ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/131

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

'ਓਥੇ ਮੈਂ ਪੰਦਰਾਂ ਸਾਲ ਲਾਏ ਹੋਣਗੇ, ਭਾਈ। ਫੇਰ ਮੈਂ ਆਪਣੇ ਪਿੰਡ ਬਦਲੀ ਕਰਵਾ ਲੀ ਸੀ। ਸਰਵਿਸ ਦੇ ਵੀ ਦੋ-ਚਾਰ ਸਾਲ ਈ ਰਹਿੰਦੇ ਸੀ।'

'ਹਣ ਵੀ ਕਦੇ ਗਏ ਓਂ, ਦਿਆਲਪੁਰੇ?'

'ਹਾਂ ਭਾਈ, ਮੈਂ ਤਾਂ ਜਾਂਦਾ ਈ ਰਹਿਨਾਂ। ਕਈ ਘਰਾਂ ਨਾਲ ਓਥੇ ਮੇਰੀ ਖ਼ੁਸ਼ੀ-ਗ਼ਮੀ ਦੀ ਸਾਂਝ ਐ। ਜਾਈਂ ਦੈ। ਕਦੇ ਵਿਆਹ, ਕਦੇ ਭੋਗ 'ਤੇ।'

'ਉਹਨਾਂ ਦਾ ਕੀ ਹਾਲ ਐ, ਸਾਡਿਆਂ ਦਾ?' ਉਹ ਜੰਗੇ ਤੇ ਮੋਦਨ ਬਾਰੇ ਪੁੱਛ ਰਹੀ ਸੀ।

'ਉਹ ਠੀਕ ਨੇ, ਭਾਈ। ਮੌਜਾਂ 'ਚ ਨੇ। ਹੁਣ ਤਾਂ ਖੇਤੀ ਦਾ ਕੰਮ ਖਾਸਾ ਵਧਾਈ ਬੈਠੇ ਨੇ। ਪਰ ਅੱਡ ਹੋ 'ਗੇ।' ਆਪਣੇ ਭਰਾਵਾਂ ਬਾਰੇ ਸੁਣ ਰਹੀ ਉਹ ਅੱਧ ਕੁ ਦੀ ਹੋ ਕੇ ਬੈਠੀ ਹੋਈ ਸੀ।

'ਜਵਾਕ-ਜੱਲੇ ਕੀਹ ਨੇ, ਦੋਵਾਂ ਦੇ?'

'ਐਨਾ ਤਾਂ, ਭਾਈ ਮੈਨੂੰ ਪਤਾ ਨ੍ਹੀ। ਊਂ ਜੁਆਕ ਹੈਗੇ ਦੋਹਾਂ ਦੇ। ਉਹ ਤਾਂ ਤੇਰੇ ਹੁੰਦੇ ਵੀ ਸੀ, ਮੈਂ ਕਹਿਨਾਂ। ਉਹਨਾਂ ਦਾ ਇੱਕ ਮੁੰਡਾ ਸਕੂਲ ਵੀ ਆਉਂਦਾ ਹੁੰਦਾ।'

'ਨਹੀਂ ਛੋਟੀ ਬਹੂ ਦੇ ਹਾਲੇ ਕੋਈ ਜੁਆਕ ਨ੍ਹੀ ਸੀ। ਵੱਡੀ ਦੇ ਸੀ-ਇੱਕ ਮੁੰਡਾ, ਇੱਕ ਕੁੜੀ। ਮੁੰਡਾ ਜੱਸੀ ਥੋਡੇ ਕੋਲੇ ਪੜ੍ਹਦਾ ਹੁੰਦਾ ਸੀ।

ਇੱਕ ਗੱਲ ਜਿਹੜੀ-ਮੇਰੇ ਬੁੱਲ੍ਹਾ 'ਤੇ ਵਾਰ-ਵਾਰ ਆ ਕੇ ਰੁਕ ਜਾਂਦੀ, ਉਹ ਮੈਂ ਪੁੱਛ ਹੀ ਲਈ-'ਤੂੰ ਭਾਈ ਸੀਬੋ, ਐਥੇ ਕਿਵੇਂ ਪਹੁੰਚੀ ਫੇਰ?'

