ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/110

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬੰਦੇ ਦੇ ਮੂੰਹ ਵੱਲ ਝਾਕਿਆ ਤੇ ਝਾਕਦਾ ਹੀ ਰਹਿ ਗਿਆ। ਹੁਣ ਬੁੜ੍ਹੇ ਦੀ ਦੇਹ ਕੰਬਣ ਲੱਗੀ। ਇਹ ਕੌਣ ਹੋਇਆ? ਕਿਰਪਾਲ ਨੇ ਬੜ੍ਹੇ ਦੀ ਬਾਂਹ ਫ਼ੜ ਲਈ ਤੇ ਬੋਲਿਆ 'ਬਾਪੂ, ਮੈਨੂੰ ਪਛਾਣਿਆ ਨ੍ਹੀਂ? ਮੈਂ ਕਿਰਪਾਲ ਆਂ।'

'ਹੈਂ? ਕਿਰਪਾਲ? ਤੂੰ ਕਿਰਪਾਲ ਐਂ? ਤੂੰ ਤਾਂ ਭਾਈ....

ਪੀਤਮ ਕੌਰ ਬਿਜਲੀ ਦੀ ਤਾਰ ਲੱਗਣ ਵਾਂਗ ਝੰਜੋੜੀ ਗਈ। ਉਹ ਬੜੀ ਫ਼ੁਰਤੀ ਨਾਲ ਉੱਠੀ ਤੇ ਸਬ੍ਹਾਤ ਅੰਦਰ ਜਾ ਵੜੀ। ਅੰਦਰਲਾ ਕੁੰਡਾ ਲਾ ਲਿਆ। ਸਬ੍ਹਾਤ ਅੰਦਰ ਰਜ਼ਾਈ-ਗਦੈਲਿਆਂ ਵਾਲੇ ਵੱਡੇ ਪਲੰਘ ਦੇ ਇੱਕ ਪਾਸੇ ਟੇਢੀ ਜਿਹੀ ਹੋਕੇ ਉਹ ਇੰਜ ਬੈਠ ਗਈ ਜਿਵੇਂ ਉਹਨੇ ਕਿਸੇ ਖੂੰਖਾਰ ਜਾਨਵਰ ਤੋਂ ਆਪਣੇ ਆਪ ਨੂੰ ਬਚਾ ਲਿਆ ਹੋਵੇ।

ਬਾਪੂ ਦੀ ਦੇਹ ਖਿੰਡ ਰਹੀ ਸੀ। ਕਿਰਪਾਲ ਨੇ ਉਹਦਾ ਡੋਲ਼ਾ ਫ਼ੜਿਆ ਤੇ ਉਹਨੂੰ ਵਿਹੜੇ ਵਿੱਚ ਹੀ ਚੌਂਤਰੇ ਉੱਤੇ ਬਿਠਾ ਲਿਆ। ਬੁੜ੍ਹਾਂ ਉਹਦੇ ਵੱਲ ਝਾਕਦਾ ਤੇ ਨੀਵੀਂ ਪਾ ਲੈਂਦਾ। ਉਹਦੇ ਸੰਘ ਦੀਆਂ ਰਗਾਂ ਬੈਠ ਗਈਆਂ। ਉਹ ਰੋ ਕੇ ਬੋਲਿਆ-'ਤੂੰ ਸੱਚੀਂ ਕਿਰਪਾਲ ਐਂ?'

