ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/108

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹਦਾ ਚਿੱਤ ਭੈੜਾ ਪੈ ਜਾਂਦਾ ਜਦੋਂ ਉਹਨੂੰ ਇੱਟ ਵਰਗਾ ਪੱਕਾ ਵਿਸ਼ਵਾਸ ਹੋਣ ਲੱਗਦਾ ਕਿ ਪ੍ਰੀਤਮ ਕੌਰ ਇਸ ਹਾਲਤ ਵਿੱਚ ਉਹਨੂੰ ਬਿਲਕੁਲ ਨਹੀਂ ਪਹਿਚਾਣ ਸਕੇਗੀ। ਉਹ ਤਾਂ ਕਿੰਨਾ ਬਦਲ ਗਿਆ ਹੈ। ਕਿੰਨਾ ਢਲ ਗਿਆ ਹੈ।

ਉਹਦਾ ਛੋਟਾ ਭਾਈ ਉਸ ਤੋਂ ਚਾਰ ਸਾਲ ਛੋਟਾ ਸੀ। ਜਦੋਂ ਉਹ ਆਖ਼ਰੀ ਛੁੱਟੀ ਆਇਆ ਸੀ, ਉਹਦਾ ਮੰਗਣਾ ਹੋ ਗਿਆ ਸੀ। ਹੁਣ ਉਹਦਾ ਵਿਆਹ ਹੋ ਚੁੱਕਿਆ ਹੋਵੇਗਾ। ਵਿਆਹ ਕੀ, ਉਹਦੀ ਬਹੂ ਕੋਲ ਇੱਕ-ਦੋ ਜੁਆਕ ਵੀ ਹੋਣਗੇ। ਕਿਰਪਾਲ ਸੋਚ ਰਿਹਾ ਸੀ, ਛੋਟਾ ਭਾਈ ਜੋਗਿੰਦਰ ਅੱਡ ਨਹੀਂ ਹੋਇਆ ਹੋਵੇਗਾ। ਪ੍ਰੀਤਮ ਕੌਰ ਨੂੰ ਉਹਦਾ ਪੂਰਾ ਸਹਾਰਾ ਹੋਵੇਗਾ। ਜੋਗਿੰਦਰ ਬਹੁਤ ਨਰਮ ਮੁੰਡਾ ਹੈ। ਆਪਣੇ ਫ਼ਰਜ਼ ਦੀ ਪੂਰੀ ਪਹਿਚਾਣ ਹੈ ਉਹਨੂੰ। ਕਿਰਪਾਲ ਮਨ ਨੂੰ ਧਰਵਾਸ ਦਿੰਦਾ-'ਭਾਈ ਤਾਂ ਮੇਰਾ ਈ ਐ ਨਾ। ਉਹ ਭਰਜਾਈ ਨੂੰ ਧੱਕਾ ਨ੍ਹੀਂ ਦੇ ਸਕਦਾ। ਤੇ ਫਿਰ ਇਹ ਤਸੱਲੀ ਵੀ-'ਜਿੰਨੇ ਚਿਰ ਮਾਂ-ਪਿਓ ਬੈਠੇ ਨੇ, ਉਹ ਕਿਵੇਂ ਅੱਡ ਹੋ ਸਕਦੈ?'

ਦਿਲ ਦੀ ਤਾਰ ਤੜੱਕ ਦੇ ਕੇ ਟੁੱਟ ਜਾਂਦੀ, ਜਦੋਂ ਉਹਨੂੰ ਇਹ ਖ਼ਿਆਲ ਆਉਂਦਾ 'ਕੀ ਪਤਾ, ਮਾਂ-ਪਿਓ ਜਿਉਂਦੇ ਵੀ ਨੇ ਜਾਂ ਨਹੀਂ?' ਬਾਪੂ ਤਾਂ ਜੇ ਈ ਹੋਵੇ, ਖੰਘ ਕਿੰਨੀ ਸੀ। ਬੈਠੇ-ਬੈਠੇ ਦਾ ਦਮ ਉੱਖੜ ਜਾਂਦਾ। ਏਸ ਬੀਮਾਰੀ ਵਾਲੇ ਦਾ ਕੀ ਹੁੰਦੈ, ਸਾਹ ਆਇਆ ਨਾ ਆਇਆ।'

