ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/121

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੀ ਸੁਣਾਉਂਦਾ। ਭੰਨਿਆ ਉਹ ਵੀ ਹੁੰਦਾ ਪਰ ਸ਼ਰਾਬ ਦਾ। ਮੈਨੂੰ ਉਹ ਕੁੜੀਆਂ ਦੀਆਂ ਗੱਲਾਂ ਹੀ ਸੁਣਾਉਂਦਾ ਪਰ ਉਹਨੂੰ ਮੇਰੀ ਪੜ੍ਹਾਈ ਦਾ ਖ਼ਿਆਲ ਵੀ ਰਹਿੰਦਾ। ਮੇਰੇ ਕੋਲ ਉਹ ਅੱਧੇ ਘੰਟੇ ਤੋਂ ਵੱਧ ਨਾ ਬੈਠਦਾ। ਰਾਤ ਨੂੰ ਨੌਂ ਦਸ ਵਜੇ ਮੁੜਦਾ ਤਾਂ ਮੇਰੇ ਕੋਲ ਆਉਂਦਾ ਹੀ ਨਾ। ਮੈਨੂੰ ਤਾਂ ਦੂਜੇ ਚੁਬਾਰੇ ਵਿਚੋਂ ਉਹਦੇ ਬੋਲਣ ਤੋਂ ਪਤਾ ਲੱਗਦਾ ਕਿ ਉਹ ਆ ਗਿਆ ਹੈ। ਉਹਨੂੰ ਰੋਟੀ ਖਵਾਣ ਦੇ ਆਹਰ ਵਿੱਚ ਘਰ ਦੇ ਭਾਂਡੇ ਖੜਕਦੇ।

ਇਮਤਿਹਾਨ ਦੀ ਤਿਆਰੀ ਲਈ ਇੱਕ ਮਹੀਨਾ ਪਹਿਲਾਂ ਹੀ ਮੈਂ ਓਥੇ ਜਾ ਠਹਿਰਿਆ ਸਾਂ। ਮੇਰਾ ਸੈਂਟਰ ਗੁਰੂ ਦੀ ਵਰਕਸ਼ਾਪ ਦੇ ਨੇੜੇ ਹੀ ਸੀ। ਓਥੇ ਉਹ ਕਾਰਾਂ ਦੀ ਮੁਰੰਮਤ ਦਾ ਹੈੱਡ ਮਿਸਤਰੀ ਸੀ। ਜਿਨ੍ਹਾਂ ਦਿਨਾਂ ਵਿੱਚ ਮੇਰੇ ਪਰਚੇ ਸਨ, ਪਰਚਾ ਦੇਣ ਤੋਂ ਬਾਅਦ ਮੈਂ ਗੁਰੂ ਕੋਲ ਵਰਕਸ਼ਾਪ ਵਿੱਚ ਜਾ ਬੈਠਦਾ। ਇੱਕ ਘੰਟਾ ਅੱਧਾ ਘੰਟਾ ਬੈਠ ਕੇ ਓਥੇ ਮਕੈਨਿਕਾਂ ਦੀਆਂ ਗੱਲਾਂ ਸੁਣਦਾ ਤੇ ਆਪਣੇ ਆਪ ਨੂੰ ਹੌਲਾ ਕਰ ਲੈਂਦਾ। ਗੁਰੂ ਦਾ ਅਸਲੀ ਨਾਉਂ ਤਾਂ ਰਾਜ ਕੁਮਾਰ ਸੀ ਪਰ ਉਹਨੂੰ ਵਰਕਸ਼ਾਪ ਦੇ ਸਾਰੇ ਲੋਕ ਗੁਰੂ ਕਹਿੰਦੇ ਸਨ, ਵਰਕਸ਼ਾਪ ਦਾ ਮਾਲਕ ਵੀ। ਸ਼ਹਿਰ ਦੀ ਇਹ ਇੱਕ ਵੱਡੀ ਵਰਕਸ਼ਾਪ ਸੀ। ਵੱਡੇ-ਵੱਡੇ ਲੋਕਾਂ ਦੀਆਂ ਕਾਰਾਂ ਆਉਂਦੀਆਂ। ਮਕੈਨਿਕ ਮੁੰਡੇ ਬਹੁਤਾ ਕਰਕੇ ਔਰਤਾਂ ਦੀਆਂ ਗੱਲਾਂ ਕਰਦੇ। ਅਜੀਬ ਕਿਸਮ ਦੀਆਂ ਗੱਲਾਂ,ਮੈਂ ਸੁਣਦਾ ਤੇ ਹੈਰਾਨ ਹੁੰਦਾ। ਪੈਸੇ ਦੀ ਖ਼ਾਤਰ ਚੰਗੇ ਚੰਗੇ ਖਾਨਦਾਨਾਂ ਦੀਆਂ ਕੁੜੀਆਂ ਕਿੰਨਾ ਗਿਰ ਜਾਂਦੀਆਂ ਹਨ, ਫੈਸ਼ਨ ਪੂਰਾ ਕਰਨ ਲਈ ਹੀ ਜਾਂ ਗ਼ਰੀਬ ਘਰਾਂ ਦੀਆਂ ਕੁੜੀਆਂ ਨੂੰ ਪੈਸੇ ਲਈ ਕਿੱਥੇ ਤੱਕ ਥੱਲੇ ਉੱਤਰ ਜਾਣਾ ਪੈਂਦਾ ਹੈ।

