ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/120

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਟੈਕਸੀ ਵਿੱਚ ਬੈਠੇ ਤਾਂ ਬੁੜ੍ਹੀ ਦੀ ਨੂੰਹ ਮੈਨੂੰ ਦਰਵਾਜ਼ੇ ਵਿੱਚ ਆਈ ਖੜ੍ਹੀ ਦਿਸੀ। ਉਹ ਬੁੜ੍ਹੀ ਤੋਂ ਮੁੰਡਾ ਲੈ ਕੇ ਉਦਾਸ ਜਿਹਾ ਮੁਸਕਰਾ ਰਹੀ ਸੀ। ਮੁੰਡੇ ਨੂੰ ਟੈਕਸੀ ਵੱਲ ਝੁਕਾਅ ਕੇ ਉਸ ਨੇ ਸਾਡੇ ਕੰਨੀਂ ਉਂਗਲ ਦਾ ਇਸ਼ਾਰਾ ਵੀ ਕੀਤਾ।

ਮੁੜ ਕੇ ਅਸੀਂ ਸ਼ਹਿਰ ਦੇ ਬੱਸ ਅੱਡੇ ਉੱਤੇ ਆਏ ਤਾਂ ਉਹਨੇ ਟੈਕਸੀ ਵਾਲੇ ਨੂੰ ਕਿਹਾ ਕਿ ਰੇਲਵੇ ਸਟੇਸ਼ਨ ਤੱਕ ਸਾਨੂੰ ਛੱਡ ਆਵੇ।

ਟੈਕਸੀ ਡਰਾਈਵਰ ਨੂੰ ਉਹਨੇ ਆਪਣੇ ਪਰਸ ਵਿਚੋਂ ਸੱਠ ਰੁਪਏ ਕੱਢ ਕੇ ਦਿੱਤੇ ਤੇ ਉਹਨੂੰ ਤੁਰਦਾ ਕੀਤਾ। ਸ਼ਾਮ ਦੀ ਗੱਡੀ ਆਉਣ ਵਿੱਚ ਇੱਕ ਘੰਟਾ ਬਾਕੀ ਸੀ। ਗੁਰੂ ਨੇ ਏਸੇ ਗੱਡੀ ਵਾਪਸ ਆਪਣੇ ਸ਼ਹਿਰ ਮੁੜਨ ਦਾ ਪ੍ਰੋਗਰਾਮ ਬਣਾ ਲਿਆ।

ਗੱਡੀ ਆਉਣ ਤੱਕ ਮੈਂ ਉਹਦੇ ਨਾਲ ਰਿਹਾ। ਅਸੀਂ ਰੇਲਵੇ ਕੰਟੀਨ ਉੱਤੇ ਚਾਹ ਪੀਤੀ ਤੇ ਪਲੇਟ-ਫਾਰਮ ਦੇ ਸਿਰੇ ਵਾਲੇ ਬੈਂਚ ਉੱਤੇ ਬੈਠ ਕੇ ਏਧਰ-ਓਧਰ ਦੀਆਂ ਗੱਲਾਂ ਕਰਨ ਲੱਗੇ। ਉਹ ਖੁੱਲ੍ਹ-ਖੁੱਲ੍ਹ ਕੇ ਹੱਸ ਰਿਹਾ ਸੀ, ਹੱਸਣ ਵਾਲੀਆਂ ਹੀ ਗੱਲਾਂ ਸੁਣਾ ਰਿਹਾ ਸੀ। ਮੈਂ ਕੋਈ ਗੱਲ ਕਰਦਾ ਤਾਂ ਉਹ ਪੂਰੇ ਧਿਆਨ ਨਾਲ ਸੁਣਦਾ। ਵੀਹ ਕੁ ਮਿੰਟ ਜਦੋਂ ਏਦਾਂ ਲੰਘ ਗਏ ਤਾਂ ਮੈਂ ਉਹਦੇ ਅੱਗੇ ਹੱਥ ਜੋੜ ਦਿੱਤੇ-'ਸ਼ਿਵਾ ਦੀ ਸਮਾਧੀ ਹੁਣ ਤਾਂ ਖੋਲ੍ਹ ਦੇ ਗੁਰੂ, ਉਹ ਕੌਣ ਸੀ? ਪਹਿਲਾਂ ਤਾਂ ਤੂੰ ਕਦੇ ਉਹਨੂੰ ਮਿਲਾਇਆ ਨ੍ਹੀ।'

ਮੇਰੀਆਂ ਅੱਖਾਂ ਵਿੱਚ ਉਹਨੇ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਗੱਡ ਦਿੱਤੀਆਂ ਤੇ ਏਦਾਂ ਹੀ ਅੱਧਾ ਮਿੰਟ ਪਾਗਲਾਂ ਵਾਂਗ ਦੇਖਦਾ ਰਿਹਾ। ਇਹ ਅੱਧਾ ਮਿੰਟ ਜਿਵੇਂ ਮੇਰੇ ਲਈ ਕੋਈ ਤਲਵਾਰ ਦਾ ਫੱਟ ਹੋਵੇ। ਮੈਂ ਕਤਲ ਹੋ ਕੇ ਰਹਿ ਗਿਆ ਤੇ ਫੇਰ ਉਹਦੇ ਬੁੱਲ੍ਹ ਫਰਕੇ-ਦੱਸਾਂ?'