ਮੰਡੀ ਉਹਨੂੰ ਆਪਣੀ-ਆਪਣੀ ਲੱਗ ਰਹੀ ਸੀ। ਪਰ ਇਹ ਕੀ, ਕੋਈ ਵੀ ਜਾਣਕਾਰ ਬੰਦਾ ਅਜੇ ਤੱਕ ਉਹਨੂੰ ਨਹੀਂ ਮਿਲਿਆ। ਬੱਸ-ਅੱਡਾ ਉਹੀ ਸੀ। ਹੋਟਲ ਵਧ ਗਏ ਸਨ। ਰਿਕਸ਼ਿਆਂ ਵਾਲੇ ਵੀ। ਬੱਸ-ਅੱਡੇ ਦੇ ਇੱਕ ਪਾਸੇ ਨਵੀਆਂ ਦੁਕਾਨਾਂ ਪੈ ਗਈਆਂ। ਜਿਹਨਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਰਕਸ਼ਾਪਾਂ ਸਨ। ਉਹਦੇ ਪਿੰਡ ਨੂੰ ਜਾਣ ਵਾਲੀ ਬੱਸ ਤਿਆਰ ਖੜ੍ਹੀ ਸੀ। ਇੱਕ ਅਮਲੀ ਜਿਹਾ ਅੱਧਖੜ ਉਮਰ ਦਾ ਬੰਦਾ ਸਵਾਰੀਆਂ ਨੂੰ ਹੋਕਰੇ ਮਾਰ ਰਿਹਾ ਸੀ। ਬਿੰਦੇ-ਬਿੰਦੇ ਉਹ ਬੁੱਕਦਾ ਤੇ ਮੁੱਛਾਂ ਨੂੰ ਉਤਾਂਹ ਚੜ੍ਹਾਉਂਦਾ। ਕਿਰਪਾਲ ਬੱਸ ਵਿੱਚ ਬੈਠ ਗਿਆ। ਸਾਰੀਆਂ ਸੀਟਾਂ ਭਰ ਚੁੱਕੀਆਂ ਸਨ। ਹੋਰ ਸਵਾਰੀਆਂ ਆ ਰਹੀਆਂ ਸਨ। ਹੁਣ ਉਹ ਸੀਟਾਂ ਵਿਚਕਾਰ ਖੜ੍ਹੀਆਂ ਸਨ। ਬੱਸ ਤੁੜੀ ਦੇ ਕੋਠੇ ਵਾਂਗ ਭਰਦੀ ਜਾ ਰਹੀ ਸੀ। ਫਿਰ ਵੀ ਅਮਲੀ ਦੇ ਹੋਕਰੇ ਬੰਦ ਨਹੀਂ ਹੋਏ।

ਬੱਸ ਚੱਲ ਪਈ। ਉਹ ਉਦਾਸ ਸੀ। ਉਹਦੇ ਪਿੰਡ ਦਾ ਇੱਕ ਬੰਦਾ ਵੀ ਬੱਸ ਵਿੱਚ ਨਹੀਂ ਸੀ। ਨਵੇਂ ਮੁੰਡੇ ਉਹਦੀ ਸਿਆਣ ਵਿੱਚ ਨਹੀਂ ਆ ਰਹੇ ਸਨ। ਸੱਤ ਸਾਲਾਂ ਵਿੱਚ ਬਹੁਤ ਫ਼ਰਕ ਪੈ ਜਾਂਦਾ ਹੈ। ਦਾੜ੍ਹੀ-ਮੁੱਛਾਂ ਆ ਕੇ ਮੁੰਡੇ ਦਾ ਚਿਹਰਾ ਹੀ ਬਦਲ ਜਾਂਦਾ ਹੈ। ਆਵਾਜ਼ ਉਹ ਨਹੀਂ ਰਹਿੰਦੀ। ਖੜ੍ਹਨ ਬੋਲਣ ਦੇ ਤੌਰ-ਤਰੀਕੇ ਹੋਰ ਹੋ ਜਾਂਦੇ ਨੇ।ਉਹ ਆਪ ਵੀ ਤਾਂ ਬਦਲ ਗਿਆ ਹੈ। ਉਹਨਾਂ ਦੇ ਪਿੰਡ ਦਾ ਕੋਈ ਬੰਦਾ ਉਹਦੀ ਨਿਗਾਹ ਵਿੱਚ ਹਾਲੇ ਵੀ ਨਹੀਂ ਆਇਆ। ਪਿੰਡ ਦੇ ਕਿਸੇ ਬੰਦੇ ਨੇ ਜੇ ਉਹਨੂੰ ਦੇਖਿਆ ਵੀ ਹੋਇਆ ਤਾਂ ਉਹਨੂੰ ਪਹਿਚਾਣਿਆ ਨਹੀਂ ਹੋਵੇਗਾ। ਉਹਨੂੰ ਸ਼ਿੱਦਤ ਨਾਲ ਮਹਿਸੂਸ ਹੋ ਰਿਹਾ ਸੀ, ਉਹ ਸੱਚਮੁੱਚ ਹੀ ਬਦਲ ਗਿਆ ਹੈ। ਬੱਸ ਦੀ ਭੀੜ ਵਿੱਚ ਉਹ ਇਕੱਲਾ ਸੀ। ਸਭ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ। ਪਰ ਉਹ ਜਿਵੇਂ ਕੋਈ ਪ੍ਰਦੇਸੀ ਹੋਵੇ। ਚੁੱਪ ਬੈਠਾ, ਚਿਹਰਿਆਂ ਵੱਲ ਗਹੁ ਨਾਲ ਦੇਖ ਰਿਹਾ। ਇੱਕ ਅਜਨਬੀ, ਅਜਨਬੀ ਵੱਲ ਕੌਣ ਝਾਕਦਾ ਹੈ।

108

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