ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤੇਲ ਤੇ ਗੁੜ ਲੈਣ ਆਇਆ। ਚਾਹ ਬਣ ਚੁੱਕੀ ਸੀ।

ਕੰਡਲ ਵਾਲੀ ਥਾਂ ਉੱਤੇ ਉਹਨੇ ਤੇਲ ਚੋਇਆ ਤੇ ਗੁੜ ਦੀ ਰੋੜੀ ਰੱਖ ਕੇ ਮੱਥਾ ਟੇਕਿਆ। ਇੱਕ ਰੋੜੀ ਮੂੰਹ ਵਿੱਚ ਪਾ ਲਈ ਤੇ ਫੇਰ ਦੋਵੇਂ ਕੰਨਾਂ ਨੂੰ ਛੂਹ ਕੇ ਖੁਆਜਾ ਪੀਰ ਧਿਆਇਆ। ਦੂਜੇ ਬਿੰਦ ਹੀ ਉਹ ਸੱਬਲ ਨਾਲ ਮਿੱਟੀ ਪੁੱਟਣ ਲੱਗਿਆ। ਪਿੱਤਲ ਦੀ ਬਾਟੀ ਨਾਲ ਮਿੱਟੀ ਬਾਹਰ ਕੱਢਦਾ।

ਚਾਹ ਦਾ ਗਿਲਾਸ ਲਿਆ ਕੇ ਫੜਾਇਆ ਤਾਂ ਉਹ ਮੈਨੂੰ ਕਹਿੰਦਾ, 'ਲੈ ਮਾਸਟਰ, ਛੋਟੇ ਮੁੰਡੇ ਨੂੰ ਤਾਂ ਬਿਠਾ ਮੇਰੇ ਕੋਲ। ਕੋਈ ਜ਼ਰੂਰਤ ਪੈ ਜਾਂਦੀ ਐ। ਚਾਹ ਪੀ ਕੇ ਤੂੰ ਆਪ ਮਜ਼ਦੂਰ ਲਿਆ ਇੱਕ ਝੱਟ ਦੇ ਕੇ। ਰੱਸੇ ਦਾ ਬੰਦੋਬਸਤ ਵੀ ਕਰ ਦੇ।'

ਸਵੇਰ ਦੇ ਅੱਠ ਅਜੇ ਵਜੇ ਨਹੀਂ ਸਨ। ਮੈਂ ਸਾਈਕਲ ਲੈ ਕੇ ਦਬਾ ਸੱਟ ਛੱਤੇ ਖੂਹ ਕੋਲ ਮਜ਼ਦੂਰ-ਮੰਡੀ ਵਿੱਚ ਗਿਆ, ਤੇ ਇੱਕ ਨਰੋਆ ਜਿਹਾ ਮਜ਼ਦੂਰ-ਮੁੰਡਾ ਆਪਣੇ ਸਾਈਕਲ ਮਗਰ ਬਿਠਾ ਲਿਆਇਆ। ਮੇਰੇ ਆਉਂਦੇ ਨੂੰ ਉਹ ਆਪਣਾ ਕੁੜਤਾ-ਚਾਦਰਾ ਉਤਾਰ ਕੇ ਟੋਏ ਵਿੱਚ ਬੈਠਾ ਹੋਇਆ ਸੀ। ਸਿਰ ਦਾ ਸਾਫਾ ਨਹੀਂ ਲਾਹਿਆ ਸੀ। ਤੇੜ ਇਕੱਲੀ ਨਿੱਕਰ ਸੀ। ਸੱਬਲ ਨਾਲ ਮਿੱਟੀ ਪੁੱਟ-ਪੁੱਟ ਕੇ ਉਹ ਬਾਟੀ ਭਰਦਾ ਤੇ ਆਪਣੇ ਸਿਰ ਉੱਤੇ ਦੀ ਮਿੱਟੀ ਟੋਏ 'ਚੋਂ ਬਾਹਰ ਵਗਾਹ ਮਾਰਦਾ। ਮੈਨੂੰ ਉਹ ਉਸ ਜਾਨਵਰ ਵਰਗਾ ਲੱਗਿਆ ਜੋ ਆਪਣੀ ਖੁੱਡ ਵਿੱਚ ਵੜ ਕੇ ਆਪਣੇ ਪਿਛਲੇ ਪੈਰਾਂ ਨਾਲ ਮਿੱਟੀ ਬਾਹਰ ਕੱਢਦਾ ਤੁਰਿਆ ਜਾਂਦਾ ਹੈ। ਮੁਹਰਲੇ ਪੈਰਾਂ ਨਾਲ ਖੁਰਚਦਾ ਤੇ ਮਗਰਲੇ ਪੈਰਾਂ ਨਾਲ ਬਾਹਰ ਕੱਢਦਾ ਹੈ। ਇੰਜ ਹੀ ਖੁੱਡ ਨੂੰ ਡੂੰਘੀ ਕਰਦਾ ਤੁਰਿਆ ਜਾਂਦਾ ਹੈ।

