ਕੀਤੀਆਂ। ਜਿਵੇਂ ਪਿਛਲੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਲਈਆਂ ਹੋਣ। ਆਪਣੇ ਸੁਨਹਿਰੇ ਭਵਿੱਖ ਦਾ ਤਾਣਾ-ਬਾਣਾ ਤਿਆਰ ਕੀਤਾ। ਕਈ ਸੁਝਾਓ ਤੂੰ ਦਿੱਤੇ, ਕਈ ਸੁਝਾਓ ਮੈਂ ਦਿੱਤੇ ਤੇ ਅਖ਼ੀਰ ਫ਼ੈਸਲਾ ਇਹ ਹੋਇਆ ਕਿ ਆਪਾਂ ਇੱਥੇ ਹੀ ਸਟੇਟ ਕਾਲਜ ਵਿੱਚ ਬੀ.ਐੱਡ. ਕਰਾਂਗੇ। ਇੱਕ ਸਾਲ ਹੋਰ ਇਕੱਠੇ ਵੀ ਤਾਂ ਰਹਿ ਸਕਾਂਗੇ। ਬਾਅਦ ਵਿੱਚ ਦੋਵਾਂ ਨੂੰ ਕਿਧਰੇ ਨਾ ਕਿਧਰੇ ਨੌਕਰੀਆਂ ਮਿਲ ਜਾਣਗੀਆਂ ਤੇ ਫਿਰ ਆਪਾਂ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਕੇ ਵਿਆਹ ਕਰਵਾ ਲਵਾਂਗੇ। ਸਾਰੀ ਉਮਰ ਇਕੱਠੇ ਰਹਾਂਗੇ। ਆਪਣਾ ਕਿੰਨਾ ਚੰਗਾ ਸੰਸਾਰ ਹੋਵੇਗਾ। ਤੇ ਫਿਰ ਉਸ ਦਿਨ ਸਾਡੇ ਘਰੋਂ ਜਾਣ ਲੱਗਿਆਂ ਤੂੰ ਦੱਸਿਆ ਸੀ ਕਿ ਤੂੰ ਕੱਲ੍ਹ ਨੂੰ ਹੀ ਆਪਣੇ ਮਾਮੇ ਕੋਲ ਚੰਡੀਗੜ ਜਾ ਰਹੀ ਹੈ। ਨਤੀਜਾ ਨਿੱਕਲਣ ਤੱਕ ਓਥੇ ਹੀ ਰਹੇਂਗੀ। ਮਾਮੀ ਕੋਲ ਸਾਲ ਕੁ ਭਰ ਦੀ ਬੇਬੀ ਹੈ। ਮਾਮੀ ਵੀ ਸਰਵਿਸ ਕਰਦੀ ਹੈ। ਇਨ੍ਹਾਂ ਦਿਨਾਂ ਵਿੱਚ ਉਹਨਾਂ ਨੂੰ ਤੇਰੀ ਲੋੜ ਸੀ।

ਨਤੀਜਾ ਨਿੱਕਲਿਆ, ਆਪਾਂ ਦੋਵੇਂ ਪਾਸ ਸੀ। ਮੈਂ ਤੈਨੂੰ ਉਡੀਕ ਰਿਹਾ ਸਾਂ ਕਿ ਤੂੰ ਕਦੋਂ ਚੰਡੀਗੜ੍ਹ ਤੋਂ ਵਾਪਸ ਆਵੇਂ ਤੇ ਕਦੋਂ ਮੈਂ ਤੈਨੂੰ ਮਿਲ ਕੇ ਤੇਰੇ ਨਾਲ ਗੱਲਾਂ ਕਰਾਂ।

98

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