ਜੋਗਿੰਦਰ ਉਸ ਦਿਨ ਖੇਤ ਨਹੀਂ ਗਿਆ। ਉਹ ਪਿੰਡ ਵਿੱਚ ਡਾਕਟਰ ਕੋਲ ਆਪਣੀ ਦੋ ਕੁ ਸਾਲਾਂ ਦੀ ਕੁੜੀ ਨੂੰ ਲੈ ਕੇ ਗਿਆ ਹੋਇਆ ਸੀ। ਕੁੜੀ ਨੂੰ ਕਈ ਦਿਨਾਂ ਤੋਂ ਬੁਖਾਰ ਸੀ। ਦੁੱਧ ਨਹੀਂ ਪਚਦਾ ਸੀ। ਉਹ ਕੁੜੀ ਲੈ ਕੇ ਵਿਹੜੇ ਵਿੱਚ ਆਇਆ ਤਾਂ ਪਿਓ-ਪੁੱਤ ਦੋਵੇਂ ਗੱਲਾਂ ਕਰ ਰਹੇ ਸਨ। ਬੁੜ੍ਹਾ ਬੇਹੱਦ ਪ੍ਰਸੰਨ ਦਿਸ ਰਿਹਾ ਸੀ, ਪਰ ਉਹਦੀਆਂ ਅੱਖਾਂ ਵਿੱਚ ਪਾਣੀ ਵੀ ਵਗਦਾ। ਜੋਗਿੰਦਰ ਨੇ ਕਿਰਪਾਲ ਨੂੰ ਪਹਿਚਾਣ ਲਿਆ। ਗੋਦੀ ਚੁੱਕੀ ਕੁੜੀ ਸਮੇਤ ਉਹਨੇ ਖੜ੍ਹੇ ਹੋਏ ਕਿਰਪਾਲ ਨੂੰ ਜੱਫੀ ਪਾ ਲਈ। ਦੋਵਾਂ ਦੇ ਮਨ ਉੱਛਲ ਆਏ। ਵਰ੍ਹਾਂਢੇ ਵਿਚੋਂ ਲਿਆਕੇ ਜੋਗਿੰਦਰ ਨੇ ਮੰਜਾ ਡਾਹ ਦਿੱਤਾ। ਜੋਗਿੰਦਰ ਦੀ ਦੇਹ ਵੀ ਜਿਵੇਂ ਸੁੰਨ ਹੋ ਗਈ ਹੋਵੇ। ਉਹਨੇ ਕੁੜੀ ਬਾਪੂ ਨੂੰ ਫ਼ੜਾ ਦਿੱਤੀ। ਦੇਖਿਆ, ਪ੍ਰੀਤਮ ਕੌਰ ਕਿਧਰੇ ਨਹੀਂ ਸੀ। ਸਬ੍ਹਾਤ ਦਾ ਅੜਿਆ ਬਾਰ ਦੇਖਕੇ ਜੋਗਿੰਦਰ ਹਾਕਾਂ ਮਾਰਨ ਲੱਗਿਆ। ਬੁੜ੍ਹਾ ਵੀ ਉੱਠਿਆ। ਉਹ ਅੰਦਰੋਂ ਬੋਲਦੀ ਨਹੀਂ ਸੀ। ਜੋਗਿੰਦਰ ਤਕੜਾ ਸੀ। ਚੋਬਰ ਤੇ ਪੂਰਾ ਜੁਆਨ। ਸਬ੍ਹਾਤ ਨੂੰ ਚੂਲਾਂ ਵਾਲੇ ਤਖ਼ਤੇ ਸਨ। ਮੰਜੇ ਦੀ ਇੱਕ ਪੁਰਾਣੀ ਬਾਹੀ ਵਰਾਂਢੇ ਦੇ ਖੂੰਜੇ ਖੜ੍ਹੀ ਉਹਦੀ ਨਿਗਾਹ ਪੈ ਗਈ। ਉਹਨੇ ਇੱਕ ਤਖ਼ਤੇ ਦੀ ਚੂਲ ਕੱਢ ਲਈ। ਤਿੰਨੇ ਪਿਓ-ਪੁੱਤ ਸਬ੍ਹਾਤ ਅੰਦਰ ਜਾ ਵੜੇ। ਪ੍ਰੀਤਮ ਕੌਰ ਬੇਹੌਸ਼ ਹੋਈ ਧਰਤੀ ਉੱਤੇ ਡਿੱਗੀ ਪਈ ਸੀ। ਜੋਗਿੰਦਰ ਨੇ ਉਹਦੇ ਮੂੰਹ ਉੱਤੇ ਪਾਣੀ ਦੇ ਛਿੱਟੇ ਮਾਰੇ। ਖੁਰਚਣਾ ਲੈ ਕੇ ਉਹਦੀ ਦੰਦਲ ਭੰਨੀ। ਉਹਨੂੰ ਬਾਹੋਂ ਫ਼ੜ ਕੇ ਵਿਹੜੇ ਵਿੱਚ ਲੈ ਆਇਆ। ਮੰਜੇ ਉੱਤੇ ਪਾ ਦਿੱਤਾ।

ਤਿੰਨਾਂ ਜੀਆਂ ਦਾ ਐਨਾ ਬੁਰਾ ਹਾਲ ਦੇਖਕੇ ਹੁਣ ਕਿਰਪਾਲ ਨੂੰ ਵੀ ਚੱਕਰ ਆਉਣ ਲੱਗੇ। ਉਹਦੇ ਖਾਨੇ ਵਿੱਚ ਕੋਈ ਵੀ ਗੱਲ ਨਹੀਂ ਵੜ ਰਹੀ ਸੀ। ਜਿਵੇਂ ਉਹਦੇ ਮੱਥੇ ਦੀ ਠੀਕਰੀ ਹੁਣ ਫੁੱਟੀ, ਹੁਣ ਫੁੱਟੀ।

ਕਿਰਪਾਲ ਦੇ ਬਾਪ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਜ਼ਮੀਨ ਥੋੜੀ ਸੀ। ਉਹਨੂੰ ਜੁਆਨੀ-ਪਹਿਰੇ ਤੋਂ ਹੀ ਦਮੇ ਦੀ ਬੀਮਾਰੀ ਸੀ। ਦੋ ਮੁੰਡੇ ਸਨ। ਵੱਡਾ ਕਿਰਪਾਲ

110
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