ਮੈਂ ਸਿਰ ਝੁਕਾਇਆ।

'ਇਹ ਸਿਮ੍ਰਿਤੀ ਸੀ।' ਕਹਿ ਕੇ ਉਹਨੇ ਆਪਣਾ ਮੂੰਹ ਪਰ੍ਹਾਂ ਕਰ ਲਿਆ ਤੇ ਚੁੱਪ ਹੋ ਗਿਆ। ਉਹ ਕੁਝ ਵੀ ਨਹੀਂ ਬੋਲ ਰਿਹਾ ਸੀ। ਲੱਗਿਆ, ਜਿਵੇਂ ਉਹ ਮੇਰੇ ਕੋਲ ਬੈਠਾ ਹੀ ਨਾ ਹੋਵੇ। ਹੁਣ ਮੈਨੂੰ ਉਹਦੀ ਇਹ ਚੁੱਪ ਮਾਰ ਰਹੀ ਸੀ।

ਸਿਮ੍ਰਿਤੀ ਬਾਰੇ ਮੈਂ ਕਾਫ਼ੀ ਸਾਰਾ ਜਾਣਦਾ ਸੀ ਪਰ ਮੈਂ ਉਹਨੂੰ ਕਦੇ ਦੇਖਿਆ ਨਹੀਂ ਸੀ।

ਜਦੋਂ ਮੈਂ ਗੁਰੂ ਦੇ ਸ਼ਹਿਰ ਐਮ. ਏ. ਦਾ ਇਮਤਿਹਾਨ ਦੇਣ ਗਿਆ ਤਾਂ ਸਬੱਬ ਨਾਲ ਹੀ ਮੈਨੂੰ ਉਹਦੇ ਨਾਲ ਲੱਗਦਾ ਇੱਕ ਚੁਬਾਰਾ ਕਿਰਾਏ ਉੱਤੇ ਮਿਲ ਗਿਆ ਸੀ। ਦੂਜੇ ਚੁਬਾਰੇ ਵਿੱਚ ਉਹ ਆਪਣੇ ਬਾਲ-ਬੱਚੇ ਸਮੇਤ ਖ਼ੁਦ ਰਹਿੰਦਾ ਸੀ। ਉਹਦੇ ਕੋਲ ਵੀ ਇਹ ਚੁਬਾਰਾ ਕਿਰਾਏ ਉੱਤੇ ਸੀ। ਦੋਵਾਂ ਚੁਬਾਰਿਆਂ ਲਈ ਪੌੜੀਆਂ ਹੀ ਸਾਂਝੀਆਂ ਸਨ। ਨਹੀਂ ਤਾਂ ਸਭ ਕੁਝ ਵੱਖਰਾ ਵੱਖਰਾ ਸੀ। ਰਸੋਈ, ਗੁਸਲਖਾਨਾ ਤੇ ਲੈਟਰਿਨ। ਦੋਵੇਂ ਚੁਬਾਰਿਆਂ ਦੇ ਵਿਹੜੇ ਵਿਚਕਾਰਲੀ ਕੰਧ ਆਦਮੀ ਤੋਂ ਉੱਚੀ ਸੀ।

ਗੁਰੂ ਦੀ ਵਹੁਟੀ ਕੋਲ ਇੱਕ ਕੁੜੀ ਸੀ। ਇੱਕ ਕੁੜੀ ਉਸ ਤੋਂ ਵੱਡੀ ਹੋਰ ਵੀ ਸੀ ਜਿਹੜੀ ਨਾਨੀ ਕੋਲ ਰਹਿੰਦੀ ਸੀ। ਗੁਰੂ ਦੇ ਹੱਸਣ ਖੇਡਣ ਵਾਲੇ ਸੁਭਾਉ ਨੇ ਮੈਨੂੰ ਉਹਦੇ ਬਹੁਤ ਨੇੜੇ ਕਰ ਦਿੱਤਾ। ਸਵੇਰੇ ਸਵੇਰੇ ਜਦੋਂ ਮੈਂ ਰਾਤ ਦੀ ਪੜ੍ਹਾਈ ਦਾ ਭੰਨਿਆ ਨਹਾ ਧੋ ਕੇ ਚਾਹ ਪੀ ਰਿਹਾ ਹੁੰਦਾ ਤਾਂ ਉਹ ਮੇਰੇ ਕੋਲ ਆ ਬੈਠਦਾ। ਚਾਹ ਨਾ ਪੀਂਦਾ, ਬੱਸ ਗੱਲਾਂ

120

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