ਵਿਹੜੇ ਵਿੱਚ ਪੰਜ ਫੁੱਟ ਭਰਤ ਪਾਈ ਹੋਈ ਸੀ। ਮੈਂ ਉਹਨੂੰ ਪੁੱਛਿਆ ਕਿ ਪੱਕੀ ਮਿੱਟੀ ਸ਼ੁਰੂ ਹੋ ਗਈ ਹੈ ਜਾਂ ਅਜੇ ਨਹੀਂ। ਉਹਨੇ ਟੋਏ ਵਿਚੋਂ ਹੀ ਜਵਾਬ ਦਿੱਤਾ ਕਿ ਅਜੇ ਤਾਂ ਓਪਰੀ ਮਿੱਟੀ ਹੀ ਚੱਲ ਰਹੀ ਹੈ।

'ਭਰਤ ਕਿੰਨੇ ਫੁੱਟ ਐ ਐਥੇ?' ਉਹਨੇ ਪੁੱਛਿਆ। ਮੈਂ ਉਹਨੂੰ ਦੱਸ ਦਿੱਤਾ।

ਉਹ ਕਹਿੰਦਾ-'ਫੇਰ ਤਾਂ ਬੱਸ....।' ਤੇ ਫੇਰ ਸੱਬਲ ਮਾਰ ਕੇ ਬੋਲਿਆ-'ਆਹਾ, ਹੁਣ ਲੱਗੀ ਐ ਪੱਕੀ ਮਿੱਟੀ 'ਚ।

ਜਦੋਂ ਮੈਂ ਇਹ ਮਕਾਨ ਬਣਵਾਇਆ ਸੀ ਤਾਂ ਦੀਵਾਰਾਂ ਦੀਆਂ ਨੀਹਾਂ ਨਹੀਂ ਪੁੱਟੀਆਂ ਗਈਆਂ ਸਨ। ਉੱਤੋਂ ਹੀ ਕੰਧਾਂ ਚੁੱਕ ਲਈਆਂ। ਰੋੜਾਂ ਵਾਲੀ ਧਰਤ ਸੀ। ਰੋੜਾਂ ਦਾ ਜੱਕ ਬਹੁਤ ਮਜ਼ਬੂਤ ਸੀ। ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਕਦੇ ਨੀਹਾਂ ਦੱਬ ਜਾਣਗੀਆਂ। ਰੋੜਾਂ ਵਾਲੀ ਨਿੱਗਰ ਤਹਿ ਦਾ ਪਤਾ ਮੈਨੂੰ ਓਦੋਂ ਹੀ ਲੱਗ ਗਿਆ ਸੀ ਜਦੋਂ ਮਕਾਨ-ਉਸਾਰੀ ਤੋਂ ਪਹਿਲਾਂ ਨਲਕਾ ਲਗਵਾਇਆ ਸੀ। ਰੋੜਾਂ ਤੋਂ ਥੱਲੇ ਚਿਕਣੀ ਮਿੱਟੀ ਤੇ ਫੇਰ ਸਖ਼ਤ ਪਾਂਡੂ ਦਾ ਵੀ ਮੈਨੂੰ ਪਤਾ ਸੀ। ਨਲਕਾ ਲਾਉਣ ਵਾਲਾ ਮਿਸਤਰੀ ਕਿੰਨਾਂ ਬੁੜਬੁੜ ਕਰਦਾ ਰਿਹਾ। ਉਹਦੀਆਂ ਦੋ ਦਿਹਾੜੀਆਂ ਲੱਗ ਗਈਆਂ। ਨਹੀਂ ਤਾਂ ਉਹ ਆਪ ਹੀ ਦੱਸਦਾ ਸੀ, ਅੱਧੇ ਦਿਨ ਵਿੱਚ ਨਲਕਾ ਚੱਲਦਾ ਕਰਕੇ ਔਹ ਮਾਰੀਦਾ ਹੈ। ਸੋ ਮੇਰੇ ਮਨ ਵਿੱਚ ਪਹਿਲਾਂ ਹੀ ਡਰ ਸੀ ਕਿ ਬੋਰ-ਟੱਟੀ ਬਣਾਉਣ ਵਾਲਾ ਇਹ ਆਦਮੀ ਜ਼ਰੂਰ ਪੈਸਿਆਂ ਪਿੱਛੇ ਝਗੜਾ ਪਾਵੇਗਾ। ਇਹਦੇ ਨਾਲ ਪੈਸਿਆਂ ਵਾਲੀ ਗੱਲ ਹੁਣੇ ਖੋਲ੍ਹ ਲੈਣੀ ਚਾਹੀਦੀ ਹੈ। ਮੈਂ ਉਹਦਾ ਨਾਉਂ ਨਹੀਂ ਜਾਣਦਾ ਸਾਂ। ਨਾ ਹੀ ਮੈਨੂੰ ਇਹ ਪਤਾ ਸੀ

134

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