'ਕਿਸਮਤ ਮੇਰੀ ਚੱਕ ਲਿਆਈ, ਮਾਸਟਰ ਜੀ।' ਉਹਦੀਆਂ ਅੱਖਾਂ ਦੇ ਕੋਏ ਗਿੱਲੇ ਸਨ। ਸਾੜ੍ਹੀ ਦੇ ਪੱਲੇ ਨਾਲ ਉਹਨੇ ਆਪਣਾ ਨੱਕ ਘੁੱਟਿਆ।

ਚਾਹ ਅਸੀਂ ਪੀ ਚੁੱਕੇ ਸਾਂ। ਉਹਦੀਆਂ ਕੁੜੀਆਂ ਅੰਦਰ ਸਨ। ਮੈਂ ਉਹਦੇ ਨਾਲ ਭੇਤ ਭਰੀਆਂ ਗੱਲਾਂ ਕਰਨ ਲੱਗਿਆ-'ਬੱਲਾ ਪਿੰਡੋਂ ਤੈਨੂੰ ਕਿੱਥੇ ਲੈ ਗਿਆ ਸੀ?'

'ਪਿੰਡੋਂ ਨਿਕਲ ਕੇ ਅਸੀਂ ਤੜਕੇ ਦੀ ਗੱਡੀ ਚੜ੍ਹੇ ਸੀ। ਖਾਸਾ ਨ੍ਹੇਰਾ ਸੀ। ਟੇਸ਼ਣ ਤੱਕ ਤੁਰ ਕੇ ਆਏ।

'ਐਨੀ ਵਾਟ?'

'ਹੋਰ ..... ਬੱਸ ਤੁਰੇ ਆਏ।'  'ਗੱਡੀ ਚੜ੍ਹਕੇ ਕਿੱਥੇ ਪਹੁੰਚੇ?'

'ਬਠਿੰਡੇ।'

'ਓਥੋਂ ਫੇਰ?'

'ਬਠਿੰਡਿਓਂ ਫੇਰ ਗੱਡੀ ਫ਼ੜ 'ਲੀ। ਦਿੱਲੀ ਜਾ ਪਹੁੰਚੇ। ਦਿੱਲੀ ਬੱਲਾ ਮੈਨੂੰ ਆਪਣੀ ਭੂਆ ਦੇ ਮੁੰਡੇ ਕੋਲ ਲੈ ਗਿਆ। ਉਹ ਪਹਿਲਾਂ ਉਹਦੇ ਨਾਲ ਗੱਲ ਕਰਕੇ ਗਿਆ ਸੀ। ਉਹ ਓਥੇ ਟੈਕਸੀ ਚਲਾਉਂਦਾ ਸੀ। ਦਿੱਲੀਓਂ ਉਹਨੇ ਸਾਨੂੰ ਕਲਕੱਤੇ ਦੀ ਗੱਡੀ ਚੜ੍ਹਾ ਤਾ।'

'ਓਥੇ ਜਾ ਕੇ ਕਿੱਥੇ ਰਹੇ?'

'ਬੱਲਾ ਦਿੱਲੀਓਂ ਭੂਆ ਦੇ ਮੁੰਡੇ ਤੋਂ ਚਿੱਠੀ ਲੈ ਕੇ ਗਿਆ ਸੀ। ਕਲਕੱਤੇ ਉਹਦਾ ਇੱਕ ਬੰਦਾ ਸੀ। ਉਹਦੇ ਕੋਲ ਟਰੱਕ ਸੀ ਕਈ। ਅਸੀਂ ਇੱਕ ਕਮਰਾ ਲੈ ਕੇ ਰਹਿਣ ਲੱਗੇ। ਬੱਲਾ ਟਰੱਕ 'ਤੇ ਲੱਗ ਗਿਆ। ਰਾਤ ਨੂੰ ਘਰ ਆ ਜਾਂਦਾ। ਕਦੇ ਨਾ ਵੀ ਆਉਂਦਾ। ਮੈਂ 'ਕੱਲੀ ਡਰਦੀ ਨ੍ਹੀ ਸੀ।'

ਤੀਰਥ

131