ਗੁਰੂ ਮਕੈਨਿਕ ਮੁੰਡਿਆਂ ਦਾ ਹਰ ਗੱਲ ਵਿੱਚ ਗੁਰੂ ਸੀ। ਹਰ ਕੋਈ ਆ ਕੇ ਆਪਣਾ ਕਿੱਸਾ ਸੁਣਾਉਂਦਾ ਤੇ ਉਹਦੇ ਕੋਲੋਂ ਸਲਾਹਾਂ ਲੈਂਦਾ। ਗੁਰੂ ਉਨ੍ਹਾਂ ਮੁੰਡਿਆਂ ਦੇ ਘਰਾਂ ਤੱਕ ਵੀ ਪਹੁੰਚਿਆ ਹੋਇਆ ਸੀ। ਉਨ੍ਹਾਂ ਦੀਆਂ ਆਰਥਿਕ ਔਕੜਾਂ ਨੂੰ ਵੀ ਜਾਣਦਾ। ਉਹਨੂੰ ਪਤਾ ਸੀ, ਕਿਸ ਦੇ ਘਰ ਵਿੱਚ ਕੀ ਲੋੜ ਹੈ ਤੇ ਉਹ ਕਿਵੇਂ ਪੂਰੀ ਹੋਵੇਗੀ। ਮੁੰਡੇ ਨੂੰ ਗਾਲ੍ਹਾਂ ਦੇਣ ਲੱਗਦਾ-'ਸਾਲ਼ਿਆ, ਇੱਕ ਰਾਤ ਦੇ ਪੰਜਾਹ ਪੰਜਾਹ ਚੱਬ ਦਿੰਨੈ, ਲਾਲੇ ਤੋਂ ਸੌ ਰੁਪਈਆ ਐਡਵਾਂਸ ਲੈ ਅੱਜ ਈ ਤੇ ਬੁੜ੍ਹੀ ਨੂੰ ਦੇ ਕੇ ਆ।'

ਐਮ. ਏ. ਦੇ ਚਾਰ ਪਰਚੇ ਸਨ। ਚਾਰਾਂ ਪਰਚਿਆਂ ਵਿਚਕਾਰ ਤਿੰਨ ਤਿੰਨ, ਚਾਰ ਚਾਰ ਦਿਨਾਂ ਦੀਆਂ ਛੁੱਟੀਆਂ ਸਨ। ਸੋ ਮੈਂ ਲਗਭਗ ਡੇਢ ਮਹੀਨਾ ਉਸ ਚੁਬਾਰੇ ਵਿੱਚ ਠਹਿਰਿਆ ਸਾਂ।

ਗੁਰੂ ਦੀ ਵਰਕਸ਼ਾਪ ਦੇ ਸਾਹਮਣੇ ਵਾਲਾ ਮਕਾਨ ਇੱਕ ਰਿਟਾਇਰਡ ਖ਼ਜ਼ਾਨਚੀ ਦਾ ਸੀ। ਸਿਮ੍ਰਿਤੀ ਏਸੇ ਖ਼ਜ਼ਾਨਚੀ ਦੀ ਕੁੜੀ ਸੀ।

ਜਿਸ ਦਿਨ ਮੇਰਾ ਚੌਥਾ ਪਰਚਾ ਸੀ, ਗੁਰੂ ਬੋਤਲ ਲੈ ਕੇ ਮੇਰੇ ਚੁਬਾਰੇ ਵਿੱਚ ਆਇਆ ਤੇ ਅਸੀਂ ਇਕੱਠੇ ਬੈਠਕੇ ਸ਼ਰਾਬ ਪੀਤੀ। ਉਸ ਦਿਨ ਉਹਨੇ ਸਿਮ੍ਰਿਤੀ ਦੀ ਕਥਾ ਮੈਨੂੰ ਸੁਣਾਈ ਸੀ।

ਸਿਮ੍ਰਿਤੀ ਤੇ ਉਹ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ। ਗੁਰੂ ਦਾ ਜੱਦੀ ਘਰ ਵੀ ਸਿਮ੍ਰਿਤੀ ਦੇ ਗਵਾਂਢ ਵਿੱਚ ਸੀ। ਦੋਵਾਂ ਵਿੱਚ ਪਿਆਰ ਦੀ ਗੰਢ ਬਹੁਤ ਕਸੀ ਜਾ ਚੁੱਕੀ ਸੀ। ਕਾਲਜ ਵਿੱਚ ਤਾਂ ਉਹ ਘੱਟ ਮਿਲਦੇ ਪਰ ਰਾਤ ਨੂੰ ਗੁਰੂ ਸਿਮ੍ਰਿਤੀ ਕੋਲ ਹਮੇਸ਼ਾਂ ਜਾਂਦਾ। ਉਹ ਅੱਡ ਹੀ ਇੱਕ ਕਮਰੇ ਵਿੱਚ ਇਕੱਲੀ ਪੜ੍ਹਦੀ ਤੇ ਓਥੇ ਹੀ ਸੌਂ ਜਾਂਦੀ। ਅੱਧੀ

ਲਗਾਓ
121